ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਦੇ ਘਰ ''ਤੇ ਹਮਲਾ, ਹਮਲਾਵਰਾਂ ਨੇ ਚਲਾਈਆਂ ਗੋਲੀਆਂ

Tuesday, Jun 23, 2020 - 02:02 PM (IST)

ਅੰਮ੍ਰਿਤਸਰ (ਛੀਨਾ) : ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਜਸਵਿੰਦਰ ਸਿੰਘ ਧੁੰਨਾ ਦੇ ਘਰ 'ਤੇ ਬੀਤੀ ਰਾਤ ਕੁਝ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੋਲੀ ਚਲਾਉਣ ਦਾ ਸਨਸਨੀਖੇਜ ਮਾਮਲਾ ਸਾਮਣੇ ਆਇਆ ਹੈ। ਜਿਸ ਤੋਂ ਬਾਅਦ ਥਾਣਾ ਬੀ. ਡਿਵੀਜ਼ਨ ਦੀ ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਹਮਲਾਵਰਾਂ ਦੇ ਖ਼ਿਲਾਫ ਪੁਲਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆ ਵਿਕਰਮਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਧੁੰਨਾ ਵਾਸੀ ਪ੍ਰੀਤਮ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਗਲੀ 'ਚ ਜਾ ਰਿਹਾ ਸੀ ਕਿ ਜਸਤੇਜ ਸਿੰਘ ਨਾਂ ਦਾ ਲੜਕਾ ਉਸ ਨਾਲ ਬਦਤਮੀਜ਼ੀ ਕਰਨ ਲੱਗ ਪਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ 'ਚ ਬਹਿਸਬਾਜ਼ੀ ਹੋ ਗਈ ਅਤੇ ਜਸਤੇਜ ਸਿੰਘ ਨੇ ਸ਼ਾਮ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਚਲਾ ਗਿਆ। ਵਿਕਰਮਜੀਤ ਨੇ ਦੱਸਿਆ ਕਿ ਸ਼ਾਮ ਵੇਲੇ ਜਦੋਂ ਉਹ ਘਰ ਦੇ ਕਿਸੇ ਕੰਮ ਲਈ 100 ਫੁੱਟ ਰੋਡ 'ਤੇ ਗਿਆ ਤਾਂ ਪਹਿਲਾਂ ਤੋਂ ਹੀ ਪੂਰੀ ਵਿਉਂਤਬੰਦੀ ਨਾਲ ਤਿਆਰ ਖੜ੍ਹੇ ਜਸਤੇਜ ਸਿੰਘ ਅਤੇ ਉਸ ਦੇ ਸਾਥੀਆ ਨੇ ਉਸ 'ਤੇ ਹਮਲਾ ਕਰ ਦਿਤਾ, ਜਿੰਨਾ ਕੋਲੋਂ ਉਹ ਬੜੀ ਮੁਸ਼ਕਲ ਭੱਜ ਸਕਿਆ। 

ਇਹ ਵੀ ਪੜ੍ਹੋ ► ਸੁਖਬੀਰ ਲੁਧਿਆਣੇ ਦੇ 'ਹਿੰਦੂ ਨੇਤਾ' 'ਤੇ ਹੋਣਗੇ ਦਿਆਲ!

ਵਿਕਰਮਜੀਤ ਨੇ ਦੱਸਿਆ ਕਿ ਰਾਤ ਦੇ ਕਰੀਬ 10:40 ਵਜੇ ਜਸਤੇਜ ਅਤੇ ਉਸ ਦਾ ਚਾਚਾ ਆਪਣੇ 10-12 ਦੇ ਕਰੀਬ ਸਾਥੀਆਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਆਏ, ਜਿੰਨਾ ਕੋਲ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸੀ, ਨੇ ਆਉਂਦਿਆਂ ਹੀ ਗਾਲੀ-ਗਲੋਚ ਕਰਦਿਆਂ ਉਨ੍ਹਾਂ ਦੇ ਘਰ ਤੋਂ ਬਾਹਰ ਆਉਣ ਲਈ ਵੰਗਾਰਣਾ ਸ਼ੁਰੂ ਕਰ ਦਿਤਾ ਅਤੇ ਦਹਿਸ਼ਤ ਪਾਉਣ ਲਈ ਘਰ ਦੀ ਛੱਤ ਵੱਲ ਸਿੱਧੀ ਗੋਲੀ ਚਲਾਉਣ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਘਰ ਦੇ ਸ਼ੀਸ਼ੇ ਵੀ ਭੰਨ ਦਿਤੇ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ.ਕੈਮਰਿਆ 'ਚ ਵੀ ਕੈਦ ਹੋ ਚੁੱਕੀ ਹੈ। ਵਿਕਰਮਜੀਤ ਨੇ ਦੱਸਿਆ ਕਿ ਇਸ ਘਟਨਾ ਦੇ ਬਾਰੇ 'ਚ ਉਸ ਨੇ ਆਪਣੇ ਪਿਤਾ ਜਸਵਿੰਦਰ ਸਿੰਘ ਧੁੰਨਾ ਨੂੰ ਸਾਰੀ ਜਾਣਕਾਰੀ ਦਿਤੀ ਜੋ ਕਿ ਉਸ ਵੇਲੇ ਚੰਡੀਗੜ੍ਹ 'ਚ ਮੋਜੂਦ ਸਨ। ਉਨ੍ਹਾਂ ਨੇ ਤੁਰੰਤ ਪੁਲਸ ਕਮਿਸ਼ਨਰ ਨਾਲ ਗੱਲਬਾਤ ਕਰਕੇ ਮੌਕੇ 'ਤੇ ਪੁਲਸ ਭੇਜੀ ਤਾਂ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਏ। ਉਨ੍ਹਾ ਕਿਹਾ ਕਿ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਗੋਲੀ ਦਾ ਖੋਲ ਬਰਾਮਦ ਕਰਕੇ ਦੋਸ਼ੀ ਜਸਤੇਜ ਸਿੰਘ, ਉਸ ਦੇ ਚਾਚਾ ਅਤੇ 10-12 ਦੇ ਕਰੀਬ ਅਣਪਛਾਤੇ ਸਾਥੀਆਂ ਖ਼ਿਲਾਫ ਪੁਲਸ ਕੇਸ ਦਰਜ ਕਰ ਲਿਆ ਹੈ। ਇਸ ਮੌਕੇ 'ਤੇ ਜਸਵਿੰਦਰ ਸਿੰਘ ਧੁੰਨਾ ਨੇ ਕਿਹਾ ਕਿ ਤਾਲਾਬੰਦੀ 'ਚ ਵੀ ਜਿਹੜੇ ਲੋਕ ਗੁੰਡਾਗਰਦੀ ਤੋਂ ਕਰਨ ਤੋਂ ਬਾਜ਼ ਨਹੀ ਆ ਰਹੇ ਹਨ, ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਥਾਣਾ ਬੀ. ਡਿਵੀਜਨ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਹਮਲਾਵਰਾਂ 'ਤੇ ਪੁਲਸ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੂਰੀ ਸਰਗਰਮੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਪੰਜਾਬ ਦੀ ਅਕਾਲੀ ਸਿਆਸਤ 'ਚ ਵੱਡਾ ਧਮਾਕਾ, ਰੱਖੜਾ ਨੇ ਢੀਂਡਸਾ ਦਾ ਸਾਥ ਦੇਣ ਦਾ ਕੀਤਾ ਐਲਾਨ


Anuradha

Content Editor

Related News