ਹੱਡ ਬੀਤੀ ਜੱਗ ਬੀਤੀ: ਹੱਟੀ 'ਤੇ ਅਖਾੜਾ...

Sunday, Aug 15, 2021 - 11:06 AM (IST)

ਹੱਡ ਬੀਤੀ ਜੱਗ ਬੀਤੀ: ਹੱਟੀ 'ਤੇ ਅਖਾੜਾ...

ਸਿਆਣੇ ਕਹਿੰਦੇ ਆ ਕਿ, 'ਨੱਚਣ ਵਾਲੇ ਦੀ ਅੱਡੀ ਨ੍ਹੀ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ...।' ਵਾਂਗ ਮੈਂ ਜਦੋਂ ਵੀ ਕੋਈ ਗੀਤ ਜਾਂ ਕਵਿਤਾ ਲਿਖਦਾ, ਜਿੰਨ੍ਹਾਂ ਚਿਰ ਉਸ ਨੂੰ ਮੈਂ ਦੂਜਿਆਂ ਨਾਲ ਸਾਂਝਾ ਨਾ ਕਰ ਲੈਂਦਾ ਓਨਾ ਚਿਰ ਮੈਨੂੰ ਅੱਚਵੀ ਜਿਹੀ ਲੱਗੀ ਰਹਿੰਦੀ ਸੀ। ਮੇਰੇ 'ਤੇ ਮੁੱਢੋਂ ਈ ਕਲਾ ਐਨੀ ਭਾਰੂ ਸੀ ਕਿ ਮੈਂ ਤੁਰਦਾ-ਫਿਰਦਾ ਕੰਮ-ਧੰਦਾ ਕਰਦਾ ਵੀ ਗੁਣ-ਗੁਣਾਉਂਦਾ ਰਹਿੰਦਾ। ਜਿਸ ਕਰਕੇ ਸੇਠ ਮੈਨੂੰ ਅਕਸਰ ਟੋਕਦਾ, ਕਿ 'ਤੂੰ ਤਾਂ ਜਮ੍ਹਾਂ ਈ ਕਮਲਾ ਐਂ... ਤੈਨੂੰ ਗੀਤਾਂ ਤੋਂ ਬਿਨ੍ਹਾਂ ਹੋਰ ਵੀ ਕੋਈ ਕੰਮ ਆਉਂਦੈ...?' ਮੇਰੇ ਕੋਲ ਸੇਠ ਦੇ ਇਸ ਸਵਾਲ ਦਾ ਕੋਈ ਜਵਾਬ ਨਾ ਹੁੰਦਾ ਕਿਉਂਕਿ ਮੈਂ ਤਾਂ ਆਪਣੀ ਧੁੰਨ 'ਚ ਮਸਤ ਰਹਿੰਦਾ ਸੀ...