ਆਯੁਸ਼ਮਾਨ ਯੋਜਨਾ ਹੋਈ ਬੀਮਾਰ, 6 ਮਹੀਨਿਆਂ ਤੋਂ ਇਲਾਜ ਲਈ ਭਟਕ ਰਹੇ 6 ਲੱਖ ਤੋਂ ਵੱਧ ਲੋਕ
Saturday, Nov 12, 2022 - 05:31 AM (IST)
ਜਲੰਧਰ (ਸੁਰਿੰਦਰ)–ਆਯੁਸ਼ਮਾਨ ਯੋਜਨਾ ਦਿਨੋ-ਦਿਨ ਬੀਮਾਰ ਹੁੰਦੀ ਜਾ ਰਹੀ ਹੈ, ਜਿਸ ਦਾ ਖ਼ਮਿਆਜ਼ਾ ਜਲੰਧਰ ਦੇ 6 ਲੱਖ ਆਯੁਸ਼ਮਾਨ ਕਾਰਡਧਾਰਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਲੰਧਰ ਦੇ 85 ਦੇ ਲੱਗਭਗ ਹਸਪਤਾਲ ਇਨਪੈਨਲਡ ਹਨ, ਜਿਨ੍ਹਾਂ ਦਾ ਸਰਕਾਰ ਨੇ 13.50 ਕਰੋੜ ਰੁਪਏ ਦੇਣਾ ਹੈ। ਸਰਕਾਰ ਨੇ ਇਹ ਯੋਜਨਾ ਗ਼ਰੀਬਾਂ ਲਈ ਜਾਰੀ ਕੀਤੀ ਸੀ ਤਾਂ ਕਿ ਉਹ 5 ਲੱਖ ਰੁਪਏ ਤੱਕ ਦਾ ਸਾਲਾਨਾ ਇਲਾਜ ਹਸਪਤਾਲਾਂ ਵਿਚ ਮੁਫ਼ਤ ਕਰਵਾ ਸਕਣ ਪਰ ਅਫ਼ਸਰਾਂ ਦੀ ਲਾਪ੍ਰਵਾਹੀ ਕਾਰਨ ਇੰਸ਼ੋਰੈਂਸ ਕੰਪਨੀਆਂ ਵੱਲੋਂ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਜਾ ਸਕਿਆ ਅਤੇ ਹਸਪਤਾਲਾਂ ਦੇ ਪੈਸੇ ਫਸਦੇ ਗਏ। ਉਥੇ ਹੀ ਆਯੁਸ਼ਮਾਨ ਯੋਜਨਾ ਦਾ ਲਾਭ ਸਰਕਾਰੀ ਹਸਪਤਾਲਾਂ ’ਚ ਦਿੱਤਾ ਤਾਂ ਜਾ ਰਿਹਾ ਹੈ ਪਰ ਜਿਹੜੀਆਂ ਗੰਭੀਰ ਬੀਮਾਰੀਆਂ ਹਨ, ਉਨ੍ਹਾਂ ਦਾ ਇਲਾਜ ਜਾਂ ਤਾਂ ਪੀ. ਜੀ. ਆਈ. ਵਿਚ ਕੀਤਾ ਜਾ ਰਿਹਾ ਹੈ ਜਾਂ ਫਿਰ ਨਿੱਜੀ ਹਸਪਤਾਲਾਂ ’ਚ। ਇਸ ਲਈ ਸਰਕਾਰੀ ਹਸਪਤਾਲਾਂ ਵਿਚ ਸਿਰਫ ਉਨ੍ਹਾਂ ਮਰੀਜ਼ਾਂ ਨੂੰ ਹੀ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਦਾ ਇਲਾਜ ਸੰਭਵ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ ਆਟਾ-ਦਾਲ ਸਕੀਮ ਦੇ ਕਾਰਡਾਂ ਦੀ ਸੂਬੇ ਭਰ ’ਚ ਪੜਤਾਲ ਕੀਤੀ ਸ਼ੁਰੂ
ਚੂਲਾ ਬਦਲਵਾਉਣ ਲਈ ਹਸਪਤਾਲ ਗਈ, ਨਹੀਂ ਚੱਲਿਆ ਕਾਰਡ
ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਚੂਲਾ ਟੁੱਟ ਗਿਆ ਸੀ। ਇਲਾਜ ਕਰਵਾਉਣ ਲਈ ਜਦੋਂ ਉਹ ਹਸਪਤਾਲ ਗਈ ਤਾਂ ਉਸ ਨੂੰ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਪਰ ਡਾਕਟਰਾਂ ਨੇ ਇਲਾਜ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਪੀ. ਜੀ. ਆਈ. ਵਿਚ ਆਪਣਾ ਇਲਾਜ ਕਰਵਾਇਆ, ਉਹ ਵੀ ਪੈਸੇ ਖਰਚ ਕਰ ਕੇ। ਸਰਕਾਰੀ ਹਸਪਤਾਲ ਦੇ ਡਾਕਟਰ ਭਾਵੇਂ ਰੈਫਰ ਕਰ ਰਹੇ ਹਨ ਪਰ ਮੌਜੂਦਾ ਹਾਲਾਤ ਇਹ ਹਨ ਕਿ ਮਰੀਜ਼ਾਂ ਕੋਲੋਂ ਮੋਟੇ ਪੈਸੇ ਵਸੂਲੇ ਜਾ ਰਹੇ ਹਨ।
ਹਾਰਟ ਦਾ ਆਪ੍ਰੇਟ ਕਰਵਾਇਆ ਪੈਸੇ ਦੇ ਕੇ
ਸੁਰਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਉਨ੍ਹਾਂ ਆਪਣੇ ਪਿਤਾ ਦਾ ਇਲਾਜ ਨਿੱਜੀ ਹਸਪਤਾਲ ਵਿਚ ਕਰਵਾਇਆ। ਹਾਰਟ ਅਟੈਕ ਆ ਗਿਆ ਸੀ। ਜਦੋਂ ਡਾਕਟਰ ਨੂੰ ਆਯੁਸ਼ਮਾਨ ਕਾਰਡ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇਲਾਜ ਬੰਦ ਹੈ, ਫਿਰ ਉਨ੍ਹਾਂ ਪੈਸੇ ਦੇ ਕੇ ਹਾਰਟ ਦਾ ਆਪ੍ਰੇਟ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ : ਗੰਨਾ ਕਾਸ਼ਤਕਾਰਾਂ ਲਈ ਖ਼ੁਸ਼ਖ਼ਬਰੀ, ‘ਆਪ’ ਸਰਕਾਰ ਵੱਲੋਂ ਗੰਨੇ ਦੇ ਭਾਅ ਸਬੰਧੀ ਨੋਟੀਫਿਕੇਸ਼ਨ ਜਾਰੀ
ਪੈਸੇ ਜਾਰੀ ਹੋਣਗੇ ਤਾਂ ਹੀ ਇਲਾਜ ਸੰਭਵ : ਆਈ. ਐੱਮ. ਏ.
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਪ੍ਰੈਜ਼ੀਡੈਂਟ ਡਾ. ਆਲੋਕ ਲਾਲਵਾਨੀ ਨੇ ਦੱਸਿਆ ਕਿ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਪੰਜਾਬ ਦੇ 700 ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਆਯੁਸ਼ਮਾਨ ਤਹਿਤ ਪੈਸੇ ਜਾਰੀ ਨਹੀਂ ਹੋਏ। 250 ਕਰੋੜ ਰੁਪਏ ਦੇ ਲੱਗਭਗ ਹਸਪਤਾਲਾਂ ਦੀ ਸਰਕਾਰ ਵੱਲ ਦੇਣਦਾਰੀ ਹੈ। ਸਰਕਾਰ ਵੱਲੋਂ ਪੈਸੇ ਜਾਰੀ ਹੋਣਗੇ ਤਾਂ ਹੀ ਇਲਾਜ ਸੰਭਵ ਹੋ ਸਕੇਗਾ ਕਿਉਂਕਿ ਹਸਪਤਾਲਾਂ ਦੇ ਆਪਣੇ ਵੀ ਕਾਫੀ ਖਰਚੇ ਹਨ। ਜੇਕਰ ਪੈਸੇ ਨਹੀਂ ਮਿਲਣਗੇ ਤਾਂ ਕੰਮ ਕਿਵੇਂ ਚੱਲੇਗਾ।
