ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਰੋਸ ’ਚ ਆਈ ਸੰਗਤ, ਗਿਆਨੀ ਇਕਬਾਲ ਸਿੰਘ ’ਤੇ ਕੀਤਾ ਹਮਲਾ

04/15/2022 8:11:16 PM

ਸੁਲਤਾਨਪੁਰ ਲੋਧੀ (ਸੋਢੀ) : ਪਰਉਪਕਾਰੀ ਸੂਰਬੀਰ ਸੰਤ ਸਿਪਾਹੀ ਸ਼ਹੀਦ ਧੰਨ-ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰਸੇਵਾ ਵਾਲੇ 14 ਅਪ੍ਰੈਲ ਦੁਪਹਿਰ 12.40 ਵਜੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਸੱਚਖੰਡ ਪਿਆਨਾ ਕਰ ਗਏ ਸਨ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਣ ਸਮੇਂ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵਾਲਿਆਂ ਵੱਲੋਂ ਅੰਤਿਮ ਸੰਸਕਾਰ ਲਈ ਕੀਤੀ ਜਾ ਰਹੀ ਅਰਦਾਸ ਦਰਮਿਆਨ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਨਵੇਂ ਮੁੱਖ ਸੇਵਾਦਾਰ ਦਾ ਨਾਂ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੇੜਲੇ ਪਿੰਡਾਂ ਤੇ ਹੋਰ ਲੋਕਾਂ ਦੇ ਭਾਰੀ ਇਕੱਠ ਨੇ ਇਸ ਤਰ੍ਹਾਂ ਗ਼ਲਤ ਅਰਦਾਸ ਕਰਨ ਦਾ ਵਿਰੋਧ ਕੀਤਾ ਤੇ ਭੜਕੀ ਹੋਈ ਭੀੜ ਨੇ ਰੋਸ ’ਚ ਆ ਕੇ ਗਿਆਨੀ ਇਕਬਾਲ ਸਿੰਘ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ ਤੇ ਧੱਕਾ-ਮੁੱਕੀ ਕਰਦਿਆਂ ਕਿਸੇ ਨੇ ਗਿਆਨੀ ਇਕਬਾਲ ਸਿੰਘ ਦੀ ਦਸਤਾਰ ਵੀ ਉਤਾਰ ਦਿੱਤੀ।

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦੀ ਸਹੂਲਤ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਟਵੀਟ, ਮਾਨ ਸਰਕਾਰ ਨੂੰ ਕੀਤੀ ਇਹ ਅਪੀਲ

PunjabKesari

ਇਸ ਸਮੇਂ ਸਿੰਘ ਸਾਹਿਬ ਦੇ ਗੰਨਮੈਨ ਪੁਲਸ ਕਰਮਚਾਰੀਆਂ ਤੇ ਇਲਾਕੇ ਦੇ ਕੁਝ ਲੋਕਾਂ ਨੇ ਭੀੜ ਤੋਂ ਬੜੀ ਮੁਸ਼ਕਲ ਨਾਲ ਸਿੰਘ ਸਾਹਿਬ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਰੋਸ ’ਚ ਆਈਆਂ ਭੜਕੀਆਂ ਕੁਝ ਸੰਗਤਾਂ ਨੇ ਕਮਰੇ ਨੂੰ ਘੇਰਾ ਪਾ ਲਿਆ ਤੇ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ। ਇਸ ਸਬੰਧੀ ਵਾਪਰੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਰਾਜੇਸ਼ ਕੱਕੜ ਦੀ ਅਗਵਾਈ ’ਚ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਰਾਜਿੰਦਰ ਸਿੰਘ, ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਬਿਕਰਮ ਸਿੰਘ, ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਵੱਡੀ ਗਿਣਤੀ ’ਚ ਪੁਲਸ ਫੋਰਸ ਲੈ ਕੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁੱਜੇ ਤੇ ਗਿਆਨੀ ਇਕਬਾਲ ਸਿੰਘ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਕੇ ਆਪਣੀ ਗੱਡੀ ’ਚ ਬਿਠਾ ਕੇ ਭੇਜਿਆ।

