ਕਦੇ ਵੀ ਹੋ ਸਕਦਾ ਹੈ ਬੀ. ਆਰ. ਟੀ. ਐੱਸ. ਪੁਲ ’ਤੇ ਵੱਡਾ ਹਾਦਸਾ

Monday, Jun 11, 2018 - 03:40 AM (IST)

 ਅੰਮ੍ਰਿਤਸਰ,   (ਰਮਨ)-  ਵੇਰਕਾ ਬਾਈਪਾਸ ਸਥਿਤ ਰੇਲਵੇ ਓਵਰਬ੍ਰਿਜ ’ਤੇ ਇਕ ਵੱਡੀ ਖਾਮੀ ਸਾਹਮਣੇ ਆਈ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਪੁਲ ਤੋਂ ਨਿਕਲ ਰਹੀ ਰੇਤ ਦੀਆਂ ਵੀਡੀਓਜ਼ ਤੇ ਫੋਟੋਆਂ ਵਾਇਰਲ ਕਰ ਦਿੱਤੀਆਂ। ਬੀ. ਆਰ. ਟੀ. ਐੱਸ. ਪ੍ਰਾਜੈਕਟ 600 ਕਰੋਡ਼ ਪਾਰ ਕਰ ਗਿਆ ਹੋਇਆ ਹੈ ਪਰ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਜੁਲਾਈ 2017 ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਪੁਲ ਦਾ ਉਦਘਾਟਨ ਕੀਤਾ ਸੀ, ਜੋ ਕਿ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਐਤਵਾਰ ਨੂੰ ਲੋਕ ਬਰ ਗੁਰਜੀਤ ਸਿੰਘ ਅੌਜਲਾ ਨੇ ਪੁਲ ਦੀ ਜਾਂਚ ਕੀਤੀ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ। 
ਕਰਜ਼ੇ ਦੇ ਪੈਸਿਆਂ ਨਾਲ ਬਣਿਆ ਪੁਲ ਦੱਸ ਰਿਹਾ ਹੈ ਆਪਣੀ ਹਾਲਤ
ਸ਼ਹਿਰ ਵਿਚ ਜਿਥੇ ਬੀ. ਆਰ. ਟੀ. ਐੱਸ. ਦਾ ਪਹੀਆ ਫੰਡ ਕਾਰਨ ਕਈ ਵਾਰ ਰੁਕ ਚੁੱਕਾ ਹੈ, ਉਥੇ ਹੀ ਇਹ ਪੁਲ ਕੰਮ ਦੇ ਪੈਸਿਆਂ ਨਾਲ ਬਣਾਇਆ ਗਿਆ ਹੈ। ਪੁਲ ਦੀ ਤਰਸਯੋਗ ਹਾਲਤ ਪੀ. ਡਬਲਿਊ. ਡੀ. ਬੀ. ਐਂਡ ਆਰ. ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖਡ਼੍ਹਾ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਵੇਰਕਾ ਬਾਈਪਾਸ ਸਥਿਤ ਪੁਲ ’ਚ ਇਸਤੇਮਾਲ ਹੋਇਆ ਘਟੀਆ ਮਟੀਰੀਅਲ ਸਲੈਬ ’ਚੋਂ ਨਿਕਲਣ ਲੱਗਾ ਹੈ ਅਤੇ ਅਧਿਕਾਰੀਆਂ ਨੇ ਆਪਣੀਅਾਂ ਕਮੀਆਂ ਨੂੰ ਢਕਣ ਲਈ ਫਾਈਬਰ ਟੇਪ ਲਾ ਕੇ ਉਸ ਨੂੰ ਬੰਦ ਕਰਨਾ ਸ਼ੁਰੂ ਕੀਤਾ ਪਰ ਇਸ ਦੇ ਬਾਵਜੂਦ ਮਟੀਰੀਅਲ ਡਿੱਗਦਾ ਰਿਹਾ ਅਤੇ ਅਧਿਕਾਰੀਆਂ ਦੇ ਕੰਮ ਦੀ ਪੋਲ ਖੁੱਲ੍ਹ ਗਈ। ਜਿਸ ਅਧਿਕਾਰੀ ਨੇ ਪੁਲ ਨੂੰ ਬਣਾਇਆ ਸੀ ਉਹ ਆਪਣਾ ਇਕ ਦਿਨ ਪਹਿਲਾਂ ਹੀ ਤਬਾਦਲਾ ਕਰਵਾ ਕੇ ਕਿਤੇ ਹੋਰ ਚਲਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਉਪਰੰਤ ਅੌਜਲਾ ਨੇ ਮੌਕੇ ਦੇ ਦੌਰੇ ਦੌਰਾਨ ਇਸ ਵਿਚ ਜੁਡ਼ੇ ਅਧਿਕਾਰੀਆਂ ’ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੀ. ਡਬਲਿਊ. ਡੀ. ਮਨਿਸਟਰ ਨੂੰ ਲਿਖਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਦੀ ਇਸ ਪੁਲ ਤੋਂ ਆਏ ਦਿਨ ਬੱਜਰੀ ਨਿਕਲਦੀ ਹੈ ਅਤੇ ਲੋਕ ਬੱਜਰੀ ਇਥੋਂ ਲੈ ਕੇ ਆਪਣੇ ਘਰਾਂ ਨੂੰ ਲਿਜਾ ਰਹੇ ਹਨ।  ਇਸ ਨੂੰ ਠੀਕ ਕਰਵਾਇਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ, ਜਿਸ ਦੇ ਜ਼ਿੰਮੇਦਾਰ ਪੀ. ਡਬਲਿਊ. ਡੀ. ਦੇ ਅਧਿਕਾਰੀ ਹੋਣਗੇ।  
 


Related News