ਸੈਰ ਕਰਦੇ ਪਤੀ-ਪਤਨੀ ''ਤੇ ਅੱਧੀ ਦਰਜਨ ਤੋਂ ਵਧ ਹਮਲਾਵਰਾਂ ਨੇ ਕੀਤਾ ਹਮਲਾ, ਪਤੀ ਜ਼ਖ਼ਮੀ

09/24/2020 3:24:35 PM

ਤਪਾ ਮੰਡੀ (ਸ਼ਾਮ,ਗਰਗ) : ਘੁੰਨਸ ਰੋਡ ਸਥਿਤ ਖੇਡ ਮੈਦਾਨ ਕੋਲ ਬੀਤੀ ਰਾਤ ਕਰੀਬ 2 ਮੋਟਰਸਾਈਕਲਾਂ 'ਤੇ ਸਵਾਰ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਨੇ ਸੈਰ ਕਰਦੇ ਪਤੀ-ਪਤਨੀ 'ਤੇ ਡਾਂਗਾ, ਸੋਟੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਪਤੀ ਨੂੰ ਜ਼ਖ਼ਮੀ ਕਰ ਦਿੱਤਾ ਹੈ। ਹਮਲਾਵਰ ਹਨ੍ਹੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ ਪਰ ਇਸ ਘਟਨਾ 'ਚ ਪਤਨੀ ਵਾਲ-ਵਾਲ ਬਚ ਗਈ। ਹਸਪਤਾਲ ਤਪਾ 'ਚ ਜੇਰੇ ਇਲਾਜ ਗੁਰਜੀਤ ਸਿੰਘ ਪੁੱਤਰ ਕੌਰ ਸਿੰਘ (ਲਾਣੇ ਵਾਲੇ) ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰੋਟੀ ਖਾ ਕੇ ਆਪਣੀ ਪਤਨੀ ਨਾਲ ਘੁੰਨਸ ਲਿੰਕ ਰੋਡ 'ਤੇ ਸੈਰ ਕਰਕੇ ਵਾਪਸ ਘਰ ਆ ਰਹੇ ਸਨ ਤਾਂ ਉਨ੍ਹਾਂ ਕੋਲ ਦੋ ਮੋਟਰਸਾਈਕਲਾਂ 'ਤੇ ਸਵਾਰ ਅਣਪਛਾਤੇ ਨੌਜਵਾਨਾਂ ਨੇ ਸੋਟੀਆਂ, ਲੋਹੇ ਦੀ ਰਾਡ ਅਤੇ ਡਾਂਗਾ ਨਾਲ ਕੁੱਟਮਾਰ ਕਰਨ ਲੱਗ ਪਏ।

ਇਹ ਵੀ ਪੜ੍ਹੋ : ਨਾਭਾ 'ਚ ਕਿਸਾਨਾਂ ਨੇ 'ਰੇਲਵੇ ਟਰੈਕ' ਕੀਤਾ ਜਾਮ, ਤਸਵੀਰਾਂ 'ਚ ਦੇਖੋ ਕਿਵੇਂ ਲਾਈਨਾਂ 'ਤੇ ਲਾਏ ਡੇਰੇ