PunjabKesari

 ਕੀ ਸੀ ਪੂਰਾ ਮਾਮਲਾ 
ਇਸ ਸਬੰਧੀ ਇਲਾਕੇ ਦੀਆਂ ਸੰਗਤਾਂ ਸਮੇਤ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਤਿਮ ਸੰਸਕਾਰ ਦੀ ਅਰਦਾਸ ਕਰਨੀ ਸੀ ਪਰ ਉਨ੍ਹਾਂ ਅਰਦਾਸ ’ਚ ਗ਼ਲਤ ਢੰਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਅਗਲੇ ਮੁਖੀ ਵਜੋਂ ਇਕ ਸੇਵਾਦਾਰ ਦਾ ਨਾਂ ਲੈ ਦਿੱਤਾ, ਜੋ ਇਲਾਕੇ ਦੀਆਂ ਸੰਗਤਾਂ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਗ਼ਲਤ ਅਰਦਾਸ ਕਰਕੇ ਅਰਦਾਸ ਦੀ ਵੀ ਬੇਅਦਬੀ ਕੀਤੀ ਹੈ, ਜਿਸ ਕਾਰਨ ਸੰਗਤਾਂ ’ਚ ਰੋਸ ਫ਼ੈਲ ਗਿਆ ਹੈ। ਉਨ੍ਹਾਂ ਅਤੇ ਪਿੰਡ ਠੱਟਾ ਦੀਆਂ ਹੋਰ ਸੰਗਤਾਂ ਨੇ ਕਿਹਾ ਕਿ ਕੱਲ ਦਾ ਮਹਾਪੁਰਸ਼ਾਂ ਦੇ ਅਕਾਲ ਚਲਾਣੇ ਕਾਰਨ ਮਾਹੌਲ ਗ਼ਮਗੀਨ ਸੀ ਤੇ ਸੰਗਤਾਂ ਮਹਾਪੁਰਸ਼ਾਂ ਦੇ ਵਿਛੋੜੇ ’ਚ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ ਤੇ ਅੱਜ ਗਿਆਨੀ ਇਕਬਾਲ ਸਿੰਘ ਨੇ ਸਾਜ਼ਿਸ਼ੀ ਢੰਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਦਾ ਮਾਹੌਲ ਖ਼ਰਾਬ ਕਰ ਦਿੱਤਾ। ਸੰਗਤ ਦਾ ਕਹਿਣਾ ਹੈ ਕਿ ਇਲਾਕੇ ਦੀਆਂ ਸੰਗਤਾਂ ਵੱਲੋਂ ਹੁਣ ਤੱਕ ਕੋਈ ਵੀ ਵਿਅਕਤੀ ਵਿਸ਼ੇਸ਼ ਨੂੰ ਇਸ ਸਥਾਨ ਉੱਤੇ ਮੁਖੀ ਨਹੀਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਮਹਾਪੁਰਸ਼ਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੀ ਕੋਈ ਫ਼ੈਸਲਾ ਸਰਬਸੰਮਤੀ ਨਾਲ ਲਿਆ ਜਾਵੇਗਾ। ਸੰਗਤਾਂ ਨੇ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਆਪਣੀ ਅੱਜ ਕੀਤੀ ਗ਼ਲਤ ਅਰਦਾਸ ਦੀ ਮੁਆਫ਼ੀ ਮੰਗ ਲਈ ਹੈ, ਸੋ ਇਸ ਲਈ ਉਨ੍ਹਾਂ ਨੂੰ ਇਥੋਂ ਜਾਣ ਦਿੱਤਾ ਗਿਆ ਹੈ। ਸੰਗਤਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਸਬੰਧੀ ਵਿਵਾਦ ਹੋਇਆ ਸੀ ਤੇ ਬਾਬਾ ਗੁਰਚਰਨ ਸਿੰਘ ਜੀ ਦੀ ਮੌਜੂਦਗੀ ’ਚ ਸ੍ਰੀ ਪਟਨਾ ਸਾਹਿਬ ਵਿਖੇ ਲਿਖਿਆ ਅਗਲੇ ਮੁਖੀ ਬਾਰੇ ਮਤਾ ਸੰਗਤਾਂ ਵੱਲੋਂ ਸਾਂਝੇ ਰੂਪ ’ਚ ਰੱਦ ਕੀਤਾ ਜਾ ਚੁੱਕਾ ਹੈ ਤੇ ਹੁਣ ਇਸ ਗੁਰਦੁਆਰਾ ਸ‍ਾਹਿਬ ਦਾ ਅਗਲਾ ਗੱਦੀਨਸ਼ੀਨ ਸੰਗਤਾਂ ਵੱਲੋਂ ਸਰਬਸੰਮਤੀ ਨਾਲ ਚੁਣਿਆ ਜਾਵੇਗਾ ।

