ਰਸਤੇ ਨੂੰ ਲੈ ਕੇ ਸਰਪੰਚ ''ਤੇ ਹਮਲਾ
Friday, Jun 30, 2017 - 01:35 AM (IST)

ਹੁਸ਼ਿਆਰਪੁਰ, (ਜ.ਬ.)- ਪਿੰਡ ਮੇਘੋਵਾਲ 'ਚ ਰਸਤੇ ਦੀ ਮਿੱਟੀ ਹਟਾਉਣ ਨੂੰ ਲੈ ਕੇ ਪਿੰਡ ਦੇ ਕੁਝ ਨੌਜਵਾਨਾਂ ਨੇ ਸਰਪੰਚ 'ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਲੋਕਾਂ ਨੇ ਜ਼ਖ਼ਮੀ ਸਰਪੰਚ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ 'ਚ ਜ਼ੇਰੇ ਇਲਾਜ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਰਪੰਚ ਸੁਰਜੀਤ ਸਿੰਘ ਅਣਖੀ ਨੇ ਦੱਸਿਆ ਕਿ ਪਿੰਡ ਦੇ ਨਾਲੇ ਦਾ ਕੁਝ ਕੰਮ ਅਧੂਰਾ ਸੀ। ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਨੇ ਨਾਲੇ 'ਤੇ ਮਿੱਟੀ ਪਾ ਕੇ ਉਸ ਨੂੰ ਉੱਚਾ ਕਰ ਦਿੱਤਾ ਸੀ। ਦੋ ਦਿਨ ਪਹਿਲਾਂ ਦੀ ਬਾਰਿਸ਼ ਤੋਂ ਬਾਅਦ ਬੰਦ ਹੋਏ ਨਾਲੇ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ 'ਚ ਜਾਣ ਲੱਗਾ।
ਲੋਕਾਂ ਦੀ ਸ਼ਿਕਾਇਤ 'ਤੇ ਉਹ ਬੀਤੀ ਸ਼ਾਮ ਨਾਲੇ ਤੋਂ ਮਿੱਟੀ ਹਟਵਾਉਣ ਦਾ ਕੰਮ ਕਰਵਾ ਰਹੇ ਸਨ। ਇਸ ਦੌਰਾਨ ਰਸਤੇ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਮੈਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਭੋਗ 'ਚ ਚਲਾ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਉਕਤ ਨੌਜਵਾਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਥਾਣਾ ਬੁਲ੍ਹੋਵਾਲ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।