ਉਨ੍ਹਾਂ ਦੀ ਪਤਨੀ ਜਸ਼ਨੀਤ ਕੌਰ ਉਸ ਸਮੇਂ ਉਨ੍ਹਾਂ ਨਾਲ ਸੀ, ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਂਢ-ਗੁਆਂਢ ਦੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ, ਹਮਲਾਵਰ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਘੁੰਨਸਾਂ ਵੱਲ ਨੂੰ ਲਿੰਕ ਰੋਡ ਰਾਹੀਂ ਫਰਾਰ ਹੋ ਗਏ। ਇਕੱਠੇ ਹੋਏ ਲੋਕਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਮੁੱਖੀ ਕਿਰਨਜੀਤ ਕੌਰ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਘਟਨਾ ਥਾਂ 'ਤੇ ਪਹੁੰਚ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਗੁਰਜੀਤ ਸਿੰਘ ਨੂੰ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਤਪਾ 'ਚ ਦਾਖ਼ਲ ਕਰਵਾਇਆ। ਪੁਲਸ ਨਾਲ ਗੱਲਬਾਤ ਦੌਰਾਨ ਜ਼ਖ਼ਮੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਵੀ ਰੰਜਿਸ਼ ਨਹੀਂ ਹੈ ਅਤੇ ਉਨ੍ਹਾਂ ਨੇ ਇੱਕ ਮੋਟਰਸਾਈਕਲ ਦਾ ਨੰਬਰ ਨੋਟ ਕਰਕੇ ਵੀ ਪੁਲਸ ਨੂੰ ਨੋਟ ਕਰਵਾਇਆ ਹੈ। ਗੁਰਜੀਤ ਸਿੰਘ ਦਾ ਕਹਿਣਾ ਹੈ ਇਸ ਘਟਨਾ 'ਚ ਉਸ ਦਾ ਸੋਨੇ ਦਾ ਕੜਾ ਗਾਇਬ ਹੈ ਅਤੇ ਮੋਬਾਈਲ ਵੀ ਟੁੱਟ ਗਿਆ ਹੈ। ਜਾਂਚ ਅਧਿਕਾਰੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ ਦਰਜ ਕਰਕੇ ਸੜਕ 'ਤੇ ਸਥਿਤ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ, ਜਿਨ੍ਹਾਂ ਨੂੰ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਹੋ ਸਕੇ। 

ਇਹ ਵੀ ਪੜ੍ਹੋ : ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ ਹੀ 65 ਸਾਲਾ ਵਿਅਕਤੀ ਦੀ ਮੌਤ, ਦਹਿਸ਼ਤ ਦਾ ਮਾਹੌਲ

ਨਗਰ ਕੌਂਸਲ ਤਪਾ ਖ਼ਿਲਾਫ ਰੋਸ ਪ੍ਰਗਟ
ਹਸਪਤਾਲ 'ਚ ਇਕੱਤਰ ਜਸਵੀਰ ਸਿੰਘ, ਜਸਵਿੰਦਰ ਸਿੰਘ ਚੱਠਾ, ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ, ਰਾਮ ਸਿੰਘ, ਭਗਵੰਤ ਸਿੰਘ, ਧੰਨਵੰਤ ਸਿੰਘ ਆਦਿ ਨੇ ਨਗਰ ਕੌਂਸਲ ਤਪਾ ਖ਼ਿਲਾਫ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਜਿਸ ਥਾਂ 'ਤੇ ਉਕਤ ਵਾਰਦਾਤ ਹੋਈ ਹੈ, ਉਸ ਸੜਕ 'ਤੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਹਨ੍ਹੇਰਾ ਛਾਇਆ ਰਹਿੰਦਾ ਹੈ ਅਤੇ ਸਮਾਜ ਵਿਰੋਧੀ ਅਨਸਰ ਇਸ ਦਾ ਫਾਇਦਾ ਉਠਾ ਕੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਾਰੇ ਵਾਰਡਾਂ 'ਚ ਸਟਰੀਟ ਲਾਈਟਾਂ ਦਾ ਜਲਦੀ ਤੋਂ ਜਲਦੀ ਇੰਤਜਾਮ ਕੀਤਾ ਜਾਵੇ ਨਹੀਂ ਤਾਂ ਲੋਕ ਨਗਰ ਕੌਂਸਲ ਖ਼ਿਲਾਫ ਮੋਰਚਾ ਖੋਲ੍ਹਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇਹ ਵੀ ਪੜ੍ਹੋ :  ਵਪਾਰ ਮੰਡਲ ਟਾਂਡਾ ਵੱਲੋਂ ਪੰਜਾਬ ਬੰਦ 'ਚ ਸ਼ਾਮਲ ਹੋਣ ਦਾ ਐਲਾਨ


Anuradha

Content Editor

Related News