ਪਰਿਵਾਰ ਨੂੰ ਆਸਟਰੇਲੀਆ ਭੇਜਣ ਦਾ ਲਾਰਾ ਲਾ ਕੇ ਠੱਗੇ 25 ਲੱਖ ਰੁਪਏ

Wednesday, Dec 15, 2021 - 04:05 PM (IST)

ਪਰਿਵਾਰ ਨੂੰ ਆਸਟਰੇਲੀਆ ਭੇਜਣ ਦਾ ਲਾਰਾ ਲਾ ਕੇ ਠੱਗੇ 25 ਲੱਖ ਰੁਪਏ

ਫਿਰੋਜ਼ਪੁਰ (ਮਲਹੋਤਰਾ) : ਇਕ ਪਰਿਵਾਰ ਨੂੰ ਆਸਟਰੇਲੀਆ ਭੇਜਣ ਦਾ ਲਾਰਾ ਲਗਾ ਕੇ ਉਸ ਕੋਲੋਂ 25 ਲੱਖ ਰੁਪਏ ਠੱਗਣ ਵਾਲੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਵਾਸੀ ਸੂਰਜ ਐਵੇਨਿਊ ਨੇ 15 ਅਪ੍ਰੈਲ ਨੂੰ ਜ਼ਿਲ੍ਹਾ ਪੁਲਸ ਕੋਲ ਸ਼ਿਕਾਇਤ ਕੀਤੀ ਕਿ ਉਸ ਨੇ ਪਰਿਵਾਰ ਸਮੇਤ ਵਿਦੇਸ਼ ਜਾਣ ਲਈ ਪ੍ਰਦੀਪ ਕੁਮਾਰ ਵਾਸੀ ਭਾਰਤ ਨਗਰ ਹਾਲ ਆਬਾਦ ਸਰਾਭਾ ਨਗਰ ਲੁਧਿਆਣਾ ਦੇ ਨਾਲ ਸੰਪਰਕ ਕੀਤਾ ਸੀ।

ਪ੍ਰਦੀਪ ਕੁਮਾਰ ਨੇ ਉਸ ਨੂੰ ਇਸ ਲਾਰੇ ਵਿਚ ਲੈ ਲਿਆ ਕਿ ਉਹ ਉਸ ਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਆਸਟਰੇਲੀਆ ਭੇਜ ਦੇਵੇਗਾ ਅਤੇ ਇਸ ਕੰਮ ਦੇ ਲਈ ਉਸ ਨੇ ਵੱਖ-ਵੱਖ ਸਮੇਂ ’ਤੇ 25 ਲੱਖ ਰੁਪਏ ਲੈ ਲਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਦੇਣ ਦੇ ਬਾਵਜੂਦ ਦੋਸ਼ੀ ਨੇ ਜਦ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਏ.ਐੱਸ.ਆਈ. ਨੇ ਦੱਸਿਆ ਕਿ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਉਪਰੰਤ ਪ੍ਰਦੀਪ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।


author

Gurminder Singh

Content Editor

Related News