ਸਹੁਰੇ ਘਰੋਂ ਪਤਨੀ ਨੂੰ ਲੈਣ ਗਏ ''ਤੇ ਹਮਲਾ

Tuesday, Aug 15, 2017 - 07:49 AM (IST)

ਸਹੁਰੇ ਘਰੋਂ ਪਤਨੀ ਨੂੰ ਲੈਣ ਗਏ ''ਤੇ ਹਮਲਾ

ਜਲੰਧਰ, (ਪ੍ਰੀਤ)- ਪੇਕੇ ਆਈ ਪਤਨੀ ਨੂੰ ਲੈਣ ਆਏ ਜਵਾਈ 'ਤੇ ਉਸਦੇ ਸਹੁਰੇ ਵਾਲਿਆਂ ਨੇ ਹਮਲਾ ਕਰ ਦਿੱਤਾ। ਸਹੁਰੇ ਧਿਰ ਦੇ ਲੋਕਾਂ ਨੇ ਜਵਾਈ ਗੌਰਵ ਬਜਾਜ ਨੂੰ ਘਰ 'ਚ ਹੀ ਬੰਦੀ ਬਣਾ ਲਿਆ ਤੇ ਕੁੱਟਮਾਰ ਕੀਤੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦੋਸ਼ੀਆਂ ਨੇ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਖੁਦ ਹੀ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਗਹਿਰਾਈ ਨਾਲ ਜਾਂਚ ਤੋਂ ਬਾਅਦ ਸਹੁਰੇ ਪੱਖ ਦੇ ਤਿੰਨ ਲੋਕਾਂ 'ਤੇ ਕੁੱਟਮਾਰ ਕਰਨ ਤੇ ਬੰਦੀ ਬਣਾਉਣ ਦੇ ਦੋਸ਼ 'ਚ ਕੇਸ ਦਰਜ ਕਰ ਲਿਆ। 
ਲੁਧਿਆਣਾ ਵਾਸੀ ਗੌਰਵ ਬਜਾਜ ਨੇ ਦੱਸਿਆ ਕਿ ਉਸ ਦਾ ਵਿਆਹ ਅਲੀਸ਼ਾ ਪੁੱਤਰੀ ਦੀਪਕ ਨਾਗੀ ਵਾਸੀ ਸੂਰਿਆ ਵਿਹਾਰ ਨਾਲ ਜਨਵਰੀ 2012 'ਚ ਹੋਇਆ ਸੀ। ਕੁਝ ਦਿਨ ਪਹਿਲਾਂ ਅਲੀਸ਼ਾ ਪਰਿਵਾਰ 'ਚ ਝਗੜੇ ਤੋਂ ਬਾਅਦ ਪੇਕੇ ਆ ਗਈ। ਗੌਰਵ ਬਜਾਜ ਨੇ ਦੱਸਿਆ ਕਿ 11 ਅਗਸਤ ਦੀ ਰਾਤ ਕਰੀਬ 10.30 ਵਜੇ ਉਹ ਆਪਣੀ ਪਤਨੀ ਅਲੀਸ਼ਾ ਤੇ ਬੱਚਿਆਂ ਨੂੰ ਲੈਣ ਲਈ ਆਪਣੇ ਸਹੁਰੇ ਪਹੁੰਚਿਆ, ਜਦੋਂ ਉਸਨੇ ਆਪਣੀ ਪਤਨੀ ਨੂੰ ਵਾਪਸ ਚੱਲਣ ਲਈ ਕਿਹਾ ਤਾਂ ਸਹੁਰੇ ਪੱਖ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ ਗਿਆ। 
ਗੌਰਵ ਨੇ ਦੋਸ਼ ਲਾਇਆ ਕਿ ਉਸ ਤੋਂ ਕਾਗਜ਼ਾਂ 'ਤੇ ਸਾਈਨ ਕਰਨ ਲਈ ਕਿਹਾ ਗਿਆ ਪਰ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੇ ਸਹੁਰੇ ਦੀਪਕ ਨਾਗੀ ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਆਪਣੀ ਭੈਣ ਕਿਰਨ ਨਾਗੀ ਨੂੰ ਬੁਲਾ ਲਿਆ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਘਰ 'ਚ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ ਤੇ ਉਸਦਾ ਮੋਬਾਇਲ ਖੋਹ ਲਿਆ ਗਿਆ ਤੇ ਫਿਰ ਖੁਦ ਹੀ ਪੀ. ਸੀ. ਆਰ. ਨੂੰ ਬੁਲਾ ਲਿਆ ਗਿਆ। ਉਸਨੇ ਥਾਣਾ ਨੰ. 1 'ਚ ਸ਼ਿਕਾਇਤ ਕੀਤੀ ਹੈ। ਥਾਣਾ ਨੰ. 1 ਦੇ ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ-ਪੜਤਾਲ ਤੋਂ ਬਾਅਦ ਦੀਪਕ ਨਾਗੀ, ਕਿਰਨ ਨਾਗੀ ਤੇ ਬਿੱਲਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।


Related News