ਦਿਓਰ ਅਤੇ ਪਰਿਵਾਰਕ ਮੈਂਬਰਾਂ ''ਤੇ ਕਰਵਾਇਆ ਹਮਲਾ, ਆਟੋ ਵੀ ਭੰਨਿਆ

01/15/2018 6:14:41 AM

ਜਲੰਧਰ/ਲਾਂਬੜਾ, (ਸ਼ੋਰੀ, ਵਰਿੰਦਰ)- ਪਿੰਡ ਪਰਤਾਪਪੁਰਾ ਤੋਂ ਲਾਂਬੜਾ ਰੋਡ ਦੇ ਨੇੜੇ ਹਥਿਆਰਬੰਦ 4 ਵਿਅਕਤੀਆਂ ਨੇ ਆਟੋ ਸਵਾਰ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਹਮਲਾਵਰਾਂ ਨੇ ਉਸ ਦੀ ਭਰਜਾਈ ਅਤੇ ਪੁੱਤਰ 'ਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਇੰਨਾ ਹੀ ਨਹੀਂ ਹਮਲਾਵਰਾਂ ਨੇ ਆਟੋ ਵੀ ਭੰਨ ਦਿੱਤਾ। ਮੌਕੇ 'ਤੇ ਪਹੁੰਚੇ ਚੌਕੀ ਫਤਿਹਪੁਰ ਇੰਚਾਰਜ ਭਗਵੰਤ ਭੁੱਲਰ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਫਰਾਰ ਹੋਣ ਵਿਚ ਸਫਲ ਰਹੇ। ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਮਨੀਸ਼ (ਕਾਲਪਨਿਕ ਨਾਂ) ਵਾਸੀ ਮਿੱਠਾਪੁਰ ਰੋਡ  ਨੇ ਦੱਸਿਆ ਕਿ ਉਹ ਆਟੋ ਚਲਾਉਣ ਦਾ ਕੰਮ ਕਰਦਾ ਹੈ ਅਤੇ ਉਸ ਦੀ ਭਰਜਾਈ ਅਨੈਤਿਕ ਕੰਮ ਕਰਨ ਦੀ ਆਦੀ ਹੋ ਚੁੱਕੀ ਹੈ। ਭਰਜਾਈ ਨੂੰ ਮਿਲਣ ਕਈ ਬਾਹਰੀ ਵਿਅਕਤੀ ਘਰ ਵੀ ਆਉਣੇ ਸ਼ੁਰੂ ਹੋ ਗਏ ਸਨ। ਉਸ ਨੇ ਭਰਜਾਈ ਨੂੰ ਇਸ ਸਬੰਧੀ ਰੋਕਿਆ ਤਾਂ ਉਹ ਉਸ ਨਾਲ ਰੰਜਿਸ਼ ਰੱਖਣ ਲੱਗੀ, ਅੱਜ ਵੀ ਭਰਜਾਈ ਨੇ ਮਾਮੂਲੀ ਗੱਲ ਨੂੰ ਲੈ ਕੇ ਜਾਣ-ਬੁੱਝ ਕੇ ਉਸ ਨਾਲ ਝਗੜਾ ਕੀਤਾ। ਜ਼ਖ਼ਮੀ ਮਨੀਸ਼ ਨੇ ਦੱਸਿਆ ਕਿ ਉਹ ਨਕੋਦਰ ਆਪਣੀ ਭੈਣ ਨੂੰ ਮਿਲ ਕੇ ਆਟੋ 'ਤੇ ਸਵਾਰ ਹੋ ਕੇ ਵਾਪਸ ਆਪਣੀ ਦੂਜੀ ਭਰਜਾਈ ਅਤੇ ਬੱਚਿਆਂ ਨਾਲ ਵਾਪਸ ਘਰ ਮੁੜ ਰਿਹਾ ਸੀ ਕਿ ਜਿਵੇਂ ਹੀ ਪ੍ਰਤਾਪਪੁਰਾ ਰੋਡ ਤੋਂ ਉਹ ਲਾਂਬੜਾ ਰੋਡ ਵੱਲ ਆਟੋ ਮੋੜਨ ਲੱਗੇ ਤਾਂ ਇਸ ਦੌਰਾਨ 2 ਮੋਟਰਸਾਈਕਲ ਸਵਾਰ 4 ਵਿਅਕਤੀਆਂ ਨੇ ਉਸ ਨੂੰ ਰੋਕਿਆ ਅਤੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਭਰਜਾਈ ਨਾਲ ਝਗੜਾ ਕਰਨਾ ਬੰਦ ਨਾ ਕੀਤਾ ਤਾਂ ਅਗਲੀ ਵਾਰ ਉਸ ਨੂੰ ਜਾਨ ਤੋਂ ਮਾਰ ਦੇਣਗੇ। ਵਿਰੋਧ ਕਰਨ 'ਤੇ ਇਨ੍ਹਾਂ ਸਾਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਨਾਲ ਉਸ ਨੂੰ ਬਚਾਉਣ ਆਈ ਭਰਜਾਈ ਅਤੇ ਪੁੱਤਰ ਨੂੰ ਵੀ ਜ਼ਖਮੀ ਕਰ ਦਿੱਤਾ।
ਉਥੇ ਚੌਕੀ ਇੰਚਾਰਜ ਭਗਵੰਤ ਭੁੱਲਰ ਦਾ ਕਹਿਣਾ ਸੀ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।


Related News