ਜ਼ਿਲੇ ''ਚ 24 ਗਰੁੱਪ ਬਣਾ ਕੇ ਠੇਕਿਆਂ ਦੀ ਕੀਤੀ ਨੀਲਾਮੀ
Tuesday, Mar 27, 2018 - 12:19 AM (IST)

ਗੁਰਦਾਸਪੁਰ, (ਵਿਨੋਦ, ਦੀਪਕ)- ਜ਼ਿਲਾ ਗੁਰਦਾਸਪੁਰ 'ਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਦਾ ਕੰਮ ਸਫਲਤਾਪੂਰਵਕ ਸੰਪੰਨ ਹੋਇਆ। ਇਹ ਸਾਰੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਅਤੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਅਤੇ ਸਹਾਇਕ ਆਬਕਾਰੀ ਤੇ ਕਰ-ਕਮਿਸ਼ਨਰ ਵੀਰ ਪ੍ਰਕਾਸ਼ ਸਿੰਘ ਦੀ ਅਗਵਾਈ 'ਚ ਸੰਪੰਨ ਹੋਈ।
ਜਾਣਕਾਰੀ ਦਿੰਦੇ ਹੋਏ ਈ. ਟੀ. ਓ. ਐੱਸ. ਐੱਸ. ਚਾਹਲ ਅਤੇ ਇੰਸਪੈਕਟਰ ਨਵਤੇਜ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ 'ਚ 24 ਗਰੁੱਪ ਬਣਾ ਕੇ ਅੱਜ ਠੇਕਿਆਂ ਦੀ ਨੀਲਾਮੀ ਕੀਤੀ ਗਈ। ਇਨ੍ਹਾਂ 24 ਗਰੁੱਪਾਂ 'ਚ 125 ਅੰਗਰੇਜ਼ੀ ਤੇ 205 ਦੇਸੀ ਸ਼ਰਾਬ ਦੇ ਠੇਕੇ ਸ਼ਾਮਲ ਹਨ। ਇਨ੍ਹਾਂ ਠੇਕਿਆਂ ਦੀ ਨੀਲਾਮੀ ਸਬੰਧੀ ਜੋ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਉਸ ਤੋਂ ਵਿਭਾਗ ਨੂੰ 7 ਕਰੋੜ 20 ਲੱਖ ਰੁਪਏ ਦੀ ਆਮਦਨ ਹੋਈ ਸੀ, ਜਦਕਿ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਤੋਂ ਇਸ ਵਾਰ 139 ਕਰੋੜ 34 ਲੱਖ ਰੁਪਏ ਦੀ ਆਮਦਨ ਹੋਵੇਗੀ।
ਇਨ੍ਹਾਂ ਅਧਿਕਾਰੀਆਂ ਅਨੁਸਾਰ ਬੀਤੇ ਸਾਲ ਸ਼ਰਾਬ ਦੇ ਠੇਕਿਆਂ ਤੋਂ ਜੋ ਆਮਦਨ ਹੋਈ ਸੀ, ਉਹ 139 ਕਰੋੜ 90 ਲੱਖ ਸੀ। ਇਸੇ ਤਰ੍ਹਾਂ ਵਿਭਾਗ ਨੂੰ ਸਰਕਾਰ ਦੀ ਉਦਾਰਵਾਦੀ ਨੀਤੀਆਂ ਦੌਰਾਨ ਲਗਭਗ 56 ਲੱਖ ਰੁਪਏ ਮਾਲੀਆ ਦਾ ਨੁਕਸਾਨ ਵੀ ਹੋਇਆ ਹੈ। ਉਕਤ ਅਧਿਕਾਰੀਆਂ ਅਨੁਸਾਰ ਇਸ ਸਾਲ 3-4 ਔਰਤਾਂ ਨੇ ਸ਼ਰਾਬ ਦੇ ਠੇਕੇ ਪ੍ਰਾਪਤ ਕਰਨ ਲਈ ਅਪਲਾਈ ਜ਼ਰੂਰ ਕੀਤਾ ਸੀ ਪਰ ਕਿਸੇ ਵੀ ਔਰਤ ਦਾ ਡਰਾਅ 'ਚ ਨਾਂ ਨਹੀਂ ਨਿਕਲਿਆ।ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੇਸ਼ੱਕ ਇਸ ਵਾਰ ਕਿਸੇ ਵਿਸ਼ੇਸ਼ ਗਰੁੱਪ ਨੂੰ ਸ਼ਰਾਬ ਦੇ ਠੇਕਿਆਂ ਦੀ ਹੋਈ ਨੀਲਾਮੀ 'ਚ ਇਕਾਧਿਕਾਰ ਪ੍ਰਾਪਤ ਨਹੀਂ ਹੋਇਆ ਹੈ ਪਰ ਜੈਂਤੀਪੁਰ ਗਰੁੱਪ ਅਤੇ ਪਰਮਾਨੰਦ ਗਰੁੱਪ ਜ਼ਿਆਦਾਤਰ ਠੇਕੇ ਪ੍ਰਾਪਤ ਕਰਨ 'ਚ ਸਫ਼ਲ ਰਹੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ 'ਚ ਘਟੀਆ ਕਵਾਲਿਟੀ ਦੀ ਸ਼ਰਾਬ ਜ਼ਿਲਾ ਗੁਰਦਾਸਪੁਰ 'ਚ ਨਹੀਂ ਵਿਕਣ ਦਿੱਤੀ ਜਾਵੇਗੀ ਅਤੇ ਵਿਭਾਗ ਇਸ ਸਬੰਧੀ ਪੂਰੀ ਤਰ੍ਹਾਂ ਨਜ਼ਰ ਰੱਖੇਗਾ।