ਹਥਿਆਰਬੰਦ ਵਿਅਕਤੀਆਂ ਵੱਲੋਂ ਪੈਲੇਸ ’ਤੇ ਜਬਰਦਸਤੀ ਕਬਜ਼ੇ ਦੀ ਕੋਸ਼ਿਸ਼

Saturday, Nov 20, 2021 - 12:44 PM (IST)

ਹਥਿਆਰਬੰਦ ਵਿਅਕਤੀਆਂ ਵੱਲੋਂ ਪੈਲੇਸ ’ਤੇ ਜਬਰਦਸਤੀ ਕਬਜ਼ੇ ਦੀ ਕੋਸ਼ਿਸ਼

ਮੋਗਾ (ਆਜ਼ਾਦ) : ਧਰਮਕੋਟ ਦੇ ਸ਼ਗਨ ਪੈਲੇਸ ’ਤੇ ਤਿੰਨ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਰੰਜਿਸ਼ ਦੇ ਚੱਲਦਿਆਂ ਕਥਿਤ ਤੌਰ ’ਤੇ ਜ਼ਬਰੀ ਕਬਜ਼ਾ ਕਰਨ ਦੀ ਨੀਅਤ ਨਾਲ ਪੈਲੇਸ ਦੇ ਸੰਚਾਲਕ ਸਮੇਤ ਉਥੇ ਕੰਮ ਕਰਨ ਵਾਲੇ ਹੋਰ ਵਿਅਕਤੀਆਂ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਦੇ ਇਲਾਵਾ ਭੰਨਤੋੜ ਕਰ ਕੇ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਕੇ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਗੱਡੀਆਂ ਅਤੇ ਮੋਟਰ ਸਾਈਕਲਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਇਸ ਸਬੰਧ ਵਿਚ ਪੈਲੇਸ ਦੇ ਸੰਚਾਲਕ ਗੁਰਦੀਪ ਸਿੰਘ ਨਿਵਾਸੀ ਧਰਮਕੋਟ ਦੀ ਸ਼ਿਕਾਇਤ ’ਤੇ ਤ੍ਰਿਲੋਚਨ ਸਿੰਘ ਨਿਵਾਸੀ ਧਰਮਕੋਟ, ਰੁਪਿੰਦਰ ਸਿੰਘ ਨਿਵਾਸੀ ਪਿੰਡ ਰਸੂਲਪੁਰ, ਜਸਵਿੰਦਰ ਸਿੰਘ, ਕੰਤਾਂ ਦੋਵੇਂ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ, ਰਣਜੀਤ ਸਿੰਘ ਨਿਵਾਸੀ ਪਿੰਡ ਬਾਕਰਵਾਲਾ, ਅਜੇ ਨਿਵਾਸੀ ਪਿੰਡ ਨੂਰਪੁਰ ਹਕੀਮਾਂ, ਲੱਖਾ ਨਿਵਾਸੀ ਧਰਮਕੋਟ, ਹਰਕੋਮਲ ਸਿੰਘ ਨਿਵਾਸੀ ਧਰਮਕੋਟ ਅਤੇ 25-30 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਕਾਬੂ ਕਰਨ ਦੇ ਇਲਾਵਾ ਗੱਡੀਆਂ ਅਤੇ ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਅਤੇ ਉਸਦੇ ਬੇਟੇ ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਉਹ ਪੈਲੇਸ ਦੇ ਨਾਲ-ਨਾਲ ਆੜ੍ਹਤ ਦਾ ਕੰਮ ਕਰਦਾ ਹੈ, ਜਦੋਂ ਕਿ ਦੋਸ਼ੀ ਤ੍ਰਿਲੋਚਨ ਸਿੰਘ ਵੀ ਆੜ੍ਹਤ ਦਾ ਕੰਮ ਕਰਦੇ ਹਨ।