ਅਗਸਤ ਅਤੇ ਨਵੰਬਰ ’ਚ 6.65 ਕਰੋੜ ਰੁਪਏ ਜਾਰੀ ਹੋਏ : ਨੋਡਲ ਅਧਿਕਾਰੀ
ਆਯੁਸ਼ਮਾਨ ਯੋਜਨਾ ਦੀ ਨੋਡਲ ਅਧਿਕਾਰੀ ਡਾ. ਜੋਤੀ ਨੇ ਦੱਸਿਆ ਕਿ ਸਰਕਾਰ ਵੱਲੋਂ ਅਗਸਤ ਅਤੇ ਨਵੰਬਰ ਵਿਚ 6.65 ਕਰੋੜ ਰੁਪਏ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਅਜੇ ਵੀ 13.50 ਕਰੋੜ ਰੁਪਏ ਬਾਕੀ ਹਨ। ਉਮੀਦ ਹੈ ਕਿ ਜੇਕਰ ਇਸੇ ਤਰ੍ਹਾਂ ਪੈਸੇ ਜਾਰੀ ਹੁੰਦੇ ਰਹੇ ਤਾਂ ਇਲਾਜ ਸ਼ੁਰੂ ਹੋ ਜਾਵੇਗਾ।
ਹਸਪਤਾਲਾਂ ਨੂੰ ਕਿੰਨੀ ਕਿਸ਼ਤ ਹੋਈ ਜਾਰੀ
ਸਰਕਾਰੀ ਹਸਪਤਾਲਾਂ ਨੂੰ
-ਅਗਸਤ ਮਹੀਨੇ ਵਿਚ 87.54 ਲੱਖ ਰੁਪਏ
-ਨਵੰਬਰ ਮਹੀਨੇ 56 ਲੱਖ ਰੁਪਏ
ਨਿੱਜੀ ਹਸਪਤਾਲਾਂ ਨੂੰ
-ਅਗਸਤ ਮਹੀਨੇ ਵਿਚ 2.18 ਕਰੋੜ ਰੁਪਏ
-ਨਵੰਬਰ ਮਹੀਨੇ ਵਿਚ 3.04 ਕਰੋੜ ਰੁਪਏ
ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਨੇ ਪੰਜਾਬ ’ਚ ਕੰਮ ਕਰਦੇ ਹਿਮਾਚਲ ਦੇ ਵੋਟਰਾਂ ਲਈ ਛੁੱਟੀ ਦਾ ਕੀਤਾ ਐਲਾਨ
ਨੋਡਲ ਅਧਿਕਾਰੀ ਡਾ. ਜੋਤੀ ਨਾਲ ਸਵਾਲ-ਜਵਾਬ
ਜਗ ਬਾਣੀ-ਕੀ ਹੁਣ ਵੀ ਆਯੁਸ਼ਮਾਨ ਕਾਰਡ ਬਣ ਰਹੇ ਹਨ?
ਡਾ. ਜੋਤੀ-ਜੀ ਹਾਂ।
ਸਵਾਲ-ਕੀ ਅਜੇ ਕੈਂਪ ਲਾਏ ਜਾ ਰਹੇ ਹਨ?
ਡਾ. ਜੋਤੀ-ਨਹੀਂ ਹੁਣ ਕੈਂਪ ਨਹੀਂ ਲਾਏ ਜਾ ਰਹੇ, ਸਿਰਫ ਸਰਕਾਰੀ ਹਸਪਤਾਲਾਂ ਵਿਚ ਹੀ ਕਾਰਡ ਬਣ ਰਹੇ ਹਨ।
ਸਵਾਲ-ਹੁਣ ਤੱਕ ਕਿੰਨੇ ਲੋਕਾਂ ਦੇ ਆਯੁਸ਼ਮਾਨ ਕਾਰਡ ਬਣ ਚੁੱਕੇ ਹਨ ਅਤੇ ਕਿੰਨੇ ਲੋਕ ਇਸਦਾ ਲਾਭ ਲੈ ਚੁੱਕੇ ਹਨ?
ਡਾ. ਜੋਤੀ-ਜਲੰਧਰ ਵਿਚ 639201 ਦੇ ਲਗਭਗ ਆਯੁਸ਼ਮਾਨ ਕਾਰਡ ਬਣ ਚੁੱਕੇ ਹਨ, ਜਿਨ੍ਹਾਂ ਵਿਚੋਂ 289266 ਲੋਕਾਂ ਨੇ ਇਸਦਾ ਲਾਭ ਉਠਾਇਆ ਹੈ।
ਸਵਾਲ-ਇਸ ਪੈਨਲ ’ਚ ਕਿੰਨੇ ਹਸਪਤਾਲ ਕੰਮ ਕਰ ਰਹੇ ਹਨ?
ਡਾ. ਜੋਤੀ-ਇਸ ਵਿਚ 72 ਸਰਕਾਰੀ ਅਤੇ 13 ਇਨਪੈਨਲਡ ਹਨ। ਇਨ੍ਹਾਂ ਵਿਚੋਂ ਟਰੱਸਟ ਮੋਡ ’ਤੇ 49 ਹਸਪਤਾਲ ਹੀ ਕੰਮ ਕਰ ਰਹੇ ਹਨ।