ਗੈਸ ਨਾ ਭਰਨ ’ਤੇ ਭੜਕੇ ਆਟੋ ਰਿਕਸ਼ਾ ਚਾਲਕਾਂ ਨੇ  ਲਾਇਆ ਧਰਨਾ

08/07/2018 6:46:24 AM

ਜਲੰਧਰ, (ਰਾਜੇਸ਼)— ਪੈਟਰੋਲ ਪੰਪ ਦੇ ਕਰਿੰਦਿਆਂ ਵਲੋਂ ਗੈਸ ਨਾ ਪਾਉਣ ਤੋਂ ਭੜਕੇ ਆਟੋ  ਰਿਕਸ਼ਾ ਚਾਲਕਾਂ ਨੇ ਰੇਰੂ ਪਿੰਡ ਨਜ਼ਦੀਕ ਮੇਨ ਜੀ. ਟੀ. ਰੋਡ ’ਤੇ ਪੈਟਰੋਲ ਪੰਪ ਖਿਲਾਫ  ਧਰਨਾ ਦਿੱਤਾ ਅਤੇ ਜਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਆਟੋ ਰਿਕਸ਼ਾ ਚਾਲਕ ਪੁਸ਼ਪਿੰਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਦੇ ਆਟੋ ਗੈਸ ਨਾਲ ਚੱਲਦੇ ਹਨ ਅਤੇ ਸ਼ਹਿਰ ਵਿਚ ਸਿਰਫ ਇਕ-ਦੋ ਹੀ  ਅਜਿਹੇ ਪੈਟਰੋਲ ਪੰਪ ਹਨ, ਜਿਥੋਂ ਉਹ ਆਪਣੇ ਆਟੋ ਵਿਚ ਗੈਸ ਭਰਵਾਉਂਦੇ ਹਨ। ਉਨ੍ਹਾਂ ਨੇ  ਕਿਹਾ ਕਿ ਰੇਰੂ ਨਜ਼ਦੀਕ ਸਥਿਤ ਇਕ ਪੈਟਰੋਲ ਪੰਪ ’ਤੇ ਉਹ ਜਦ ਵੀ ਗੈਸ ਭਰਵਾਉਣ ਲਈ ਜਾਂਦੇ  ਹਨ ਤਾਂ ਉਨ੍ਹਾਂ ਨਾਲ ਕਰਿੰਦੇ ਦੁਰਵਿਵਹਾਰ ਕਰਦੇ ਹਨ ਅਤੇ ਗੈਸ ਨਹੀਂ ਭਰਦੇ। ਉਨ੍ਹਾਂ  ਕਿਹਾ ਕਿ ਗੈਸ ਨਾ ਭਰ ਪਾਉਣ ਕਾਰਨ ਉਹ ਆਪਣੇ ਆਟੋ ਨਹੀਂ ਚਲਾ ਪਾਉਂਦੇ, ਜਿਸ ਕਾਰਨ ਉਨ੍ਹਾਂ  ਨੂੰ ਆਪਣੀ ਆਟੋ ਦੀ ਕਿਸ਼ਤ ਦੇਣ ਵਿਚ ਮੁਸ਼ਕਲ ਹੋ ਜਾਂਦੀ ਹੈ। ਅੱਜ ਵੀ ਕਈ ਆਟੋ ਰਿਕਸ਼ਾ ਚਾਲਕ  ਪੰਪ 'ਤੇ ਲਾਈਨ ਵਿਚ ਆਪਣੇ ਆਟੋ ਲੈ ਕੇ ਗੈਸ ਭਰਵਾਉਣ ਲਈ ਖੜ੍ਹੇ ਸਨ। ਜਦ ਉਨ੍ਹਾਂ ਦੀ  ਵਾਰੀ ਆਈ ਤਾਂ ਕਹਿ ਦਿੱਤਾ ਗਿਆ ਕਿ ਗੈਸ ਖਤਮ ਹੋ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਧਰਨਾ  ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪੰਪ ’ਤੇ ਬਾਕੀ ਗੱਡੀਆਂ ਵਿਚ ਪੈਟਰੋਲ ਤੇ  ਗੈਸ ਭਰੀ ਜਾ ਰਹੀ ਸੀ। ਪੰਪ ਦੇ ਮਾਲਕ, ਮੈਨੇਜਰ ਅਤੇ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਨੂੰ  ਗੈਸ ਭਰਨ ਦਾ ਭਰੋਸਾ ਦਿੰਦੇ ਹੋਏ ਸ਼ਾਂਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਰਨਾ  ਖਤਮ ਕਰ ਦਿੱਤਾ। 
 


Related News