ਗਾਲੀ-ਗਲੋਚ ਕਰਨ ਤੋਂ ਰੋਕਣ ''ਤੇ ਕੀਤਾ ਹਮਲਾ, 3 ਔਰਤਾਂ ਸਮੇਤ 11 ਨਾਮਜ਼ਦ

Monday, Feb 12, 2018 - 10:39 AM (IST)

ਗਾਲੀ-ਗਲੋਚ ਕਰਨ ਤੋਂ ਰੋਕਣ ''ਤੇ ਕੀਤਾ ਹਮਲਾ, 3 ਔਰਤਾਂ ਸਮੇਤ 11 ਨਾਮਜ਼ਦ


ਮੋਗਾ (ਆਜ਼ਾਦ) - ਪਿੰਡ ਜੀਂਦੜਾ 'ਚ ਸ਼ਰਾਬ ਪੀ ਕੇ ਗਾਲੀ-ਗਲੋਚ ਕਰਨ ਤੋਂ ਰੋਕਣ 'ਤੇ ਹੋਏ ਝਗੜੇ 'ਚ ਕੁਲਵਿੰਦਰ ਕੌਰ, ਉਸ ਦੇ ਪਤੀ ਦਰਸ਼ਨ ਸਿੰਘ, ਬੇਟੀ ਸੰਦੀਪ ਕੌਰ ਅਤੇ ਉਸ ਦੀ ਜੇਠਾਣੀ ਦੇ ਲੜਕੇ ਰਮਨ ਕੁਮਾਰ ਦੇ ਜ਼ਖਮੀ ਹੋਣ ਪਤਾ ਲੱਗਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਉਣਾ ਪਿਆ।  ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਕੁਲਵਿੰਦਰ ਕੌਰ ਦੇ ਬਿਆਨਾਂ 'ਤੇ ਦਰਸ਼ਨ ਸਿੰਘ, ਬਿੰਦਰ ਸਿੰਘ, ਸੁੱਖੀ, ਰਮੇਸ਼ ਸਿੰਘ ਉਰਫ ਮੇਸ਼ੀ, ਲਖਵਿੰਦਰ ਸਿੰਘ ਉਰਫ ਬੱਬੂ, ਵੀਰੋ, ਕੁਲਦੀਪ ਸਿੰਘ ਨਿਵਾਸੀ ਪਿੰਡ ਜੀਂਦੜਾ, ਸੋਮਾ ਅਤੇ ਦੇਬੂ ਨਿਵਾਸੀ ਪਿੰਡ ਕੈਲਾ ਅਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ ਘਰ ਅੰਦਰ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕੁਲਵਿੰਦਰ ਕੌਰ ਨੇ ਕਿਹਾ ਕਿ ਦੋਸ਼ੀ ਕੁਲਦੀਪ ਸਿੰਘ ਸ਼ਰਾਬ ਪੀ ਕੇ ਗਲੀ 'ਚ ਗਾਲੀ-ਗਲੋਚ ਕਰਦਾ ਸੀ, ਜਿਸ ਨੂੰ ਮੈਂ ਕਈ ਵਾਰ ਰੋਕਿਆ, ਜਿਸ ਕਾਰਨ ਉਹ ਸਾਡੇ ਨਾਲ ਰੰਜਿਸ਼ ਰੱਖਣ ਲੱਗਾ। 
ਅੱਜ ਜਦ ਮੈਂ ਪਰਿਵਾਰ ਸਮੇਂ ਆਪਣੇ ਘਰ 'ਚ ਸੀ ਤਾਂ ਦੋਸ਼ੀ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ ਅੰਦਰ ਦਾਖਲ ਹੋਏ ਅਤੇ ਕੁੱਟ-ਮਾਰ ਕਰਨ ਲੱਗੇ। ਉਕਤ ਝਗੜੇ 'ਚ ਮੇਰਾ ਪਤੀ ਦਰਸ਼ਨ ਸਿੰਘ, ਬੇਟੀ ਸੰਦੀਪ ਕੌਰ ਅਤੇ ਜੇਠਾਣੀ ਦਾ ਲੜਕਾ ਰਮਨ ਕੁਮਾਰ ਜ਼ਖਮੀ ਹੋ ਗਿਆ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਗਏ। ਰਮਨ ਕੁਮਾਰ ਅਤੇ ਸੰਦੀਪ ਕੌਰ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ, ਜਦਕਿ ਮੈਨੂੰ ਤੇ ਮੇਰੇ ਪਤੀ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਮੇਰੇ ਪਤੀ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਇਕ ਹੋਰ ਪ੍ਰਾਈਵੇਟ ਹਸਪਤਾਲ 'ਚ ਭੇਜਣਾ ਪਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News