ਪ੍ਰੇਮੀ ਤੋਂ ਦੁਖੀ ਲੜਕੀ ਅਤੇ ਪਤਨੀ ਤੋਂ ਪ੍ਰੇਸ਼ਾਨ ਪਤੀ ਨੇ ਭਾਖੜਾ 'ਚ ਮਾਰੀ ਛਾਲ
Monday, Dec 04, 2017 - 08:11 AM (IST)
ਪਟਿਆਲਾ (ਬਲਜਿੰਦਰ) - ਅੱਜ ਪ੍ਰੇਮੀ ਤੋਂ ਦੁਖੀ ਇਕ ਲੜਕੀ ਨੇ ਅਤੇ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਇਕ ਪਤੀ ਨੇ ਨਾਭਾ ਰੋਡ ਕੋਲੋਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਇਨ੍ਹਾਂ ਘਟਨਾਵਾਂ ਨਾਲ ਇਕਦਮ ਤਰਥੱਲੀ ਮਚ ਗਈ। ਦੋਵਾਂ ਨੂੰ ਗੋਤਾਖੋਰਾਂ ਨੇ ਬਚਾਅ ਲਿਆ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ। ਮੌਕੇ 'ਤੇ ਪਹੁੰਚੇ ਥਾਣਾ ਸਿਵਲ ਲਾਈਨਜ਼ ਦੇ ਐੈੱਸ. ਐੈੱਚ. ਓ. ਡੀ. ਐੈੱਸ. ਪੀ. ਸਿਮਰਨਜੀਤ ਸਿੰਘ ਲੰਗ ਨੇ ਬਿਆਨਾਂ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ। ਮਿਲੀ ਜਾਣਕਾਰੀ ਅਨੁਸਾਰ ਅੱਜ ਪਹਿਲਾਂ ਇਕ 19 ਸਾਲਾ ਲੜਕੀ ਨੇ ਭਾਖੜਾ ਵਿਚ ਛਾਲ ਮਾਰ ਦਿੱਤੀ। ਲੜਕੀ ਨੂੰ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਅਗਵਾਈ ਹੇਠ ਗੋਤਾਖੋਰਾਂ ਨੇ ਕੱਢ ਲਿਆ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ ਆਪਣੇ ਪ੍ਰੇਮੀ ਤੋਂ ਪ੍ਰੇਸ਼ਾਨ ਹੋ ਕੇ ਭਾਖੜਾ ਵਿਚ ਛਾਲ ਮਾਰੀ। ਉਸ ਨੂੰ ਡੀ. ਐੈੱਸ. ਪੀ. ਲੰਗ ਨੇ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਭੇਜ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪਰਿਵਾਰ ਵਾਲੇ ਵੀ ਪਹੁੰਚ ਗਏ।
ਇਸ ਤੋਂ ਕੁੱਝ ਦੇਰ ਬਾਅਦ ਹੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਅਵਿਨਾਸ਼ ਕੁਮਾਰ ਪੁੱਤਰ ਮੰਗਤ ਕੁਮਾਰ ਵਾਸੀ ਗੁਰਬਖਸ਼ ਕਾਲੋਨੀ ਨੇ ਵੀ ਛਾਲ ਮਾਰ ਦਿੱਤੀ। ਉਸ ਨੂੰ ਖੁਦ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਛਾਲ ਲਾ ਕੇ ਭਾਖੜਾ ਵਿਚੋਂ ਕੱਢਿਆ। ਅਵਿਨਾਸ਼ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਉਸ ਦੀਆਂ ਦੋ ਲੜਕੀਆਂ ਹਨ, ਜਿਨ੍ਹਾਂ ਕਰ ਕੇ ਉਹ ਅਕਸਰ ਚੁੱਪ ਰਹਿੰਦਾ ਸੀ। ਹੁਣ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਇਸ ਲਈ ਉਸ ਨੇ ਤੰਗ ਆ ਕੇ ਆਤਮ-ਹੱਤਿਆ ਕਰਨ ਲਈ ਭਾਖੜਾ ਨਹਿਰ ਵਿਚ ਛਾਲ ਮਾਰੀ। ਪੁਲਸ ਨੇ ਅਵਿਨਾਸ਼ ਨੂੰ ਵੀ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ।
ਆਤਮ-ਹੱਤਿਆਵਾਂ ਪਿੱਛੇ ਘਰੇਲੂ ਝਗੜੇ ਵੱਡਾ ਕਾਰਨ
ਆਤਮ-ਹੱਤਿਆਵਾਂ ਦੀਆਂ ਜਿੰਨੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਘਰੇਲੂ ਝਗੜੇ ਸਭ ਤੋਂ ਵੱਡਾ ਕਾਰਨ ਹਨ। ਇਨ੍ਹਾਂ ਵਿਚ ਜਾਂ ਤਾਂ ਪਤੀ-ਪਤਨੀ ਨੇ ਝਗੜ ਕੇ ਦੋਵਾਂ ਵਿਚ ਇੱਕ ਨੇ ਆਤਮ-ਹੱਤਿਆ ਦੀ ਕੋਸ਼ਿਸ ਕੀਤੀ ਜਾਂ ਫਿਰ ਬੱਚਿਆਂ ਤੋਂ ਪ੍ਰੇਸ਼ਾਨ ਬਜ਼ੁਰਗ ਮਾਪਿਆਂ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ।
ਕੀਮਤੀ ਜਾਨਾਂ ਬਚਾਉਣ ਵਾਲੇ ਗੋਤਾਖੋਰਾਂ ਨੂੰ ਸਰਕਾਰ ਨੇ ਅਣਗੌਲਿਆ
ਭਾਖੜਾ ਨਹਿਰ ਵਿਚ ਵਿਖੇ ਤਾਇਨਾਤ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਂਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਭਾਖੜਾ ਨਹਿਰ ਦੇ ਕਿਨਾਰੇ ਟੈਂਟ ਵਿਚ ਸਰਦੀ 'ਚ ਰਹਿਣਾ ਪੈ ਰਿਹਾ ਹੈ। ਗੋਤਾਖੋਰਾਂ ਨੂੰ ਪਰਿਵਾਰਕ ਗੁਜ਼ਾਰੇ ਲਈ ਵੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
