ਟੋਚਨ ਪਾ ਕੇ ਏ. ਟੀ. ਐੱਮ. ਤੋਡ਼ਣ ਦੀ ਕੋਸ਼ਿਸ਼

Saturday, Jan 12, 2019 - 05:30 AM (IST)

ਟੋਚਨ ਪਾ ਕੇ ਏ. ਟੀ. ਐੱਮ. ਤੋਡ਼ਣ ਦੀ ਕੋਸ਼ਿਸ਼

ਲੁਧਿਆਣਾ, (ਰਾਮ ਗੁਪਤਾ)- ਥਾਣਾ ਜਮਾਲਪੁਰ ਅਧੀਨ ਆਉਂਦੇ ਇਲਾਕੇ 33 ਫੁੱਟ ਰੋਡ ਦੇ ਸੁੰਦਰ ਨਗਰ ਇਲਾਕੇ ’ਚ ਸਵੇਰੇ ਸਾਢੇ 4 ਵਜੇ ਲੁਟੇਰਿਆਂ ਨੇ ਏ. ਟੀ. ਐੱਮ. ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਸਪਰੇਅ ਕਰਦੇ ਹੋਏ ਇਕ ਗੱਡੀ ਨਾਲ ਟੋਚਨ ਪਾ ਕੇ ਐਕਸਿਸ ਬੈਂਕ ਦੀ ਮਸ਼ੀਨ ਨੂੰ ਤੋਡ਼ਣ ਦੀ ਕੋਸ਼ਿਸ਼ ਕੀਤੀ, ਜੋ ਆਪਣੀ ਕੋਸ਼ਿਸ਼ ’ਚ ਸਫਲ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਉਕਤ ਏ. ਟੀ. ਐੱਮ. ’ਤੇ ਇਕ ਦਿਨ ਪਹਿਲਾਂ ਹੀ ਸਾਢੇ 13 ਲੱਖ ਰੁਪਏ ਦੀ ਰਕਮ ਲੋਡ ਕੀਤੀ ਗਈ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ.-4 ਰਾਜਵੀਰ ਸਿੰਘ, ਏ. ਸੀ. ਪੀ. ਕ੍ਰਾਈਮ ਰਤਨ ਸਿੰਘ ਬਰਾਡ਼, ਸੀ. ਆਈ. ਏ. ਇੰਚਾਰਜ ਹਰਪਾਲ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ ਸਾਢੇ 4 ਵਜੇ ਸੁੰਦਰ ਨਗਰ ਚੌਕ ’ਚ ਪੈਂਦੇ ਐਕਸਿਸ ਬੈਂਕ ਦੇ ਏ. ਟੀ. ਐੱਮ. ਨੂੰ ਅਣਪਛਾਤੇ ਲੁਟੇਰਿਆਂ ਵਲੋਂ ਤੋਡ਼ਣ ਦੀ ਕੋਸ਼ਿਸ਼ ਕੀਤੀ ਗਈ  ਪਰ ਉਹ ਨਕਦੀ ਲਿਜਾਣ ’ਚ ਅਸਫਲ ਰਹੇ, ਜਦਕਿ ਪੁਲਸ ਅਧਿਕਾਰੀ ਲੁੱਟ ਹੋਣ ਜਾਂ ਨਾ ਹੋਣ ਦੀ ਘਟਨਾ ਬਾਰੇ ਕੋਈ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ, ਜਿਨ੍ਹਾਂ ਨੇ ਜਾਂਚ ਦੀ ਗੱਲ ਕਹਿ ਕੇ ਮਾਮਲੇ ਨੂੰ ਟਾਲ ਦਿੱਤਾ। 
 ਏ. ਟੀ. ਐੱਮ. ’ਤੇ ਨਹੀਂ ਸੀ ਕੋਈ ਸਕਿਓਰਟੀ ਗਾਰਡ
 ਜ਼ਿਲਾ ਪੁਲਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਵੀ ਮਹਾਨਗਰ ਦੇ ਜ਼ਿਆਦਾਤਰ ਏ. ਟੀ. ਐੱਮਜ਼ ’ਤੇ ਸਕਿਓਰਟੀ ਗਾਰਡ ਦੀ ਤਾਇਨਾਤੀ ਬੈਂਕਾਂ ਵਲੋਂ ਨਹੀਂ ਕੀਤੀ ਜਾ ਰਹੀ। ਜਿਸ ਦਾ ਪ੍ਰਮਾਣ ਉਕਤ ਐਕਸਿਸ ਬੈਂਕ ਦੇ ਏ. ਟੀ. ਐੱਮ. ਤੋਂ ਸਾਫ ਦੇਖਣ ਨੂੰ ਮਿਲਦੀ ਹੈ। ਜੇਕਰ ਦੇਖਿਆ ਜਾਵੇ ਤਾਂ ਉਕਤ ਮਾਮਲੇ ’ਚ ਥਾਣਾ ਜਮਾਲਪੁਰ ਦੀ ਪੁਲਸ ਦੀ ਅਣਦੇਖੀ ਵੀ ਸਾਫ ਸਾਹਮਣੇ ਆਈ ਹੈ ਕਿਉਂਕਿ ਥਾਣਾ ਜਮਾਲਪੁਰ ਦੇ ਜ਼ਿਆਦਾਤਰ ਏ. ਟੀ. ਐੱਮਜ. ’ਤੇ ਸਕਿਓਰਟੀ ਗਾਰਡ ਦੀ ਤਾਇਨਾਤੀ ਦੇਖਣ ਨੂੰ ਨਹੀਂ ਮਿਲ ਰਹੀ। 


author

Babita

Content Editor

Related News