ਗੈਸ ਕਟਰ ਨਾਲ ਜਿੰਦਰੇ ਤੇ ਸ਼ਟਰ ਕੱਟ ਕੇ ਅਣਪਛਾਤੇ ਵਿਅਕਤੀਆਂ ਵੱਲੋਂ ATM ਲੁੱਟਣ ਦੀ ਕੋਸ਼ਿਸ਼

Tuesday, Nov 23, 2021 - 02:20 PM (IST)

ਗੈਸ ਕਟਰ ਨਾਲ ਜਿੰਦਰੇ ਤੇ ਸ਼ਟਰ ਕੱਟ ਕੇ ਅਣਪਛਾਤੇ ਵਿਅਕਤੀਆਂ ਵੱਲੋਂ ATM ਲੁੱਟਣ ਦੀ ਕੋਸ਼ਿਸ਼

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ ਧਰਮਪਾਲ ਸਿੰਘ) : ਸਥਾਨਕ ਧਨੌਲਾ ਰੋਡ ’ਤੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਜਾਣਕਾਰੀ ਅਨੁਸਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪਹਿਲਾਂ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ. ਦੇ ਜਿੰਦਰੇ ਕੱਟੇ ਗਏ ਅਤੇ ਸ਼ਟਰ ਨੂੰ ਵੀ ਗੈਸ ਕਟਰ ਨਾਲ ਕੱਟਿਆ ਗਿਆ। ਏ. ਟੀ. ਐੱਮ. ਲੁੱਟਣ ਦੀ ਨੀਅਤ ਨਾਲ ਆਏ ਵਿਅਕਤੀ ਏ. ਟੀ. ਐੱਮ. ਅੰਦਰ ਲੁੱਟ ਕਰਨ ’ਚ ਨਾਕਾਮਯਾਬ ਰਹੇ। ਥਾਣਾ ਸਿਟੀ-2 ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ।

ਉਨ੍ਹਾਂ ਦੱਸਿਆ ਕਿ ਏ. ਟੀ. ਐੱਮ. ਅਤੇ ਨਜ਼ਦੀਕ ਦੇ ਹੋਰਨਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਗੈਸ ਕਟਰ ਨਾਲ ਏ. ਟੀ. ਐੱਮ. ਦੇ ਜਿੰਦਰੇ ਤੇ ਸ਼ਟਰ ਨੂੰ ਜ਼ਰੂਰ ਕੱਟਿਆ ਗਿਆ ਹੈ ਪਰ ਏ. ਟੀ. ਐੱਮ. ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਨਾ ਹੀ ਕੋਈ ਨਕਦੀ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੈਂਕ ਮੈਨੇਜਰ ਅਮਿਤ ਆਨੰਦ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਅਲਕਾ ਮੀਨਾ ਦੇ ਨਿਰਦੇਸ਼ਾਂ ਮੁਤਾਬਕ ਸ਼ਹਿਰ ’ਚ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾ ਰਹੀ ਹੈ ਤਾਂ ਜੋ ਗੈਰ ਕਾਨੂੰਨੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ।


 


author

Babita

Content Editor

Related News