Axis ਬੈਂਕ ਮੈਨੇਜਰ ਨੇ ਮਾਪਿਆਂ ਨੂੰ ਵੀ ਨਹੀਂ ਬਖ਼ਸ਼ਿਆ, ਲਾਇਆ ਕਰੋੜਾਂ ਦਾ ਚੂਨਾ, ਵਹੀ ਖਾਤਿਆਂ ''ਚੋਂ ਹੋਏ ਵੱਡੇ ਖ਼ੁਲਾਸੇ
Tuesday, Feb 27, 2024 - 03:19 AM (IST)
ਨਵਾ ਗਰਾਓ (ਮੁਨੀਸ਼): ਪਿੰਡ ਬਾਂਸੇਪੁਰ ਦੇ ਐਕਸਿਸ ਬੈਂਕ ’ਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਮੈਨੇਜਰ ਗੌਰਵ ਸ਼ਰਮਾ ਨੇ ਆਪਣੇ ਮਾਪਿਆਂ ਨੂੰ ਵੀ ਨਹੀਂ ਬਖ਼ਸ਼ਿਆ। ਉਸ ਨੇ ਆਪਣੇ ਪਿਤਾ ਅਜੈ ਕੁਮਾਰ ਤੋਂ 1 ਕਰੋੜ ਰੁਪਏ ਲਏ ਸਨ। ਏਨਾ ਹੀ ਨਹੀਂ ਉਸ ਨੇ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕਰਨ ਦੇ ਨਾਂ 'ਤੇ 45 ਤੋਲੇ ਸੋਨਾ ਵੀ ਲੈ ਲਿਆ ਸੀ। ਇਹ ਖ਼ੁਲਾਸਾ ਖ਼ੁਦ ਉਸ ਦੇ ਪਿਤਾ ਨੇ ਕੀਤਾ ਹੈ। ਹੁਣ ਮਾਪੇ ਨਿਊ ਚੰਡੀਗੜ੍ਹ ਥਾਣੇ ਆ ਕੇ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣਗੇ। ਡੀ.ਐੱਸ.ਪੀ. ਦਾ ਕਹਿਣਾ ਹੈ ਕਿ ਬੈਂਕ ਮੈਨੇਜਰ ਦੇ ਮਾਤਾ-ਪਿਤਾ ਨੂੰ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ। ਉਸ ਦਾ ਪੁਲਸ ਰਿਮਾਂਡ ਬੁੱਧਵਾਰ ਨੂੰ ਖ਼ਤਮ ਹੋ ਜਾਵੇਗਾ।
ਦਿੱਤਾ ਹੋਇਆ ਸੀ ਨੌਕਰ ਦਾ ਨੰਬਰ
ਪੁਲਸ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ’ਚ ਨਵੇਂ ਖ਼ੁਲਾਸੇ ਹੋ ਰਹੇ ਹਨ। ਪਿੰਡ ਬਾਂਸੇਪੁਰ ਦੀ ਬ੍ਰਾਂਚ ’ਚ ਉਹ 7 ਸਾਲਾਂ ਤੋਂ ਕੰਮ ਕਰ ਰਿਹਾ ਸੀ ਅਤੇ ਕਰੀਬ 6 ਮਹੀਨਿਆਂ ਤੋਂ ਧੋਖਾਧੜੀ ਦੀ ਯੋਜਨਾ ਬਣਾ ਰਿਹਾ ਸੀ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਨੇ ਬ੍ਰਾਂਚ ’ਚ 5 ਖਾਤੇ ਖੋਲ੍ਹੇ ਹੋਏ ਸਨ। ਇਨ੍ਹਾਂ ’ਚੋਂ ਉਸ ਦੇ ਆਪਣੇ ਨਾਂ 'ਤੇ ਦੋ ਖਾਤੇ ਅਤੇ ਮਾਤਾ-ਪਿਤਾ ਅਤੇ ਨੌਕਰ ਦੇ ਨਾਂ 'ਤੇ ਇਕ-ਇਕ ਖਾਤਾ ਸੀ। ਇਨ੍ਹਾਂ ਸਾਰੇ ਖਾਤਿਆਂ ’ਚ ਨੌਕਰ ਦਾ ਨੰਬਰ ਰੱਖਿਆ ਹੋਇਆ ਸੀ। ਇਸ ਦੇ ਨਾਲ ਹੀ ਜਿਨ੍ਹਾਂ ਖਾਤਾਧਾਰਕਾਂ ਦੇ ਪੈਸੇ ਟਰਾਂਸਫਰ ਕੀਤੇ ਗਏ ਸਨ, ਉਨ੍ਹਾਂ ’ਚ ਵੀ ਨੌਕਰ ਦਾ ਨੰਬਰ ਦਰਜ ਕੀਤਾ ਹੋਇਆ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਮੈਸੇਜ ਜਾਂ ਕਾਲ ਆਵੇ ਤਾਂ ਉਹ ਨੌਕਰ ਦੇ ਨੰਬਰ 'ਤੇ ਹੀ ਆਵੇ। ਉਹ ਨੌਕਰ ਦਾ ਫ਼ੋਨ ਆਪਣੇ ਕੋਲ ਰੱਖਦਾ ਸੀ ਅਤੇ ਜ਼ਿਆਦਾਤਰ ਉਸ ਤੋਂ ਹੀ ਫ਼ੋਨ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਖਨੌਰੀ ਬਾਰਡਰ 'ਤੇ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਬਾਰੇ ਹਾਈਕੋਰਟ 'ਚ ਹਰਿਆਣਾ ਪੁਲਸ ਦਾ ਹੈਰਾਨੀਜਨਕ ਬਿਆਨ
