ਸਮਾਜਸੇਵੀ ’ਤੇ ਹਮਲਾ ਕਰ ਕੇ ਕੀਤਾ ਜ਼ਖਮੀ, ਕੇਸਾਂ ਦੀ ਬੇਅਦਬੀ ਵੀ ਕੀਤੀ
Tuesday, Jun 26, 2018 - 12:22 AM (IST)
ਬਟਾਲਾ, (ਮਠਾਰੂ)– ਪੰਚਾਇਤੀ ਗਲੀ ਵਿਚ ਟੋਇਆ ਪੁੱਟਣ ਤੋਂ ਰੋਕਣ ਵਾਲੇ ਇਕ ਸਮਾਜਸੇਵੀ ਆਗੂ ਨੂੰ ਕੁਝ ਲੋਕਾਂ ਵੱਲੋਂ ਸੱਟਾਂ ਲਾ ਕੇ ਗੰਭੀਰ ਜ਼ਖਮੀ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਸੱਤਾ ਧਾਰੀਆਂ ਦੇ ਦਬਾਅ ਕਾਰਨ ਡਾਕਟਰਾਂ ਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਸਮਾਜਸੇਵੀ ਜਥੇਬੰਦੀ ਦੇ ਆਗੂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਕੋਲ ਇਨਸਾਫ਼ ਦੀ ਗੁਹਾਰ ਲਾਈ ਗਈ ਹੈ।
ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਹਰਜੀਤ ਸਿੰਘ ਵਾਸੀ ਨੱਠਵਾਲ ਨੇ ਦੱਸਿਆ ਕਿ ਉਹ ਹਿਊਮੈਨਿਟੀ ਕਲੱਬ ਨਾਲ ਮਿਲ ਕੇ ਸਮਾਜਸੇਵੀ ਕਾਰਜਾਂ ਵਿਚ ਯੋਗਦਾਨ ਪਾ ਰਿਹਾ ਹੈ ਜਦਕਿ ਬੀਤੇ ਦਿਨ ਪਿੰਡ ਵਿਚ ਉਸ ਦੇ ਘਰ ਨੇਡ਼ੇ ਕੁਝ ਲੋਕਾਂ ਵੱਲੋਂ ਟੋਇਆ ਪੁੱਟਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਰੋਕਣ ’ਤੇ ਉਨ੍ਹਾਂ ਨੇ ਮੇਰੇ ਉਪਰ ਹਮਲਾ ਕਰ ਦਿੱਤਾ ਅਤੇ ਮੈਂ ਗੰਭੀਰ ਜ਼ਖਮੀ ਹੋ ਗਿਆ ਅਤੇ ਹਮਲਾਵਰਾਂ ਵੱਲੋਂ ਮੇਰੀ ਕੁੱਟ-ਮਾਰ ਦੇ ਨਾਲ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਮੈਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਮੈਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖਡ਼੍ਹਕਾਵਾਂਗਾ। ਇਸ ਦੌਰਾਨ ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਨੇ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਹਰਜੀਤ ਸਿੰਘ ਉਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਸਮਾਜਸੇਵੀ ਆਗੂ ਉਪਰ ਸੱਤਾਧਾਰੀਆਂ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਜਦਕਿ ਉਹ ਪੰਚਾਇਤੀ ਗਲੀ ਵਿਚ ਟੋਇਆ ਪੁੱਟਣ ਤੋਂ ਰੋਕ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਇਨਸਾਫ਼ ਨਾ ਦਿੱਤਾ ਤਾਂ ਸਮਾਜਸੇਵੀ ਜਥੇਬੰਦੀਅਾਂ ਨਾਲ ਮਿਲ ਕੇ ਜਿਥੇ ਪੁਲਸ ਦਾ ਘਿਰਾਓ ਕੀਤਾ ਜਾਵੇਗਾ।
