ਔਰਤਾਂ ਦੇ ਸਿਰ ''ਤੇ ਰਾਡ ਮਾਰ ਕੇ ਇਸ ਗੈਂਗ ਨੇ ਲੁੱਟ ਦੀਆਂ 28 ਵਾਰਦਾਤਾਂ ਨੂੰ ਦਿੱਤਾ ਅੰਜਾਮ

08/02/2017 7:04:37 PM

ਕਪੂਰਥਲਾ(ਭੂਸ਼ਣ)— ਕਪੂਰਥਲਾ ਪੁਲਸ ਨੂੰ ਉਸ ਸਮੇਂ ਜ਼ਬਰਦਸਤ ਕਾਮਯਾਬੀ ਮਿਲੀ, ਜਦੋਂ ਏ. ਟੀ. ਐੱਮ. ਲੁੱਟਣ ਦੀਆਂ 51 ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਲੁਟੇਰਾ ਗੈਂਗ ਦੇ ਸਰਗਨਾ ਇੰਦਰਜੀਤ ਸਿੰਘ ਨੇ ਆਪਣੇ ਗੈਂਗ ਦੇ ਨਾਲ ਚੰਡੀਗੜ੍ਹ 'ਚ ਰਾਹ ਚੱਲਦੀਆਂ ਔਰਤਾਂ ਦੇ ਸਿਰ 'ਤੇ ਰਾਡ ਮਾਰ ਕੇ ਲੁੱਟ ਦੀਆਂ 28 ਵਾਰਦਾਤ ਨੂੰ ਅੰਜਾਮ ਦੇਣ ਦਾ ਖੁਲਾਸਾ ਕਰਕੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੀ ਅਗਵਾਈ 'ਚ ਬਣੀ ਜਾਂਚ ਟੀਮ ਨੂੰ ਹੈਰਾਨ ਕਰ ਦਿੱਤਾ। ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਇਕ ਹਮਲੇ 'ਚ ਉਨ੍ਹਾਂ ਨੇ ਇਕ ਔਰਤ ਦਾ ਕਤਲ ਵੀ ਕੀਤਾ ਹੈ।  
ਦੱਸਿਆ ਜਾਂਦਾ ਹੈ ਕਿ ਇਸ ਪੂਰੇ ਮਾਮਲੇ ਵਿਚ ਜਿੱਥੇ ਇਕ ਨਵਾਂ ਮੋੜ ਆ ਗਿਆ ਹੈ, ਉਥੇ ਹੀ ਹੁਣ ਜਾਂਚ 'ਚ ਜੁਟੀ ਪੁਲਸ ਟੀਮ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਸਾਹਮਣੇ ਆ ਸਕਦੇ ਹਨ। ਫਿਲਹਾਲ ਅਦਾਲਤ ਨੇ ਗ੍ਰਿਫਤਾਰ ਤਿੰਨਾਂ ਮੁਲਜ਼ਮਾਂ ਨੂੰ 5 ਦਿਨਾਂ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ, ਉਥੇ ਹੀ ਗ੍ਰਿਫਤਾਰ ਮੁਲਜ਼ਮਾਂ ਤੋਂ ਮੰਗਲਵਾਰ ਦੀ ਰਾਤ ਤੱਕ ਸੀ. ਆਈ. ਏ. ਸਟਾਫ ਕਪੂਰਥਲਾ ਵਿਚ ਪੁੱਛਗਿਛ ਦਾ ਦੌਰ ਜਾਰੀ ਸੀ ।  
12 ਮਾਮਲਿਆਂ 'ਚ ਚੰਡੀਗੜ੍ਹ ਪੁਲਸ ਦਾ ਭਗੌੜਾ ਹੈ ਗੈਂਗ ਦਾ ਸਰਗਨਾ ਇੰਦਰਜੀਤ ਸਿੰਘ
ਪੁੱਛਗਿਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਗੈਂਗ ਦਾ ਸਰਗਨਾ ਇੰਦਰਜੀਤ ਸਿੰਘ ਚੰਡੀਗੜ੍ਹ ਪੁਲਸ ਨੂੰ ਲੋੜੀਂਦੇ 12 ਮਾਮਲਿਆਂ 'ਚ ਭਗੌੜਾ ਚਲ ਰਿਹਾ ਹੈ, ਜਿਸ ਦਾ ਮੁਲਜ਼ਮ ਨੇ ਪਹਿਲਾਂ ਖੁਲਾਸਾ ਨਹੀਂ ਕੀਤਾ ਸੀ। ਹੁਣ ਪੁਲਸ ਮੁਲਜ਼ਮ ਤੋਂ ਉਸ ਦੇ ਗੈਂਗ ਵੱਲੋਂ ਕੀਤੀਆਂ ਗਈਆਂ ਹੋਰ ਵੀ ਵਾਰਦਾਤਾਂ ਨੂੰ ਲੈ ਕੇ ਪੁੱਛਗਿੱਛ ਦੇ ਦੌਰ 'ਚ ਜੁੱਟ ਗਈ ਹੈ। ਇਸ ਦੌਰਾਨ ਮੁਲਜ਼ਮ ਇੰਦਰਜੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਨੇ ਕੁਝ ਸਾਲ ਪਹਿਲਾਂ ਇਕ ਕਾਰ ਨੂੰ ਫਾਈਨਾਂਸ ਕਰਵਾਉਣ ਦੇ ਬਾਅਦ ਉਸ ਨੂੰ ਜਾਣ-ਬੁੱਝ ਕੇ ਗਾਇਬ ਕਰਕੇ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਅਤੇ ਬਾਅਦ 'ਚ ਇਸ ਕਾਰ ਨੂੰ ਦਿੱਲੀ 'ਚ ਵੇਚ ਦਿੱਤਾ ਸੀ।   
ਮੁਲਜ਼ਮਾਂ ਨੂੰ ਲੈਣ ਲਈ ਹਿਮਾਚਲ ਪੁਲਸ ਪਹੁੰਚੀ ਕਪੂਰਥਲਾ 
ਦੱਸਿਆ ਜਾਂਦਾ ਹੈ ਕਿ ਤਿੰਨਾਂ ਮੁਲਜ਼ਮਾਂ ਨੂੰ ਲੈਣ ਹਿਮਾਚਲ ਪੁਲਸ ਦੀ ਇਕ ਵਿਸ਼ੇਸ਼ ਟੀਮ ਵੀ ਮੰਗਲਵਾਰ ਨੂੰ ਕਪੂਰਥਲਾ ਪਹੁੰਚ ਗਈ ਸੀ ਅਤੇ ਉਕਤ ਟੀਮ ਨੇ ਅਦਾਲਤ ਤੋਂ ਟਰਾਂਜਿਟ ਰਿਮਾਂਡ ਲੈਣ ਲਈ ਅਪੀਲ ਵੀ ਕੀਤੀ ਸੀ ਪਰ ਇਸ ਦੌਰਾਨ ਕਪੂਰਥਲਾ ਪੁਲਸ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਹੋਰ ਸਨਸਨੀਖੇਜ ਖੁਲਾਸੇ ਕੀਤੇ ਹਨ, ਇਸ ਲਈ ਉਨ੍ਹਾਂ ਤੋਂ ਪੁੱਛਗਿੱਛ ਦਾ ਦੌਰ ਤੇਜ਼ ਕਰਨਾ ਬੇਹੱਦ ਜ਼ਰੂਰੀ ਹੈ। ਜਿਸ 'ਤੇ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 5 ਦਿਨਾਂ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ।


Related News