ਸਾਡਾ ਕਰੀਬ ਸਾਲ 2003 ਤੋਂ ਆਪਸ ਵਿਚ ਲੈਣ ਦੇਣ ਚੱਲਦਾ ਆ ਰਿਹਾ ਹੈ ਅਤੇ ਇਕ-ਦੂਸਰੇ ਕੋਲ ਸਾਡੇ ਦਸਤਾਵੇਜ਼ ਵੀ ਪਏ ਰਹਿੰਦੇ ਹਨ। ਉਸਨੇ ਕਿਹਾ ਕਿ ਬੀਤੇ ਦਿਨ ਦੋਸ਼ੀ ਜੋ ਅਸਲਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਕਈ ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸਾਡੇ ਮੈਰਿਜ ਪੈਲੇਸ ਵਿਚ ਆ ਧਮਕੇ ਅਤੇ ਆਉਂਦੇ ਸਾਰੇ ਹੀ ਉਨ੍ਹਾਂ ਮੈਨੂੰ, ਮੇਰੇ ਬੇਟੇ ਗੁਰਦੀਪ ਸਿੰਘ ਅਤੇ ਉਥੇ ਮੌਜੂਦ ਅਮਨਦੀਪ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ, ਗੋਰਾ ਸਿੰਘ ਆਦਿ ਨੂੰ ਫੜ੍ਹ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੰਧਕ ਬਣਾ ਲਿਆ ਅਤੇ ਸਾਡੇ ਮੋਬਾਇਨ ਫੋਨ ਵੀ ਖੋਹ ਲਏ। ਪੈਲੇਸ ਵਿਚ ਲੱਗੇ ਕੈਮਰਿਆਂ ਦੀ ਭੰਨਤੋੜ ਕਰਨ ਦੇ ਇਲਾਵਾ ਡੀ. ਵੀ. ਆਰ. ਉਤਾਰ ਲਿਆ ਅਤੇ ਪੈਲੇਸ ਅਤੇ ਸਾਡੇ ਦਫ਼ਤਰ ਦੀ ਭੰਨਤੋੜ ਕਰਨ ਲੱਗੇ ਅਤੇ ਦਫ਼ਤਰ ਦੀ ਅਲਮਾਰੀਆਂ ਨੂੰ ਤੋੜ ਕੇ ਉਸ ਵਿਚ ਪਏ ਜ਼ਰੂਰੀ ਦਸਤਾਵੇਜ਼, ਜਿਨ੍ਹਾਂ ਵਿਚ ਰਜਿਸਟਰੀਆਂ ਅਤੇ ਹੋਰ ਕਈ ਦਸਤਾਵੇਜ਼ ਸਨ, ਕੱਢ ਕੇ ਬੋਰੀਆਂ ਵਿਚ ਭਰ ਕੇ ਲੈ ਗਏ ਅਤੇ ਪੈਸੇ ਵੀ ਕੱਢ ਲਏ।

ਉਨ੍ਹਾਂ ਕਿਹਾ ਕਿ ਜਦ ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਵੀ ਚਲਾਈ, ਪਰ ਮੈਂ ਜ਼ਮੀਨ ’ਤੇ ਡਿੱਗ ਗਿਆ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾਈ। ਜਦ ਅਸੀਂ ਰੌਲਾ ਪਾਇਆ ਤਾਂ ਹਥਿਆਰਬੰਦ ਵਿਅਕਤੀ ਭੱਜ ਗਏ, ਜਿਸ ’ਤੇ ਅਸੀਂ ਕਿਸੇ ਤਰ੍ਹਾਂ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਮੇਰੀ ਜ਼ਮੀਨ ਐਕਵਾਇਰ ਹੋਈ ਸੀ, ਜਿਸ ਦਾ ਮੈਨੂੰ ਮੁਆਵਜ਼ਾ ਮਿਲਿਆ ਸੀ ਅਤੇ ਕਥਿਤ ਦੋਸ਼ੀ ਮੇਰੇ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ, ਜਦਕਿ ਅਸੀਂ ਇਕ-ਦੂਜੇ ’ਤੇ ਭਰੋਸਾ ਕਰ ਕੇ ਇਕ-ਦੂਜੇ ਨਾਲ ਲੈਣ ਦੇਣ ਕਰਦੇ ਸਨ ਅਤੇ ਉਹ ਇਸ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਸਨ, ਕਿਉਂਕਿ ਸਾਡੇ ਇਕ ਦੂਸਰੇ ਕੋਲ ਅਸ਼ਟਾਮ ਅਤੇ ਹੋਰ ਦਸਤਾਵੇਜ਼ ਪਏ ਰਹਿੰਦੇ ਸਨ। ਜਦ ਇਸ ਸਬੰਧ ਵਿਚ ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। 


author

Babita

Content Editor

Related News