NRI ਕੁੜੀ ''ਤੇ ਹਮਲਾ ਕਰਨ ਵਾਲੀ ਕੁੜੀ ਸਮੇਤ 2 ਖ਼ਿਲਾਫ਼ ਕੇਸ ਦਰਜ

Wednesday, Mar 08, 2023 - 02:07 PM (IST)

NRI ਕੁੜੀ ''ਤੇ ਹਮਲਾ ਕਰਨ ਵਾਲੀ ਕੁੜੀ ਸਮੇਤ 2 ਖ਼ਿਲਾਫ਼ ਕੇਸ ਦਰਜ

ਮੋਹਾਲੀ (ਸੰਦੀਪ) : ਇੱਥੇ ਫੇਜ਼-7 ਮਾਰਕਿਟ 'ਚ ਇਕ ਕੁੜੀ ਨੇ ਆਪਣੀ ਹੀ ਸਾਥੀ ਐੱਨ. ਆਰ. ਆਈ. ਕੁੜੀ ਨਾਲ ਮਾਰਕੁੱਟ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਮਾਮੂਲੀ ਵਿਵਾਦ ਕਾਰਨ ਪਹਿਲਾਂ ਉਸ ਨੇ ਅੱਖ ’ਤੇ ਵਾਰ ਕੀਤਾ, ਫਿਰ ਮੂੰਹ ’ਤੇ ਦੰਦ ਮਾਰੇ। ਇਸ ਤੋਂ ਬਾਅਦ ਬੇਰਹਿਮੀ ਦੀ ਹੱਦ ਪਾਰ ਕਰਦੇ ਹੋਏ ਐੱਨ. ਆਰ. ਆਈ. ਕੁੜੀ ਦੇ ਸਿਰ ਵਿਚ ਗਮਲਾ ਮਾਰਦੇ ਹੋਏ ਉਸ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਕੱਢ ਦਿੱਤੀਆਂ। ਜ਼ਖ਼ਮੀ ਕੁੜੀ ਮਨਜਿੰਦਰ ਕੌਰ ਕੈਨੇਡਾ 'ਚ ਪੜ੍ਹਾਈ ਕਰ ਰਹੀ ਹੈ।

ਪੁਲਸ ਨੇ ਮਨਜਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਵੀਨ ਅਤੇ ਸਾਥੀ ਗੁਰਲਾਲ ਉਰਫ ਗੈਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨਜਿੰਦਰ ਨੇ ਦੱਸਿਆ ਕਿ ਉਹ ਕੈਨੇਡਾ 'ਚ ਪੜ੍ਹਾਈ ਕਰਦੀ ਹੈ ਅਤੇ ਕੁੱਝ ਸਮਾਂ ਪਹਿਲਾਂ ਹੀ ਭਾਰਤ ਆਈ ਹੈ। ਪਿਛਲੇ ਦਿਨੀਂ ਫੇਜ਼-7 ਮਾਰਕਿਟ 'ਚ ਜਾਣਕਾਰ ਪ੍ਰਵੀਨ ਨੂੰ ਮਿਲਣ ਲਈ ਆਈ ਸੀ। ਉਸ ਸਮੇਂ ਉਸ ਨਾਲ ਗੈਰੀ ਵੀ ਸੀ। ਮਾਰਕਿਟ 'ਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਹੋ ਗਿਆ।

ਇਸ ਤੋਂ ਬਾਅਦ ਪ੍ਰਵੀਨ ਨੇ ਪਹਿਲਾਂ ਅੱਖ ’ਤੇ ਵਾਰ ਕੀਤਾ। ਉਸ ਤੋਂ ਬਾਅਦ ਚਿਹਰੇ ’ਤੇ ਦੰਦ ਮਾਰ ਦਿੱਤੇ। ਬਾਅਦ ਵਿਚ ਸਿਰ ਵਿਚ ਗਮਲਾ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ’ਤੇ ਵੀ ਜਦੋਂ ਉਸ ਦਾ ਮਨ ਨਾ ਭਰਿਆ ਤਾਂ ਮਨਜਿੰਦਰ ਦੀਆਂ ਕੰਨ ਵਿਚ ਪਹਿਨੀਆਂ ਵਾਲੀਆਂ ਖਿੱਚ ਕੇ ਕੱਢ ਦਿੱਤੀਆਂ। ਉਹ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਈ। ਅਚੇਤ ਹਾਲਤ ਵਿਚ ਮਨਜਿੰਦਰ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਹੀ ਇਸ ਵਾਰਦਾਤ ਦੀ ਸੂਚਨਾ ਮਿਲਣ ’ਤੇ ਜਾਂਚ ਵਿਚ ਲੱਗੀ ਥਾਣਾ ਪੁਲਸ ਨੇ ਮਨਜਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਵੀਨ ਅਤੇ ਉਸ ਦੇ ਸਾਥੀ ਗੈਰੀ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
 


author

Babita

Content Editor

Related News