ਬੀ. ਓ. ਪੀਏਜ਼ ''ਚ ਵੀ ਭਰਿਆ ਪਾਣੀ

Friday, Jun 30, 2017 - 02:52 AM (IST)

ਬੀ. ਓ. ਪੀਏਜ਼ ''ਚ ਵੀ ਭਰਿਆ ਪਾਣੀ

ਅੰਮ੍ਰਿਤਸਰ,  (ਨੀਰਜ)-  ਪਿਛਲੇ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਨਾਲ ਜਿਥੇ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਹੈ ਉਥੇ ਹੀ ਬਾਰਡਰ 'ਤੇ ਵੀ ਫੈਂਸਿੰਗ ਦੇ ਦੋਹਾਂ ਪਾਸੇ ਪਾਣੀ ਭਰ ਗਿਆ ਹੈ। ਸੰਵੇਦਨਸ਼ੀਲ ਬੀ. ਓ. ਪੀਜ਼ 'ਚ ਤਾਂ ਹਾਲਾਤ ਹੋਰ ਜ਼ਿਆਦਾ ਨਾਜ਼ਕ ਬਣ ਜਾਂਦੇ ਹਨ ਪਰ ਬੀ. ਐੱਸ. ਐੱਫ. ਦੇ ਜਵਾਨ ਜਿਥੇ ਹਰ ਚੁਣੌਤੀ ਨੂੰ ਸਵੀਕਾਰ ਕਰ ਰਹੇ ਹਨ ਉਥੇ ਹੀ ਪਾਣੀ ਵਿਚ ਵੀ ਦੁਸ਼ਮਣਾਂ ਲਈ ਲੋਹੇ ਦੀ ਦੀਵਾਰ ਬਣ ਕੇ ਖੜ੍ਹੇ ਹਨ ਅਤੇ ਸਰਹੱਦ ਦੇ ਰਾਖੇ ਪਾਣੀ ਵਿਚ ਖੜ੍ਹੇ ਹੋ ਕੇ ਪਹਿਰਾ ਦੇ ਰਹੇ ਹਨ। ਇਸ ਲੋਹੇ ਦੀ ਦੀਵਾਰ ਨੂੰ ਡੇਗ ਸਕਣਾ ਪਾਕਿਸਤਾਨੀ ਸਮੱਗਲਰਾਂ ਅਤੇ ਅੱਤਵਾਦੀਆਂ ਲਈ ਨਾਮੁਮਕਿਨ ਕੰਮ ਹੈ। ਫੈਂਸਿੰਗ ਦੇ ਕੋਲ ਵਾਲੀ ਬੀ. ਓ. ਪੀਜ਼ 'ਤੇ ਇਕ ਜਵਾਨ ਨੂੰ 500 ਮੀਟਰ ਦੇ ਇਲਾਕੇ ਵਿਚ ਪਹਿਰਾ ਦੇਣਾ ਹੁੰਦਾ ਹੈ ਅਤੇ ਪਾਣੀ ਨਾਲ ਭਰੀ ਹੋਈ ਕੱਚੀ ਮਿੱਟੀ ਵਿਚ ਪਹਿਰਾ ਦੇਣਾ ਕਿੰਨਾ ਮੁਸ਼ਕਲ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਉਹ ਹੀ ਲਗਾ ਸਕਦਾ ਹੈ ਜੋ ਦੋ-ਦੋ ਫੁੱਟ ਪਾਣੀ ਵਿਚ ਖੜ੍ਹਾ ਹੈ ਹਾਲਾਂਕਿ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਟ੍ਰੇਨਿੰਗ ਵੀ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਚਾਹੇ 47 ਡਿਗਰੀ ਤਾਪਮਾਨ ਹੋਵੇ ਜਾਂ ਫਿਰ ਜ਼ੀਰੋ ਡਿਗਰੀ ਸੈਲਸੀਅਸ ਬਰਫ ਜਮਾ ਦੇਣ ਵਾਲੀ ਠੰਡ ਜਾਂ ਫਿਰ ਸੰਘਣਾ ਕੋਰਾ ਅਤੇ ਧੁੰਦ ਭਾਰਤ ਦੀ ਫਸਟ ਲਾਈਨ ਆਫ ਡਿਫੈਂਸ ਯਾਨੀ ਬੀ.ਐੱਸ.