ਬੀ. ਐੱਸ. ਐੱਫ. ਨੇ ਸਿੰਬਲ ਸਕੋਲ ਪੋਸਟ ਨੇੜੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ, ਸੁਰੱਖਿਆ ਏਜੰਸੀਆਂ ਚੌਕਸ

04/26/2018 1:31:19 AM

ਬਮਿਆਲ/ਪਠਾਨਕੋਟ,  (ਮੁਨੀਸ਼, ਆਦਿਤਯ)—  ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਬੀਤੇ ਐਤਵਾਰ ਦੀ ਰਾਤ ਨੂੰ 2 ਸ਼ੱਕੀ ਵਿਅਕਤੀਆਂ ਵੱਲੋਂ ਇਕ ਗੁੱਜਰ ਦੀ ਕਾਰ ਖੋਹ ਕੇ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਜਿਥੇ ਪੰਜਾਬ ਪੁਲਸ, ਸੈਨਾ ਤੇ ਬੀ. ਐੱਸ. ਐੱਫ. ਵੱਲੋਂ ਸਾਂਝੇ ਤੌਰ 'ਤੇ ਸਰਚ ਆਪ੍ਰੇਸ਼ਨ ਚਲਾ ਕੇ ਉਕਤ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਉਥੇ ਅੱਜ ਉਕਤ ਸਰਹੱਦ ਨਾਲ ਲੱਗਦੇ ਸਿੰਬਲ ਸਕੋਲ ਪੋਸਟ ਨੇੜੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਰਹੱਦ ਨੇੜੇ ਘੁੰਮਦੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। 
ਬੀ. ਐੱਸ. ਐੱਫ. ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਸ਼ੱਕੀ ਵਿਅਕਤੀ ਦੀ ਪਛਾਣ ਜਫਰ ਅਲੀ ਪੁੱਤਰ ਸ਼ਾਹਿਦ ਅਲੀ ਨਿਵਾਸੀ ਜ਼ਿਲਾ ਮਹਾਰਾਜਗੰਜ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਬੀ. ਐੱਸ. ਐੱਫ. ਵੱਲੋਂ ਉਕਤ ਵਿਅਕਤੀ ਦਾ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਉਸ ਨੂੰ ਬੀ. ਐੱਸ. ਐੱਫ. ਵੱਲੋਂ ਥਾਣਾ ਨਰੋਟ ਜੈਮਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ, ਜਿਥੇ ਪੁਲਸ ਵੱਲੋਂ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਫੜੇ ਗਏ ਸ਼ੱਕੀ ਵਿਅਕਤੀ ਬਾਰੇ ਪੁਲਸ ਚੌਕੀ ਬਮਿਆਲ ਮੁਖੀ ਤਰਸੇਮ ਚੰਦ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਸਿੰਬਲ ਸਕੋਲ ਨੇੜੇ ਬੀ. ਐੱਸ. ਐੱਫ. ਦੇ ਜਵਾਨ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਭਾਰਤੀ ਸਰਹੱਦ 'ਤੇ ਸ਼ੱਕੀ ਵਿਅਕਤੀ ਘੁੰਮਦਾ ਹੋਇਆ ਨਜ਼ਰ ਆਇਆ, ਜਿਸ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਕਾਬੂ ਕਰ ਲਿਆ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲਸ ਉਕਤ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। 


Related News