ਮਾਮੀ ਨੇ ਭਾਣਜੀ ਨਾਲ ਪਾਰ ਕੀਤੀਆਂ ਇਨਸਾਨੀਅਤ ਦੀਆਂ ਹੱਦਾਂ, ਕਰਤੂਤ ਸੁਣ ਸ਼ਰਮ ਨਾਲ ਝੁੱਕ ਜਾਣ ਅੱਖਾਂ
Monday, Sep 18, 2017 - 07:47 PM (IST)
ਦੋਰਾਹਾ (ਗੁਰਮੀਤ ਕੌਰ) : ਦੋਰਾਹਾ ਦੇ ਨੇੜਲੇ ਪਿੰਡ ਮਲੀਪੁਰ ਵਿਖੇ ਹਵਸ ਦੀ ਭੁੱਖ 'ਚ ਅੰਨ੍ਹੇ ਹੋਏ ਇਕ ਨੌਜਵਾਨ ਨੇ ਜਿਥੇ ਨਾਬਾਲਿਗਾ ਲੜਕੀ ਨੂੰ ਜਬਰ-ਜ਼ਨਾਹ ਕਰਕੇ ਗਰਭਵਤੀ ਕਰ ਦਿੱਤਾ, ਉਥੇ ਹੀ ਦੂਜੇ ਪਾਸੇ ਨਾਬਾਲਿਗਾ ਦੀ ਮਾਮੀ ਨੇ ਵੀ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਪਿੰਡ ਦੇ ਹੀ ਨੌਜਵਾਨ ਨਾਲ ਆਪਣੀ ਨਾਬਾਲਿਗ ਭਾਣਜੀ ਦੇ ਜ਼ਬਰਨ ਸੰਬੰਧ ਬਣਵਾਏ। ਦੋਰਾਹਾ ਪੁਲਸ ਨੇ ਨਾਬਾਲਿਗਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰਵਿੰਦਰ ਸਿੰਘ ਰਵੀ ਪੁੱਤਰ ਜਰਨੈਲ ਸਿੰਘ ਅਤੇ ਸ਼ਿਮਲਾ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਮਲੀਪੁਰ ਥਾਣਾ ਦੋਰਾਹਾ ਜ਼ਿਲਾ ਲੁਧਿਆਣਾ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਨਾਬਾਲਿਗਾ ਰਮਨਦੀਪ ਕੌਰ (ਕਾਲਪਨਿਕ ਨਾਂ) ਦੀ ਮਾਤਾ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਨਾਬਾਲਿਗਾ ਦੀ ਮਾਮੀ ਸ਼ਿਮਲਾ ਉਸਦੀ ਲੜਕੀ ਨੂੰ ਕੰਮ ਕਰਨ ਲਈ ਪਿੰਡ ਅੜ੍ਹੈਚਾਂ ਵਿਖੇ ਅੰਗਰੇਜ਼ ਸਿੰਘ ਦੇ ਖੇਤਾਂ 'ਚ ਲੈ ਕੇ ਜਾਂਦੀ ਸੀ। ਜਿਥੇ ਸ਼ਿਮਲਾ ਨੇ ਉਸਦੀ ਨਾਬਾਲਿਗ ਬੇਟੀ 'ਤੇ ਦਬਾਅ ਪਾ ਕੇ ਰਵਿੰਦਰ ਸਿੰਘ ਰਵੀ ਨਾਲ ਸਰੀਰਕ ਸੰਬੰਧੀ ਬਣਵਾਏ ਅਤੇ ਚਾਰ ਵਾਰ ਖੇਤਾਂ 'ਚ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਵਾਇਆ। ਦਰਖਾਸਤਕਰਤਾ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੇ ਘਰ ਆ ਕੇ ਵੀ ਨਾਬਾਲਿਗਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ ਕਿ ਜੇਕਰ ਉਹ ਕਿਸੇ ਨੂੰ ਦੱਸੇਗੀ ਤਾਂ ਉਸਨੂੰ ਜਾਨੋਂ ਮਾਰ ਦੇਵੇਗਾ। ਬਾਅਦ 'ਚ ਨਾਬਾਲਿਗਾ ਗਰਭਵਤੀ ਹੋ ਗਈ, ਜਿਸਦਾ ਪਤਾ ਉਸਦੇ ਮਾਪਿਆਂ ਨੂੰ ਲੱਗਾ। ਸ਼ਿਕਾਇਤਕਰਤਾ ਨੇ ਘਟਨਾ ਦੀ ਸਾਰੀ ਜਾਣਕਾਰੀ ਪੁਲਸ ਨੂੰ ਦੱਸੀ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