ਐੱਫ. ਦੇ ਜਵਾਨ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਵਿਚ ਨਾ ਸਿਰਫ ਸਮਰੱਥ ਹਨ ਸਗੋਂ ਦੁਸ਼ਮਣਾਂ ਦੇ ਦੰਦ ਖੱਟੇ ਕਰ ਰਹੇ ਹਨ। ਰਾਵੀ ਦਰਿਆ ਦੇ ਨਾਲ ਲੱਗਦੀ ਬੀ. ਓ. ਪੀ. ਰਿਆਰ ਕੱਕੜ ਵਿਚ ਦਸ-ਦਸ ਫੁੱਟ ਉੱਚੇ ਸਰਕੰਡਿਆਂ ਵਿਚ ਲੁਕਾਈ ਗਈ ਦੋ ਕਿਲੋ ਹੈਰੋਇਨ ਨੂੰ ਜ਼ਬਤ ਕਰ ਕੇ ਇਹ ਸਾਬਤ ਹੋ ਚੁੱਕਿਆ ਹੈ ਕਿ ਬੀ.ਐੱਸ.ਐੱਫ. ਨੂੰ ਚਕਮਾ ਦੇਣਾ ਆਸਾਨ ਨਹੀਂ ਹੈ। ਪਾਕਿਸਤਾਨੀ ਸਮੱਗਲਰਾਂ ਦੇ ਹਰ ਤਰ੍ਹਾਂ ਦੇ ਹੱਥਕੰਡਿਆਂ ਨੂੰ ਬੀ.ਐੱਸ.ਐੱਫ. ਨਾਕਾਮ ਕਰ ਰਹੀ ਹੈ ਪਰ ਆਪਣੇ ਹੀ ਦੇਸ਼ ਦੇ ਗੱਦਾਰਾਂ ਨਾਲ ਨਜਿੱਠਣਾ ਬੀ. ਐੱਸ. ਐੱਫ. ਲਈ ਆਸਾਨ ਨਹੀਂ ਹੈ। ਫੈਂਸਿੰਗ ਪਾਰ ਕਰ ਕੇ ਖੇਤੀ ਕਰਨ ਵਾਲੇ ਅਤੇ ਭਾਰਤੀ ਹੱਦ ਵਿਚ ਫੈਂਸਿੰਗ ਦੇ ਨਾਲ ਲੱਗਦੀ ਜ਼ਮੀਨ 'ਤੇ ਖੇਤੀ ਕਰਨ ਵਾਲੇ ਕੁਝ ਕਿਸਾਨ ਕਿਸਾਨ ਨਹੀਂ ਸਗੋਂ ਕਿਸਾਨ ਦੇ ਭੇਸ ਵਿਚ ਸਮੱਗਲਰ ਹਨ ਜਿਨ੍ਹਾਂ ਨੂੰ ਟਰੇਸ ਕਰ ਸਕਣਾ ਆਸਾਨ ਕੰਮ ਨਹੀਂ ਹੁੰਦਾ ਹੈ ਹਾਲਾਂਕਿ ਬੀ.ਐੱਸ.ਐੱਫ., ਐੱਨ.ਸੀ.ਬੀ., ਐਂਟੀ ਸਮੱਗਲਿੰਗ ਵਿੰਗ ਵੱਲੋਂ ਵਾਰ -ਵਾਰ ਸਰਹੱਦੀ ਇਲਾਕਿਆਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਨਸ਼ੇ ਦੇ ਖਿਲਾਫ ਜਾਰੀ ਮੁਹਿੰਮ ਵਿਚ ਸੁਰੱਖਿਆ ਏਜੰਸੀਆਂ ਅਤੇ ਬੀ.ਐੱਸ.ਐੱਫ. ਦਾ ਸਾਥ ਦਿਓ ਕਿਉਂਕਿ ਹੈਰੋਇਨ ਵਰਗਾ ਨਸ਼ਾ ਹੁਣ ਪੰਜਾਬ ਦੇ ਜਵਾਨਾਂ ਨੂੰ ਵੀ ਖੋਖਲਾ ਕਰ ਰਿਹਾ ਹੈ ਕਿਉਂਕਿ ਪੰਜਾਬ ਵਿਚ ਵੀ ਹੈਰੋਇਨ ਦੀ ਖਪਤ ਬਹੁਤ ਵੱਡੇ ਪੈਮਾਨੇ 'ਤੇ ਹੋ ਰਹੀ ਹੈ, ਕਦੋਂ ਕਿਸ ਦਾ ਪੁੱਤਰ ਇਸ ਚਿੱਟੇ ਦੀ ਲਪੇਟ ਵਿਚ ਆ ਜਾਵੇ ਕਿਹਾ ਨਹੀਂ ਜਾ ਸਕਦਾ ਹੈ ਪਰ ਫਿਰ ਵੀ ਕੁੱਝ ਕਿਸਾਨ ਦੇ ਭੇਸ ਵਿਚ ਸਮੱਗਲਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ ਅਤੇ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਦਾ ਹਿੱਸਾ ਬਣ ਰਹੇ ਹਨ। 


Related News