ਏ.ਟੀ.ਐਮ. ਬਦਲ ਕੇ ਮਾਰੀ ਹਜ਼ਾਰਾਂ ਰੁਪਏ ਦੀ ਠੱਗੀ
Tuesday, Mar 20, 2018 - 05:30 PM (IST)

ਅਬੋਹਰ (ਰਹੇਜਾ) : ਸਥਾਨਕ ਪਟੇਲ ਨਗਰ ਵਾਸੀ ਇਕ ਵਿਅਕਤੀ ਦਾ ਪਿਛਲੇ ਦਿਨੀਂ ਇਕ ਸ਼ਾਤਰ ਵਿਅਕਤੀ ਨੇ ਏ.ਟੀ.ਐਮ. ਬਦਲ ਕੇ ਉਸਦੇ ਖਾਤੇ 'ਚੋਂ ਹਜ਼ਾਰਾਂ ਰੁਪਏ ਕੱਢ ਲਏ। ਪੀੜਤ ਵਿਅਕਤੀ ਨੇ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰਣ ਦੀ ਮੰਗ ਕੀਤੀ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਭੀਮਸੈਨ ਪੁੱਤਰ ਜਮਨਾਦਾਸ ਨੇ ਦੱਸਿਆ ਕਿ ਉਹ 15 ਮਾਰਚ ਨੂੰ ਸਵੇਰੇ ਥਾਣਾ ਰੋਡ ਵਿਖੇ ਸਟੇਟ ਬੈਂਕ ਦੇ ਏ.ਟੀ.ਐਮ. 'ਚੋਂ ਰੁਪਏ ਕੱਢਵਾਉਣ ਗਿਆ ਸੀ ਤਾਂ ਉਥੇ ਪਹਿਲਾਂ ਤੋਂ ਹੀ ਇਕ ਵਿਅਕਤੀ ਮੌਜੂਦ ਸੀ, ਜਿਸ ਨੇ ਉਸਨੂੰ ਉਸਦੇ ਬੈਂਕ ਅਕਾਊਂਟ ਦੀ ਸਟੇਟਮੈਂਟ ਕੱਢ ਕੇ ਦੇਣ ਨੂੰ ਕਿਹਾ ਜਦੋਂ ਉਸਨੇ ਉਕਤ ਵਿਅਕਤੀ ਨੂੰ ਆਪਣਾ ਏ.ਟੀ.ਐਮ. ਦਿੱਤਾ ਤਾਂ ਉਕਤ ਵਿਅਕਤੀ ਨੇ ਉਸਦਾ ਏ.ਟੀ.ਐਮ. ਬਦਲ ਲਿਆ ਅਤੇ ਉਸਦੇ ਖਾਤੇ 'ਚੋਂ 28 ਹਜਾਰ ਰੁਪਏ ਕੱਢਵਾ ਲਏ।
ਪੀੜਤ ਵਿਅਕਤੀ ਨੇ ਪੁਲਸ ਅਧਿਕਾਰੀਆਂ ਤੋਂ ਉਕਤ ਵਿਅਕਤੀ ਦਾ ਪਤਾ ਲਗਾ ਕੇ ਉਸਦੇ ਰੁਪਏ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਇਧਰ ਇਸ ਬਾਰੇ ਥਾਣਾ ਰੋਡ ਵਿਖੇ ਬੈਂਕ ਦੀ ਸ਼ਾਖਾ ਪ੍ਰਬੰਧਕ ਅੰਕਿਤਾ ਧਵਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ ਉਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।