ਹੱਟੀ 'ਤੇ ਕੰਮ ਕਰਨਾ ਵੀ ਬਸ ਮੇਰੀ ਮਜ਼ਬੂਰੀ ਸੀ। ਤਾਹੀਓਂ ਅਣ ਮੰਨੇ ਮਨ ਨਾਲ ਸੇਠ ਦੀਆਂ ਸਿੱਧੀਆਂ-ਪੁੱਠੀਆਂ ਸੁਣ ਬਸ ਹਾਂ ਹੂੰ ਕਰੀ ਜਾਂਦਾ। ਪਰ ਮੈਂ ਸੇਠ ਦੇ ਇੱਧਰ-ਓਧਰ ਹੋਣ ਦਾ ਲਾਹਾ ਜ਼ਰੂਰ ਲੈਂਦਾ। ਸੇਠ ਪਿੱਛੋਂ ਕਦੇ ਉਸਦੇ ਰੇਡੀਓ ਦੇ ਬਟਨ ਮਰੋੜੀ ਰੱਖਦਾ ਕਿ ਕਿਤੇ ਕੋਈ ਵਧੀਆ ਗੀਤ ਚੱਲੇ ਜਾਂ ਕਦੇ ਗੀਤਾਂ ਦੀ ਛਹਿਬਰ ਲਾ ਖੜ੍ਹਦਾ। ਉਦੋਂ ਮੱਤ ਵੀ ਨਿਆਣੀ ਸੀ, ਜਿਵੇਂ ਕਿਸੇ ਨੇ ਆਣ ਕੇ ਪੰਪ ਮਾਰ ਦੇਣਾ ਤੇ ਮੈਂ ਗਾਉਣਾ ਸ਼ੁਰੂ ਕਰ ਦਿੰਦਾ, ਆਪਣੀ ਲੋਰ 'ਚ ਫੇਰ ਭਾਵੇਂ ਗਾਹਕਾਂ ਦੀ ਭੀੜ ਹੀ ਕਿਉਂ ਨਾ ਜੁੜ ਜਾਵੇ। ਜਦੋਂ ਤੱਕ ਗੀਤ ਮੁੱਕ ਨਾ ਜਾਂਦੇ ਮੈਂ ਗੀਤ ਗਾਉਣੋਂ ਨਾ ਹੱਟਦਾ। ਇਸ  ਤਰ੍ਹਾਂ ਇਕ ਨਹੀਂ ਕਈ ਵਾਰ ਹੋਇਆ। ਲੋਕਾਂ ਨੇ ਸੇਠ ਨੂੰ ਉਲਾਂਭਾ ਵੀ ਦਿੱਤਾ ਕਿ ਤੇਰਾ ਮੁੰਡਾ ਦੁਕਾਨਦਾਰ ਘੱਟ ਮੀਰਆਲਮ ਜ਼ਿਆਦਾ ਲੱਗਦਾ ਐ। ਸੇਠ ਜਦੋਂ ਮੈਨੂੰ ਲੋਕਾਂ ਦੀਆਂ ਇਹੋ ਜਿਹੀਆਂ ਗੱਲਾਂ/ਉਲਾਂਭੇ ਦੱਸਦਾ ਕਿ ਫਲਾਣਾ ਤੇਰੇ ਬਾਰੇ ਇਓਂ ਕਹਿ ਰਿਹਾ ਸੀ... ਉਸ ਨੇ ਮੈਨੂੰ ਇਉਂ ਦੱਸਿਆ ਕਿ ਤੂੰ ਮੇਰੇ ਪਿੱਛੋਂ ਹੱਟੀ 'ਤੇ ਮਹਿਫ਼ਲਾਂ ਜੋੜ-ਜੋੜ ਖੜ੍ਹਦਾ ਐ ਤਾਂ ਮੈਂ ਗੱਲ਼ ਨੂੰ ਟਾਲ਼ ਜਾਂਦਾ।

