ਮੁੱਢਲੀ ਸਿਹਤ ਸੁਰੱਖਿਆ ਵਿਚ ਆਯੁਸ਼ ਨੂੰ ਉਤਸ਼ਾਹ ਨਾਲ ਹੀ ਸੁਧਰ ਸਕਦਾ ਹੈ ਹੈਲਥ ਸਿਸਟਮ
Monday, May 08, 2023 - 01:29 PM (IST)
ਚੰਡੀਗੜ੍ਹ (ਐੱਚ.ਸੀ. ਸ਼ਰਮਾ) : ਸੂਬੇ ਦੀਆਂ ਸਿਹਤ ਸਹੂਲਤਾਂ ’ਚ ਸੁਧਾਰ ਲਈ ਜਰੂਰੀ ਹੈ ਕਿ ਮੁੱਢਲੀ ਸਿਹਤ ਸੁਰੱਖਿਆ ਪੱਧਰ ’ਤੇ ਭਾਰਤ ਦੀਆਂ ਰਵਾਇਤੀ ਮੈਡੀਕਲ ਤਕਨੀਕਾਂ ਆਯੁਸ਼ ਭਾਵ ਆਯੁਰਵੈਦ, ਯੂਨਾਨੀ ਅਤੇ ਨੇਚੁਰੋਪੈਥੀ ਅਤੇ ਯੋਗਾ ਨੂੰ ਉਤਸ਼ਾਹਿਤ ਅਤੇ ਮਜਬੂਤ ਕੀਤਾ ਜਾਵੇ। ਇਸ ਨਾਲ ਮਾਮੂਲੀ ਬਿਮਾਰੀਆਂ ਲਈ ਹਸਪਤਾਲਾਂ ਵਿਚ ਜਾਣ ਲਈ ਮਜ਼ਬੂਰ ਹੋਣ ਵਾਲੇ ਮਰੀਜ਼ਾਂ ਨੂੰ ਵੀ ਰਾਹਤ ਮਿਲੇਗੀ। ਨਾਲ ਹੀ ਉਕਤ ਹਸਪਤਾਲਾਂ ਵਿਚ ਭੀੜ ਕੰਟਰੋਲ ਹੋਣ ਕਾਰਨ ਉਥੇ ਇਲਾਜ ਅਧੀਨ ਮਰੀਜ਼ਾਂ ਨੂੰ ਵੀ ਗੁਣਵੱਤਾ ਯੁਕਤ ਮੈਡੀਕਲ ਸਹੂਲਤਾਂ ਉਪਲਬਧ ਹੋ ਸਕਣਗੀਆਂ। ਪੰਜਾਬ ਆਯੁਰਵੈਦਿਕ ਵਿਭਾਗ ਦੇ ਸਾਬਕਾ ਨਿਰਦੇਸ਼ਕ ਅਤੇ ਵਰਤਮਾਨ ਵਿਚ ਇੰਡੀਅਨ ਸਿਸਟਮ ਆਫ਼ ਮੈਡੀਸਿਨ ਦੇ ਬੋਰਡ ਆਫ਼ ਏਥਿਕਸ ਐਂਡ ਰਜਿਸਟ੍ਰੇਸ਼ਨ ਦੇ ਰਾਸ਼ਟਰੀ ਕਮਿਸ਼ਨ ਦੇ ਪ੍ਰੈਜ਼ੀਡੈਂਟ ਡਾ. ਰਾਕੇਸ਼ ਸ਼ਰਮਾ ਦਾ ਇਹ ਮੰਨਣਾ ਹੈ।
ਰਾਸ਼ਟਰਪਤੀ ਕਰ ਚੁੱਕੇ ਹਨ ਸਨਮਾਨਿਤ
ਆਯੁਰਵੇਦ ਅਤੇ ਭਾਰਤ ਦੀਆਂ ਪ੍ਰਾਚੀਨ ਮੈਡੀਕਲ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਵਿਚ ਯੋਗਦਾਨ ਲਈ ਡਾ. ਸ਼ਰਮਾ ਨੂੰ ਉਜੈਨ ਵਿਚ ਮਈ, 2022 ਵਿਚ ਆਯੋਜਿਤ ਆਯੁਰਵੇਦ ਪਰਵ ਮੌਕੇ ਦੇਸ਼ ਦੇ ਉਸ ਸਮੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਨਮਾਨਿਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਸ਼ਰਮਾ ਨੂੰ ਪਿਛਲੇ ਮਾਰਚ ਮਹੀਨੇ ਵਿਚ ਕਾਠਮੰਡੂ ਵਿਚ ਆਯੋਜਿਤ ਅੰਤਰਰਾਸ਼ਟਰੀ ਆਯੁਰਵੇਦ ਕਾਂਗਰਸ ਦੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਸਨਮਾਨਿਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਸ਼ਰਮਾ ਦੇਸ਼ ਦੇ ਉਪਰਾਸ਼ਟਰਪਤੀ ਓ.ਪੀ. ਧਨਖੜ ਅਤੇ ਮਹਾਰਾਸ਼ਟਰ ਅਤੇ ਓਡਿਸ਼ਾ ਦੇ ਰਾਜਪਾਲਾਂ ਦੇ ਹੱਥੋਂ ਵੀ ਸਨਮਾਨ ਪ੍ਰਾਪਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ : RDF ਲਈ ਕੇਂਦਰ ਕੋਲ ਜਾਣ ਨੂੰ ਤਿਆਰ ਜਾਖੜ, ਪਰ CM ਮਾਨ ਅੱਗੇ ਰੱਖੀ ਇਹ ਸ਼ਰਤ
26 ਸਾਲ ਅਧਿਆਪਨ ਅਤੇ 38 ਸਾਲ ਦਾ ਕਲੀਨਿਕਲ ਅਨੁਭਵ
ਡਾ. ਸ਼ਰਮਾ ਨੂੰ 26 ਸਾਲ ਦੇ ਅਧਿਆਪਨ ਅਤੇ 38 ਸਾਲ ਦਾ ਕਲੀਨਿਕਲ ਅਨੁਭਵ ਹੈ। ਨੈਸ਼ਨਲ ਕਮਿਸ਼ਨ ਦਾ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਡਾ. ਸ਼ਰਮਾ ਪੰਜਾਬ ਆਯੁਰਵੇਦ ਵਿਭਾਗ ਦੇ 12 ਸਾਲ ਤੱਕ ਨਿਰਦੇਸ਼ਕ ਰਹੇ। ਇਸ ਤੋਂ ਇਲਾਵਾ ਪੰਜਾਬ ਦੇ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਨ ਦੇ ਚੇਅਰਮੈਨ ਸਮੇਤ ਰਾਜ ਦੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਡੀਨ ਦੇ ਅਹੁਦੇ ’ਤੇ ਵੀ ਰਹੇ।
ਆਯੁਰਵੇਦ ਵਿਚ 3 ਉਪ ਸਤੰਭਾਂ ਦਾ ਹੈ ਮਹੱਤਵ