ਇਹ ਵੀ ਪੜ੍ਹੋ : ਪੰਜਾਬ ’ਚ ਬਿਜਲੀ ਸੰਕਟ ਹੋਇਆ ਡੂੰਘਾ, ਕੋਲਾ ਖ਼ਤਮ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ

  ਕੀ ਕਹਿਣਾ ਹੈ ਗਿਆਨੀ ਇਕਬਾਲ ਸਿੰਘ ਦਾ
 ਤਖਤ ਸ੍ਰੀ ਪਟਨਾ ਸ‍ਾਹਿਬ ਦੇ ਜਥੇਦਾਰ ਰਹੇ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਮੈਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਜਥੇਦਾਰ ਹਾਂ ਤੇ ਮੇਰੇ ਕੋਲ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਜਿਊਂਦੇ ਜੀਅ ਆਪਣੇ ਸੇਵਾਦਾਰ ਨੂੰ ਆਪਣੇ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦਾ ਮੁੱਖ ਸੇਵਾਦਾਰ ਥਾਪਿਆ ਸੀ ਤੇ ਖੁਦ ਸੰਤ ਬਾਬਾ ਗੁਰਚਰਨ ਸਿੰਘ ਨੇ ਆਪਣੇ ਹੱਥੀਂ ਆਪਣੇ ਸੇ‍ਵਾਦਾਰ ਨੂੰ ਦਸਤਾਰ ਸਜਾਈ ਸੀ, ਜਿਸ ਤੋਂ ਬਾਅਦ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ। ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਮੈਂ ਇਥੇ ਸੰਤ ਬਾਬਾ ਗੁਰਚਰਨ ਸਿੰਘ ਵੱਲੋਂ ਥਾਪੇ ਗਏ ਸੇਵਾਦਾਰ ਬਾਰੇ ਹੀ ਅਰਦਾਸ ’ਚ ਜ਼ਿਕਰ ਕੀਤਾ ਸੀ, ਮੈਂ ਕੋਈ ਗੁਨਾਹ ਨਹੀਂ ਕੀਤਾ  ਪਰ ਮੈਨੂੰ ਅਰਦਾਸ ਕਰਦਿਆਂ ਹੀ ਇਕ ਹੋਰ ਸੇ‍ਵਾਦਾਰ ਦੇ ਇਸ਼ਾਰੇ ’ਤੇ ਉਸ ਦੇ ਬੰਦਿਆਂ ਵੱਲੋਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਤੇ ਮੇਰੀ ਦਸਤਾਰ ਉਤਾਰ ਦਿੱਤੀ ਗਈ। ਮੇਰੇ ਨਾਲ ਗੁਰਦੁਆਰਾ ਸਾਹਿਬ ’ਚ ਗਾਲੀ-ਗਲੋਚ ਕੀਤੀ ਗਈ, ਜੋ ਅਰਦਾਸ ਦੀ ਵੀ ਬੇਅਦਬੀ ਹੋਈ ਹੈ।

 ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਭਰਾ ਨੇ ਕੀਤੀ ਦੁਬਾਰਾ ਅਰਦਾਸ 
ਇਸੇ ਦੌਰਾਨ ਜਦ ਸੰਗਤਾਂ ਗਿਆਨੀ ਇਕਬਾਲ ਸਿੰਘ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਉੱਥੋਂ ਖਿੱਚ ਕੇ ਲੈ ਗਈਆਂ ਤਾਂ ਬਾਅਦ ’ਚ ਇਲਾਕੇ ਦੀਆਂ ਸੰਗਤਾਂ ਦੀ ਮੰਗ ’ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਦੁਬਾਰਾ ਅਰਦਾਸ ਕੀਤੀ ਤੇ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਗੀਠੇ ਨੂੰ ਮਹਾਪੁਰਸ਼ਾਂ ਵੱਲੋਂ ਅਗਨੀ ਭੇਂਟ ਕੀਤੀ ਗਈ। ਇਸ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਅੰਦਰ ਵੀ ਅਰਦਾਸ ਗਿਆਨੀ ਸਭਰਾ ਨੇ ਹੀ ਕੀਤੀ।

