ਔਜਲਾ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

03/06/2018 6:16:55 AM

ਅੰਮ੍ਰਿਤਸਰ,  (ਵਾਲੀਆ/ਨੀਰਜ)-  ਜ਼ਿਲਾ ਡਿਵੈੱਲਪਮੈਂਟ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਦੌਰਾਨ ਜ਼ਿਲੇ ਵਿਚ ਐੱਮ.ਪੀ. ਲੈੱਡ ਫੰਡਾਂ ਅਤੇ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। 
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਸਿੰਘ, ਮੁੱਖ ਪ੍ਰਸ਼ਾਸਕ ਪੁੱਡਾ, ਸ਼੍ਰੀਮਤੀ ਦੀਪਤੀ ਉੱਪਲ ਅਮਰੀਕ ਸਿੰਘ ਪਵਾਰ, ਡਿਪਟੀ ਕਮਿਸ਼ਨਰ ਪੁਲਸ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸੌਰਭ ਅਰੋੜਾ, ਸਿਵਲ ਸਰਜਨ ਸ਼੍ਰੀਮਤੀ ਨਰਿੰਦਰ ਕੌਰ, ਜ਼ਿਲਾ ਸਮਾਜਿਕ ਅਤੇ ਸੁਰੱਖਿਆ ਅਫ਼ਸਰ ਨਰਿੰਦਰਜੀਤ ਸਿੰਘ ਪਨੂੰ, ਮੁੱਖ ਖੇਤੀਬੜੀ ਅਫਸਰ ਦਲਬੀਰ ਸਿੰਘ ਛੀਨਾ, ਜ਼ਿਲਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ ਤੋਂ ਇਲਾਵਾ ਸਾਰੇ ਬੀ. ਡੀ. ਪੀ. ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। 
ਮੀਟਿੰਗ ਦੌਰਾਨ ਔਜਲਾ ਨੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਮਗਨਰੇਗਾ, ਨੈਸ਼ਨਲ ਰੂਰਲ ਅਰਬਨ ਮਿਸ਼ਨ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ੱਲਿਆ ਯੋਜਨਾ, ਐੱਮ.ਪੀ. ਲੈਂਡ ਸਕੀਮ ਅਤੇ ਬਾਰਡਰ ਏਰੀਆ ਡਿਵੈੱਲਪਮੈਂਟ ਸਕੀਮ, ਦੀਨ ਦਿਆਲ ਅਨਤੋਦਿਆ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਨੈਸ਼ਨਲ ਸੋਸ਼ਲ ਅਸਿਸਮੈਂਟ ਪ੍ਰੋਗਰਾਮ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਰਬਨ ਤੇ ਗ੍ਰਾਮੀਣ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਡਿਜੀਟਲ ਇੰਡੀਆ ਲੈਂਡ ਰਿਕਾਰਡ ਮਾਡਰਨਾਈਜ਼ੇਸ਼ਨ ਪ੍ਰੋਗਰਾਮ, ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਨ੍ਹਾਂ ਯੋਜਨਾਵਾਂ ਤਹਿਤ ਕਰਵਾਏ ਗਏ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। 
ਸ. ਔਜਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਸੜਕਾਂ ਦੀ ਮੁਰੰਮਤ ਤੇ ਉਸਾਰੀ ਤੁਰੰਤ ਕਰਵਾਈ ਜਾਵੇ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਦੀ ਲੇਬਰ ਦੀ ਸਹੂਲਤ ਲਈ ਅਸਥਾਈ ਤੌਰ 'ਤੇ ਟਾਇਲਟ ਬਣਾਏ ਜਾਣ ਤਾਂ ਜੋ ਸੜਕਾਂ ਤੇ ਗੰਦਗੀ ਨਾ ਫੈਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਸਬੰਧਤ ਠੇਕੇਦਾਰ ਖਿਲਾਫ ਪਰਚਾ ਵੀ ਦਰਜ ਕਰਵਾਇਆ ਜਾਵੇ। ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੜਕਾਂ ਦਾ ਡਿਜ਼ਾਇਨ ਆਉਂਦੇ 5-10 ਸਾਲਾਂ ਦੇ ਸਮੇਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾਵੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇੰਡੀਆ ਗੇਟ ਤੋਂ ਅਟਾਰੀ ਤੱਕ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਵੇ। 
ਇਸ ਸਮੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਜ਼ਿਲੇ ਵਿਚ ਐੱਮ. ਪੀ. ਲੈੱਡ ਫੰਡ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ ਮਹੀਨੇ ਵਿਚ ਅੰਮ੍ਰਿਤਸਰ ਨੂੰ ਸ਼ੌਚ ਮੁਕਤ ਜ਼ਿਲਾ ਐਲਾਨਿਆ ਜਾਵੇਗਾ। 


Related News