ਆਯੁਰਵੇਦ ਵਿਚ ਬਿਮਾਰੀਆਂ ਤੋਂ ਬਚਾਅ ਲਈ 3 ਉਪ ਸਤੰਭਾਂ ਨੂੰ ਤੰਦਰੁਸਤ ਸਰੀਰ ਲਈ ਮਹੱਤਵਪੂਰਣ ਮੰਨਿਆ ਗਿਆ ਹੈ। ਭਾਵ ਖਾਣਾ, ਨੀਂਦ ਅਤੇ ਬ੍ਰਹਮਚਾਰਿਆ। ਇਸ ਲਈ ਤੰਦਰੁਸਤ ਸਰੀਰ ਲਈ 6 ਤੋਂ 8 ਘੰਟੇ ਦੀ ਨੀਂਦ ਵੀ ਜ਼ਰੂਰੀ ਹੈ। ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੀ ਆਈ.ਈ.ਸੀ. ਯੋਜਨਾ ਭਾਵ ਇਨਫਾਰਮੇਸ਼ਨ, ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਦੇ ਤਹਿਤ ਆਯੁਰਵੇਦ ਨੂੰ ਵਿਸਥਾਰਿਤ ਕਰਨ ਲਈ ਪੈਸਾ ਉਪਲਬਧ ਕਰਵਾਇਆ ਜਾਂਦਾ ਹੈ, ਜਿਸ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ।
ਯੋਜਨਾਵਾਂ ਨੂੰ ਲਾਗੂ ਕਰਨ ਨਾਲ ਮਿਲ ਸਕਦੀ ਹੈ ਰਾਹਤ
ਡਾ. ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰੀ ਆਯੁਸ਼ ਮੰਤਰਾਲੇ ਦੀ ਅਜਿਹੀਆਂ ਬਹੁਤ ਸਾਰੀਆਂ ਯੋਜਨਾਵਾਂ ਹਨ, ਜਿਨ੍ਹਾਂ ਨੂੰ ਲਾਗੂ ਕਰਨ ਨਾਲ ਸਿਹਤ ਖੇਤਰ ਵਿਚ ਸੁਧਾਰ ਸੰਭਵ ਹੈ, ਪਰ ਜ਼ਰੂਰੀ ਹੈ ਕਿ ਇਸ ਲਈ ਮੈਚਿੰਗ ਗ੍ਰਾਂਟ ਦੀ ਵਿਵਸਥਾ ਹੋਵੇ। ਉਨ੍ਹਾਂ ਦਾ ਮੰਨਣਾ ਹੈ ਕਿ ਗਲਤ ਖਾਣ-ਪੀਣ ਅਤੇ ਲਾਈਫ ਸਟਾਈਲ ਵਿਚ ਬਦਲਾਅ ਦੇ ਚਲਦੇ ਬਿਮਾਰੀਆਂ ਵਧੀਆਂ ਹਨ। ਪਹਿਲਾਂ ਕੋਰੋਨਾ ਦੇ ਚਲਦੇ ਅਤੇ ਹੁਣ ਪ੍ਰਚੱਲਤ ਵਰਕ ਫਰਾਮ ਹੋਮ ਨੇ ਲੋਕਾਂ ਵਿਸ਼ੇਸ਼ ਕਰ ਕੇ ਨੌਜਵਾਨਾਂ ਦੀ ਰੋਜ਼ਾਨਾ ਜਿੰਦਗੀ ਹੀ ਬਦਲ ਦਿੱਤੀ ਹੈ। ਪਹਿਲਾਂ ਤੋਂ ਹੀ ਦੇਰ ਰਾਤ ਤੱਕ ਕੰਪਿਊਟਰ ਜਾਂ ਮੋਬਾਇਲ ’ਤੇ ਰੁੱਝੇ ਰਹਿਣ ਵਾਲੇ ਨੌਜਵਾਨਾਂ ਦੀ ਸਰੀਰਕ ਕਸਰਤ ਲਗਭਗ ਬੰਦ ਹੋ ਗਈ ਹੈ, ਜੋ ਮੋਟਾਪੇ ਅਤੇ ਬਾਅਦ ਵਿਚ ਫੈਟੀ ਲਿਵਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਜਨਮ ਦਿੰਦੀ ਹੈ। ਇਸ ਲਈ ਕਿਸੇ ਵੀ ਉਮਰ ਦੇ ਵਿਅਕਤੀ ਲਈ ਘੱਟੋ-ਘੱਟ ਅੱਧਾ ਘੰਟਾ ਯੋਗਾ ਅਤੇ ਸ਼ਾਮ ਨੂੰ ਇਕ ਤੋਂ ਡੇਢ ਘੰਟਾ ਸੈਰ ਜ਼ਰੂਰੀ ਹੈ। ਇਸ ਤੋਂ ਇਲਾਵਾ ਮੌਸਮ ਅਨੁਸਾਰ ਖਾਣ-ਪੀਣ ਰੱਖਣਾ ਚਾਹੀਦਾ ਹੈ।