ਇਹ ਵੀ ਪੜ੍ਹੋ : ਠੱਗਾਂ ਨੇ ਲੱਭਿਆ ਨਵਾਂ ਤਰੀਕਾ, ਬਿਜਲੀ ਬੰਦ ਹੋਣ ਦਾ ਮੈਸੇਜ ਭੇਜ ਇੰਝ ਮਾਰ ਰਹੇ ਨੇ ਠੱਗੀ

 ਵੱਖ-ਵੱਖ ਮਹਾਪੁਰਸ਼ਾਂ ਤੇ ਸਿਆਸਤਦਾਨਾਂ ਨੇ ਕੀਤੀ ਸ਼ਿਰਕਤ
 ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਤਿਮ ਸੰਸਕਾਰ ਸਮੇਂ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ, ਸੰਤ ਬਾਬਾ ਸੇ‍ਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਗੁਰਦੇਵ ਸਿੰਘ ਗੱਗੋਬੂਆ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ, ਬਾਬਾ ਜੱਗਾ ਸਿੰਘ, ਬਾਬਾ ਸੁਰਿੰਦਰ ਸਿੰਘ, ਸੰਤ ਸੁਖਜੀਤ ਸਿੰਘ ਸੀਚੇਵਾਲ, ਬਾਬਾ ਗੁਰਬਾਜ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਸੇ‍ਵਾਦਾਰ, ਤੋਂ ਇਲਾਵਾ ਸਿਆਸੀ ਆਗੂ ਸੱਜਣ ਸਿੰਘ ਅਰਜੁਨਾ ਐਵਾਰਡੀ ‘ਆਪ’ ਆਗੂ, ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਕੈਪਟਨ ਹਰਮਿੰਦਰ ਸਿੰਘ ਇੰਚਾਰਜ ਅਕਾਲੀ ਦਲ, ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਅੰਤ੍ਰਿੰਗ ਕਮੇਟੀ, ਇੰਜੀ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਪ੍ਰਧਾਨ ਸੰਤੋਖ ਸਿੰਘ ਬਿਧੀਪੁਰ, ਜਥੇ. ਸੂਬਾ ਸਿੰਘ ਠੱਟਾ ਮੀਤ ਪ੍ਰਧਾਨ, ਇੰਦਰਜੀਤ ਸਿੰਘ ਬਜਾਜ, ਭਾਈ ਜਸਪਾਲ ਸਿੰਘ ਨੀਲਾ, ਭਾਈ ਅਵਤਾਰ ਸਿੰਘ, ਮੈਨੇਜਰ ਬੇਰ ਸਾਹਿਬ ਗੁਰਾ ਸਿੰਘ ਮਾਨ, ਸ਼ਤਿੰਦਰ ਸਿੰਘ ਬਾਜਵਾ ਮੈਨੇਜਰ ਬਾਬਾ ਬਕਾਲਾ ਸਾਹਿਬ, ਹਰਜੀਤ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਭਾਈ ਜਤਿੰਦਰ ਸਿੰਘ ਰਾਗੀ, ਭਾਈ ਦਲਬੀਰ ਸਿੰਘ ਕਵੀਸ਼ਰੀ, ਭਾਈ ਅਵਤਾਰ ਸਿੰਘ ਦੂਲੋਵਾਲ ਕਵੀਸ਼ਰੀ, ਗੁਰਦਿਆਲ ਸਿੰਘ ਪ੍ਰਧਾਨ ਆਦਿ ਹੋਰਨਾਂ ਨੇ ਸ਼ਿਰਕਤ ਕੀਤੀ।


Manoj

Content Editor

Related News