ਉਸ ਨੇ ਨੌਕਰ ਅਤੇ ਆਪਣੀ ਮਾਤਾ ਦੇ ਬੈਂਕ ਖਾਤਿਆਂ ’ਚ ਸਭ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਕੀਤੀ ਸੀ। ਨੌਕਰ ਦੇ ਖਾਤੇ ’ਚ 5 ਕਰੋੜ ਰੁਪਏ ਤੇ ਮਾਂ ਦੇ ਖਾਤੇ ’ਚ 4.5 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ। ਇਸ ਦੇ ਨਾਲ ਹੀ ਉਸ ਨੇ ਆਪਣੇ ਨਾਂ ''ਤੇ ਦੋ ਬੈਂਕ ਖਾਤੇ ਵੀ ਖੋਲ੍ਹੇ ਹੋਏ ਸਨ, ਜਿਨ੍ਹਾਂ ’ਚ ਨੌਕਰ ਦਾ ਮੋਬਾਈਲ ਨੰਬਰ ਦਰਜ ਸੀ। ਹੁਣ ਇਸ ਖਾਤੇ ’ਚ ਮਾਈਨਸ -3000 ਰੁਪਏ ਹਨ।
ਪੁਲਸ ਨੇ ਜ਼ਬਤ ਕੀਤੀਆਂ ਦੋ ਕਾਰਾਂ
ਮੁੱਲਾਂਪੁਰ ਗ਼ਰੀਬਦਾਸ ਥਾਣਾ ਪੁਲਸ ਗੌਰਵ ਕੁਮਾਰ ਦੀ ਸਫਾਰੀ ਕਾਰ ਉੱਤਰਾਖੰਡ ਤੋਂ ਲੈ ਕੇ ਆਈ ਹੈ। ਇਸ ਤੋਂ ਇਲਾਵਾ ਪੁਲਸ ਨੇ ਇਕ ਬ੍ਰੇਜ਼ਾ ਗੱਡੀ ਵੀ ਜ਼ਬਤ ਕੀਤੀ ਹੈ, ਜੋ ਉਸ ਦੇ ਪਿਤਾ ਅਜੇ ਕੁਮਾਰ ਦੇ ਨਾਂ ''ਤੇ ਹੈ। ਉਸ ਨੇ ਇਹ ਕਾਰ ਨਿਊ ਚੰਡੀਗੜ੍ਹ ਦੇ ਪਿੰਡ ਚਾਹੜ ਮਾਜਰਾ ’ਚ ਰਹਿੰਦੇ ਆਪਣੇ ਦੋਸਤ ਦੇ ਘਰ ਖੜ੍ਹੀ ਕੀਤੀ ਸੀ। ਪੁਲਸ ਨੇ ਉਸ ਨੂੰ ਜਾਂਚ ’ਚ ਸ਼ਾਮਲ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਗੌਰਵ ਨੇ ਉਸ ਨਾਲ ਵੀ ਧੋਖਾਧੜੀ ਕੀਤੀ ਹੈ। ਕਾਰ ਪਾਰਕ ਕਰਨ ਤੋਂ ਬਾਅਦ ਉਸ ’ਚੋਂ ਕਰੀਬ 7 ਲੱਖ ਰੁਪਏ ਵੀ ਲੈ ਗਿਆ ਸੀ।
ਬੈਂਕ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ
ਪੁਲਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਐਕਸਿਸ ਬੈਂਕ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਧੋਖਾਧੜੀ ’ਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਸਥਿਤੀ ਸਪੱਸ਼ਟ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਘਰ ਆਵੇਗੀ ਖ਼ੁਸ਼ਖ਼ਬਰੀ, ਮਾਰਚ 'ਚ ਬੱਚੇ ਨੂੰ ਜਨਮ ਦੇਵੇਗੀ ਮਾਂ ਚਰਨ ਕੌਰ
ਹਰ ਹਾਲ ’ਚ ਵਾਪਸ ਚਾਹੀਦੇ ਨੇ ਪੈਸੇ
ਪਿੰਡ ਬਾਂਸੇਪੁਰ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ, ਰਵਿੰਦਰ ਸਿੰਘ ਅਤੇ ਹੋਰ ਪੀੜਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲ ਜਾਂਦੇ, ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਬੈਂਕ ਦੇ ਅਧਿਕਾਰੀ ਤੇ ਮੁਲਾਜ਼ਮ ਉਨ੍ਹਾਂ ਨਾਲ ਗੱਲਬਾਤ ਕਰਦੇ ਸਨ ਪਰ ਹੁਣ ਉਨ੍ਹਾਂ ਨੇ ਵੀ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੈਸੇ ਵਾਪਸ ਚਾਹੀਦੇ ਹਨ। ਬੈਂਕ ਵੱਲੋਂ ਪੈਸੇ ਜਲਦ ਵਾਪਸ ਨਾ ਕੀਤੇ ਗਏ ਤਾਂ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8