ਇਹ ਵੀ ਪੜ੍ਹੋ: ਹੱਡ ਬੀਤੀ ਜੱਗ ਬੀਤੀ : ਸੇਠ ਕੋਲ ਪਹਿਲਾ ਦਿਨ...

ਸੇਠ ਦੁਪਹਿਰ ਦੀ ਰੋਟੀ ਖਾਣ ਰੋਜ਼ ਘਰ ਜਾਂਦਾ ਤੇ ਪਿੱਛੇ ਮੈਂ ਹੱਟੀ 'ਤੇ ਇਕੱਲੇ ਹੀ ਹੁੰਦਾ ਸੀ। ਸੁੱਖ ਨਾਲ ਹੁਣ ਮੇਰੇ ਆੜੀ ਵੀ ਖਾਸੇ ਬਣਗੇ, ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਨੂੰ ਗਾਉਣ-ਵਜਾਉਣ ਤੇ ਲਿਖਣ ਦਾ ਬਹੁਤ ਸ਼ੌਂਕ ਐ। ਉਹ ਸੇਠ ਪਿੱਛੋਂ ਰੋਜ਼ ਦੁਪਹਿਰੇ ਮੇਰੇ ਕੋਲ ਆਣ ਖੜ੍ਹ-ਬੈਠ ਜਾਂਦੇ ਸਨ। ਹਰ ਰੋਜ਼ ਦੀ ਤਰ੍ਹਾਂ ਇਕ ਦਿਨ ਸੇਠ ਦੁਪਹਿਰੇ ਘਰ ਰੋਟੀ ਖਾਣ ਗਿਆ ਹੋਇਆ ਸੀ, ਗੁਰਜੰਟ, ਭਗਤ ਸਿੰਘ, ਸੱਤੀ ਤੇ ਹੋਰ ਕਈ ਆ ਗਏ ਸਾਰੇ ਕਹਿਣ ਲੱਗੇ, ਬਾਈ ਸੁਣਾ ਗੀਤ, ਜਿਹੜਾ ਨਵਾਂ ਲਿਖਿਆ ਐ...। ਅੰਨ੍ਹੇ ਨੂੰ ਕੀ ਚਾਹੀਦਾ ਦੋ ਅੱਖਾਂ...ਬਸ ਇੰਨਾ ਕਹਿਣ ਦੀ ਦੇਰ ਸੀ ਮੈਂ ਸ਼ੁਰੂ ਹੋ ਗਿਆ, ਗਾਉਣ ਲੱਗਿਆ ਗੀਤ , ਸੱਤੀ  ਤੱਕੜੀ ਦੇ ਬਾਟੇ ਦੀ ਢੋਲਕ ਬਣਾ ਕੇ ਵਜਾਉਣ ਲੱਗਿਆ, ਇਕ ਜਣਾ ਕੌਂਟਰ(ਟੇਬਲ) 'ਤੇ ਬੈਠ ਗਿਆ ਜਿੱਥੇ ਟੌਫੀਆਂ/ਗੋਲ਼ੀਆਂ, ਪਕੌੜੀਆਂ ਪਈਆਂ ਸਨ ਉਹ ਕੱਢ-ਕੱਢ ਕੇ ਖਾ ਰਿਹਾ, ਸੌਦਾ ਲੈਣ ਵਾਲੇ ਵੀ ਖੜ੍ਹ ਗੇ...ਕਿਸੇ ਨੇ ਸੇਠ ਨੂੰ ਜਾ ਕੇ ਦੱਸ ਦਿੱਤਾ ਕਿ ਤੇਰੀ ਹੱਟੀ 'ਤੇ ਤਾਂ ਮੁੰਡੇ 'ਖਾੜਾ ਲਾਈ ਖੜ੍ਹੇ ਆ, ਸੇਠ ਲੰਮੀ ਡਿੰਗ ਆਇਆ, ਉਸਨੇ ਦੂਰੋਂ ਹੀ  ਚੱਪਲ  ਕੱਢ ਵਗ੍ਹਾ ਕੇ ਮਾਰੀ...ਖੜ੍ਹ ਜੋ.. ਸਾਲਿਆਂ ਨੇ ਗੰਦ ਪਾਇਆ,ਇਕ ਇਹ ਹਰਾਮ ਦਾ ਰਲ ਗਿਆ ਇਹਨਾ ਨਾਲ । ਇੰਨਾ ਸੁਣ ਸਾਰੇ ਭੱਜ ਗੇ। ਮੈਂ ਇਕੱਲਾ ਰਹਿ ਗਿਆ। ਸੇਠ ਨੇ ਹੱਟੀ 'ਚ ਦਾਖਲ਼ ਹੁੰਦਿਆਂ ਹੀ ਮੇਰੇ ਮੂੰਹ ਤੇ ਥੱਪੜ ਮਾਰਿਆ... ਲੱਗ ਗਿਆ ਲਾਹ-ਪਾਹ ਕਰਨ...'ਓ ਤੂੰ ਡੋਬੇਂ ਗਾ ਮੈਨੂੰ.. ਤੂੰ ਬਠਾਏਂ ਗਾ ਮੇਰਾ ਭੱਠਾ,ਵੱਡੇ ਮੀਰ ਆਲਮਾ, ਤੈਨੂੰ ਇਉਂ ਨ੍ਹੀ ਪਤਾ ਕਿ ਦੁਕਾਨ ਤੇ ਗੀਤ ਨਹੀਂ ਗਾਈਦੇ... ਓ ਸਿੱਧਰਿਆ... ਤੂੰ ਗੀਤਾਂ 'ਚ ਮਸਤ ਸੀ ਉਹ ਗੰਦੇ-ਮੰਦੇ ਹੱਥਾਂ ਨਾਲ ਪਕੌੜੀਆਂ ਕੱਢ-ਕੱਢ ਖਾ ਰਹੇ ਸਨ...