ਲਟਕਦੀਆਂ ਤਾਰਾਂ ਦੇ ਨੰਗੇ ਜੋੜ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

02/06/2018 2:03:22 AM

ਰੂਪਨਗਰ, (ਕੈਲਾਸ਼)- ਸ਼ਹਿਰ 'ਚ ਵੱਖ-ਵੱਖ ਥਾਵਾਂ, ਮੁਹੱਲਿਆਂ 'ਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜਾਂ ਕਾਰਨ ਲੋਕਾਂ 'ਚ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਛੋਟਾ ਖੇੜਾ ਦੇ ਵਾਸੀ ਕ੍ਰਿਸ਼ਨ ਭਾਰਦਵਾਜ, ਮਨੀ, ਨੀਟੂ, ਬਿੱਟੂ ਅਤੇ ਬੱਲੀ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਮੁਹੱਲਿਆਂ 'ਚ ਜੋ ਬਿਜਲੀ ਦੀਆਂ ਤਾਰਾਂ ਪਾਈਆਂ ਗਈਆਂ ਹਨ, ਉਨ੍ਹਾਂ ਦੇ ਜੋੜ ਨੰਗੇ ਹਨ ਅਤੇ ਉਨ੍ਹਾਂ ਦੇ ਗੁੱਛੇ ਲਟਕਦੇ ਰਹਿੰਦੇ ਹਨ। ਰਾਮਾ ਮੰਦਰ ਨੇੜੇ ਤਾਂ ਬਿਜਲੀ ਦੀਆਂ ਤਾਰਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ ਤਾਂ ਕਿ ਉਹ ਕਿਸੇ 'ਤੇ ਡਿੱਗ ਨਾ ਜਾਣ। ਇਸ ਤੋਂ ਇਲਾਵਾ ਜੇਕਰ ਬਿਜਲੀ ਦੀਆਂ ਨੰਗੀਆਂ ਤਾਰਾਂ ਦੇ ਜੋੜ ਜੇ ਕਿਸੇ ਲੋਹੇ ਦੇ ਖੰਭੇ ਨਾਲ ਲੱਗ ਜਾਣ ਤਾਂ ਉਸ 'ਚ ਵੀ ਕਰੰਟ ਆ ਜਾਂਦਾ ਹੈ। ਚਾਈਨਾ ਡੋਰ ਨਾਲ ਵਧ ਰਹੇ ਹਾਦਸਿਆਂ ਦਾ ਕਾਰਨ ਵੀ ਨੰਗੀਆਂ ਤਾਰਾਂ ਦੇ ਜੋੜ ਬਣ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਕ ਨੌਜਵਾਨ ਵਕੀਲ ਵੀ ਘੁਮਾਰ ਮੁਹੱਲਾ 'ਚ ਜਦੋਂ ਤਰਪਾਲ ਨਾਲ ਬੰਨ੍ਹੀ ਰੱਸੀ ਖੋਲ੍ਹਣ ਲੱਗਾ ਸੀ ਤਾਂ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਪਰ ਉਸ ਵੇਲੇ ਵੀ ਪਾਵਰਕਾਮ ਅਤੇ ਨਗਰ ਕੌਂਸਲ ਵਿਭਾਗ ਨੇ ਉਕਤ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਇਸ ਦੀ ਜ਼ਿੰਮੇਵਾਰੀ ਇਕ-ਦੂਜੇ 'ਤੇ ਥੋਪੀ ਸੀ। ਉਕਤ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਵਿਭਾਗ ਸੁਚਾਰੂ ਬਿਜਲੀ ਦੇਣ ਲਈ ਮੁਰੰਮਤ 'ਤੇ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ ਅਤੇ ਕਈ ਥਾਵਾਂ 'ਤੇ ਮੋਟੀਆਂ ਰਬੜ ਦੀਆਂ ਤਾਰਾਂ ਵੀ ਪਾਈਆਂ ਗਈਆਂ ਹਨ ਪਰ ਸ਼ਹਿਰ ਦੇ ਅੰਦਰ ਜਿੱਥੇ ਮੁਹੱਲਿਆਂ 'ਚ ਸੰਘਣੀ ਆਬਾਦੀ ਹੈ ਉਸ ਪਾਸੇ ਵਿਭਾਗ ਦਾ ਧਿਆਨ ਨਹੀਂ ਜਾ ਰਿਹਾ। ਇਸ ਸਬੰਧੀ ਲੋਕਾਂ ਨੇ ਮੰਗ ਕੀਤੀ ਕਿ ਉਕਤ ਬਿਜਲੀ ਦੀਆਂ ਤਾਰਾਂ ਦੇ ਨੰਗੇ ਅਤੇ ਗੁੰਝਲਦਾਰ ਜੋੜਾਂ ਨੂੰ ਸੁਰੱਖਿਅਤ ਅਤੇ ਉਚਿਤ ਢੰਗ ਨਾਲ ਤੁਰੰਤ ਠੀਕ ਕੀਤਾ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਮਲਟੀਪਲ ਕੁਨੈਕਸ਼ਨ ਕਾਰਨ ਤਾਰਾਂ ਨੂੰ ਲਾਉਣਾ ਪੈਂਦਾ ਹੈ ਜੋੜ : ਐੱਸ. ਡੀ. ਓ. 
ਇਸ ਸਬੰਧੀ ਪਾਵਰਕਾਮ ਦੇ ਐੱਸ.ਡੀ.ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਕ ਤਾਰ 'ਚੋਂ ਮਲਟੀਪਲ ਕੁਨੈਕਸ਼ਨ ਦੇਣ ਕਾਰਨ ਤਾਰਾਂ ਨੂੰ ਜੋੜ ਲਾਉਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਬਕਾਇਦਾ ਟੇਪ ਵੀ ਕੀਤਾ ਜਾਂਦਾ ਹੈ। ਜਦੋਂ ਕਿਸੇ ਮੁਰੰਮਤ ਸਬੰਧੀ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਕਈ ਵਾਰ ਸ਼ਿਕਾਇਤਾਂ ਦੀ ਗਿਣਤੀ ਵੱਧ ਹੋਣ ਕਾਰਨ ਕਰਮਚਾਰੀ ਬਿਜਲੀ ਸਪਲਾਈ ਚਾਲੂ ਕਰ ਕੇ ਅਗਲੀ ਸ਼ਿਕਾਇਤ ਅਟੈਂਡ ਕਰਨ ਲਈ ਚਲੇ ਜਾਂਦੇ ਹਨ ਅਤੇ ਹੋ ਸਕਦਾ ਹੈ ਕਿ ਜੋੜ ਨੰਗੇ ਰਹਿ ਗਏ ਹੋਣ। ਇਸ ਸਬੰਧ 'ਚ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਜਾਵੇਗੀ ਤਾਂ ਕਿ ਉਕਤ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।


Related News