ਪਟਿਆਲਾ ਦੇ ਸਰਕਾਰੀ ਆਯੁਰਵੈਦਿਕ ਕਾਲਜ ਵਿਚ ਸੁਧਾਰ ਦੀ ਹੈ ਜ਼ਰੂਰਤ, ਐੱਮ. ਡੀ. ਦੀਆਂ ਸੀਟਾਂ ਵੀ ਵਧਾਈਆਂ ਜਾ ਸਕਦੀਆਂ ਹਨ
ਡਾ. ਸ਼ਰਮਾ ਦਾ ਕਹਿਣਾ ਹੈ ਕਿ ਉਹ ਮੂਲ ਤੌਰ ’ਤੇ ਤੋਂ ਪਟਿਆਲਾ ਨਾਲ ਸਬੰਧ ਰੱਖਦੇ ਹਨ। ਇੱਥੋਂ ਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਸਮੇਂ ਤੋਂ ਸਥਾਪਿਤ ਸਰਕਾਰੀ ਮੈਡੀਕਲ ਕਾਲਜ ਫੈਕਲਟੀ ਦੀ ਕਮੀ ਦੇ ਚਲਦੇ ਤਰਸਯੋਗ ਹਾਲਤ ਵਿਚ ਹੈ। ਨੈਸ਼ਨਲ ਕਮਿਸ਼ਨ ਦੇ ਪ੍ਰੈਜ਼ੀਡੈਂਟ ਹੋਣ ਦੇ ਕਾਰਨ ਉਨ੍ਹਾਂ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦਿਆਂ ਇਸ ਕਾਲਜ ਵਿਚ ਦਾਖਲੇ ਦੀ ਆਗਿਆ ’ਤੇ ਰੋਕ ਨੂੰ ਬਦਲਵਾ ਦਿੱਤਾ ਸੀ। ਇਸ ਕਾਲਜ ਵਿਚ ਐੱਮ.ਡੀ. ਦੀਆਂ ਸੀਟਾਂ ਵੀ ਵਧਾਈਆਂ ਜਾ ਸਕਦੀਆਂ ਹਨ ਪਰ ਸਰਕਾਰ ਨੂੰ ਫੈਕਲਟੀ ਦੀਆਂ ਨਿਯਮਾਂ ਅਨੁਸਾਰ ਉਪਲਬਧਤਾ ਤਾਂ ਯਕੀਨੀ ਕਰਨੀ ਪਵੇਗੀ। ਪੰਜਾਬ ਸਰਕਾਰ ਵਲੋਂ ਸੂਬੇ ਵਿਚ ਯੋਗਸ਼ਾਲਾਵਾਂ ਦੀ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਯੋਗਾ ਤੰਦਰੁਸਤ ਸਰੀਰ ਦਾ ਆਧਾਰ ਹੈ। ਹੁਣ ਜੇਕਰ ਲੋਕ ਰੋਜ਼ਾਨਾ ਦੀ ਜਿੰਦਗੀ ਵਿਚ ਪੌਸ਼ਟਿਕ ਖਾਣੇ ਦੇ ਨਾਲ ਯੋਗ ਨਾਲ ਜੁੜ ਜਾਣਗੇ ਤਾਂ ਬਿਮਾਰ ਹੀ ਨਹੀਂ ਪੈਣਗੇ।
ਇਹ ਵੀ ਪੜ੍ਹੋ : ਲੋਕਾਂ ਨੇ ਮਨ ਬਣਾਇਆ, ਸੰਗਰੂਰ ਵਾਂਗ ਜਲੰਧਰ ’ਚ ਵੀ ਦੇਣਗੇ ਜਵਾਬ : ਸ਼ੇਖਾਵਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।