ਕੰਜਰਾ ਤੈਨੂੰ ਜਮ੍ਹਾਂ ਈ ਸ਼ਰਮ ਨਹੀਂ ,ਕਿ ਜਿਸ ਤੱਕੜੀ ਨੂੰ ਮੈਂ ਦਿਨ ਰਾਤ ਪੂਜਦਾ, ਧੂਪ-ਬੱਤੀ ਕਰਦਾ ਹਾਂ, ਨੀਵੇਂ ਵਿਹੜੇ ਵਾਲਿਆਂ ਦਾ ਢੋਲਕ ਬਣਾ ਕੇ ਵਜਾ ਰਿਹਾ ਸੀ... ਤੈਨੂੰ ਕੀ ਫਰਕ ਆ ਤੈਨੂੰ ਤਾਂ ਆਹੀ ਮਲੰਗਪੁਣਾ ਆਉਂਦਾ ਐਂ...ਤੂੰ ਕੱਲ੍ਹ ਨੂੰ ਆਪਣੇ ਬਾਪ ਨੂੰ ਨਾਲ ਲੈ ਕੇ ਆਈਂ... ਦੱਸੂ ਤੇਰੀਆਂ ਕਰਤੂਤਾਂ...ਸਾਲ਼ਿਆ ਜੇ ਮੈਨੂੰ ਪ੍ਰਭੂ ਦਿਆਲ ਨਾ ਦੱਸਦਾ ਪਤਾ ਨ੍ਹੀਂ ਕਿੰਨਾ ਚਿਰ ਤੇਰਾ ਆਹ 'ਖਾੜਾ ਮਗਿਆ ਰਹਿੰਦਾ...ਤੈਨੂੰ ਜਿੰਨੇ ਮੈਂ ਲਾਡ ਕਰਦਾ ਆਂ ਤੂੰ ਓਨਾ ਈ ਮੇਰੇ ਸਿਰ ਚੜ੍ਹੀ ਜਾਂਦਾ ਐਂ...ਜੇ ਤੂੰ ਆਹੀ ਗੰਦ ਪਾਉਣਾ ਐ ਤਾਂ ਕੱਲ੍ਹ ਤੋਂ ਨਾ ਆਈਂ ਦੁਕਾਨ 'ਤੇ।' ਸੇਠ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਮੈਂ ਨੀਵੀਂ ਪਾ ਕੇ ਖੜ੍ਹਾ ਸੀ ਤੇ ਨਾਲ ਦੀ ਨਾਲ ਅੰਦਰੋਂ ਦੱਬੀ ਆਵਾਜ਼ 'ਚ ਕਹਿ ਰਿਹਾ ਸੀ... ਤੂੰ ਸੇਠਾ ਮੈਨੂੰ ਚਾਰ ਸੌ ਰੁਪਏ ਮੁੱਲ ਖ਼ਰੀਦ ਲਿਆ ਐ...ਅੱਛਾ ਹੁਣ ਤੂੰ ਮੇਰੀ ਕਲਾਕਾਰੀ , ਲੇਖਣੀ ਦਾ ਕਤਲ ਕਰੇਂਗਾ...। ਖੈਰ ਕਸੂਰ ਤਾਂ ਮੇਰਾ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਮੁੱਢਲੇ ਸਮੇਂ ਤੋਂ ਕਲਾ ਨੂੰ ਮੁਹੱਬਤ ਹੀ ਐਨੀ ਕਰਦਾ ਸੀ ਕਿ ਮੈਂ ਬੇਇੱਜ਼ਤੀ ਤਾਂ ਕੀ ਕੋਈ ਵੀ ਘਾਟਾ ਬਰਦਾਸ਼ਤ ਕਰ ਸਕਦਾ ਸੀ, ਆਪਣੀ ਕਲਾ ਲਈ....।

ਇਹ ਵੀ ਪੜ੍ਹੋ:  ਹੱਡ ਬੀਤੀ ਜੱਗ ਬੀਤੀ : ਹੱਥੋਂ ਝਪਟੀ ਪੜ੍ਹਾਈ

ਅਲੀ ਰਾਜਪੁਰਾ
9417679302

ਨੋਟ:  ਲੇਖਕ ਦੀ ਇਹ 'ਹੱਡ ਬੀਤੀ ਜੱਗ ਬੀਤੀ ਤੁਹਾਨੂੰ ਕਿਵੇਂ ਲੱਗੀ ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News