ਥਾਣਾ ਸਦਰ ਦੇ ਕੁਆਰਟਰ ''ਚ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ
Tuesday, Apr 17, 2018 - 06:17 AM (IST)
ਲੁਧਿਆਣਾ, (ਰਿਸ਼ੀ)- ਥਾਣਾ ਸਦਰ ਦੇ ਕੁਆਰਟਰ ਨੰ. 14-ਬੀ ਵਿਚ ਇਕ ਕਾਂਸਟੇਬਲ ਨੇ ਖੁਦ ਨੂੰ ਸਰਕਾਰੀ ਏ. ਕੇ.-47 ਸਾਲਟ ਨਾਲ ਗੋਲੀ ਮਾਰ ਲਈ। ਘਟਨਾ ਦਾ ਪਤਾ ਸੋਮਵਾਰ ਦੇਰ ਸ਼ਾਮ ਉਦੋਂ ਲੱਗਿਆ ਜਦੋਂ ਕਈ ਘੰਟੇ ਪੁਰਾਣੀ ਲਾਸ਼ ਹੋਣ 'ਤੇ ਕਮਰੇ 'ਚੋਂ ਬਦਬੂ ਆਉਣ ਲੱਗ ਪਈ। ਜਿਸ 'ਤੇ ਗੁਆਂਢੀਆਂ ਨੇ ਪੁਲਸ ਕੰਟਰੋਲ ਰੂਪ 'ਤੇ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕਾਂਸਟੇਬਲ ਦੀ ਲਾਸ਼ ਲਹੂ-ਲੁਹਾਨ ਹਾਲਤ ਵਿਚ ਜ਼ਮੀਨ 'ਤੇ ਡਿਗੀ ਪਈ ਸੀ। ਖਬਰ ਲਿਖੇ ਜਾਣ ਤੱਕ ਪੁਲਸ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਵਿਚ ਜੁਟੀ ਹੋਈ ਸੀ। ਉਥੇ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਕਾਂਸਟੇਬਲ ਦੀ ਪਛਾਣ ਮਨਪ੍ਰੀਤ ਸਿੰਘ (32) ਦੇ ਰੂਪ ਵਿਚ ਹੋਈ ਹੈ। ਉਹ ਏ. ਡੀ. ਸੀ. ਪੀ. ਪਰਮਜੀਤ ਸਿੰਘ ਪੰਨੂ ਨਾਲ ਤਾਇਨਾਤ ਸੀ। ਬੀਤੀ 13 ਅਪ੍ਰੈਲ ਨੂੰ ਪਤਨੀ ਹਰਪ੍ਰੀਤ ਕੌਰ 2 ਸਾਲਾ ਬੇਟੀ ਨਾਲ ਪੇਕੇ ਘਰ ਸੰਗਰੂਰ ਗਈ ਹੋਈ ਸੀ ਅਤੇ ਉਹ ਕੁਆਰਟਰ ਵਿਚ ਇਕੱਲਾ ਰਹਿ ਰਿਹਾ ਸੀ। ਮਨਪ੍ਰੀਤ ਬੀਤੀ 11 ਅਪ੍ਰੈਲ ