ਏ. ਟੀ. ਐੱਮ. ਬਦਲਕੇ ਠੱਗੀ ਕਰਨ ਵਾਲੇ ਦੋ ਗ੍ਰਿਫਤਾਰ

Tuesday, Jan 10, 2023 - 06:17 PM (IST)

ਏ. ਟੀ. ਐੱਮ. ਬਦਲਕੇ ਠੱਗੀ ਕਰਨ ਵਾਲੇ ਦੋ ਗ੍ਰਿਫਤਾਰ

ਸਾਹਨੇਵਾਲ (ਜਗਰੂਪ) : ਧੋਖੇ ਨਾਲ ਲੋਕਾਂ ਦੇ ਬੈਂਕ ਏ. ਟੀ. ਐੱਮ. ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲੇ ਦੋ ਨੌਸਰਬਾਜ਼ਾਂ ਨੂੰ ਥਾਣਾ ਸਾਹਨੇਵਾਲ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਨੌਸਰਬਾਜ਼ਾਂ ਦੇ ਤੀਜੇ ਫਰਾਰ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਗਸ਼ਤ ਸਬੰਧੀ ਗਿਆਸਪੁਰਾ ਪਾਰਕ ਦੇ ਨਜ਼ਦੀਕ ਮੌਜੂਦ ਸੀ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ਹਿਰ ਦੇ ਵੱਖ-ਵੱਖ ਏ.ਟੀ.ਐਮਜ਼ ਉਪਰ ਪੈਸੇ ਕਢਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਏ. ਟੀ. ਐੱਮ. ਬਦਲਕੇ ਠੱਗੀ ਕਰਨ ਵਾਲੇ ਤਿੰਨ ਨੌਸਰਬਾਜ਼ ਨਿਊ ਰਾਮ ਨਗਰ, ਗਿਆਸਪੁਰਾ ਏ.ਟੀ.ਐੱਮ. ਦੇ ਬਾਹਰ ਖੜ੍ਹੇ ਹੋਏ ਹਨ।

ਇਸ ’ਤੇ ਥਾਣੇਦਾਰ ਸ਼ਵਿੰਦਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਤੁਰੰਤ ਛਾਪੇਮਾਰੀ ਕਰਦੇ ਹੋਏ ਮੌਕੇ ਤੋਂ ਹਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਾਬਾ ਮੁਕੰਦ ਸਿੰਘ ਨਗਰ, ਸ਼ਿਮਲਾਪੁਰੀ ਅਤੇ ਗੌਰਵ ਪੁੱਤਰ ਅਮਰੀਸ਼ ਸਿੰਘ ਵਾਸੀ ਨਿਊ ਅਮਰ ਨਗਰ, ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦਾ ਤੀਜਾ ਸਾਥੀ ਕਾਕਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਨੌਸਰਬਾਜ਼ਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 50 ਦੇ ਕਰੀਬ ਏ. ਟੀ. ਐੱਮ. ਬਰਾਮਦ ਕੀਤੇ ਹਨ। ਗ੍ਰਿਫਤਾਰ ਅਤੇ ਫਰਾਰ ਨੌਸਰਬਾਜ਼ਾਂ ਖ਼ਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News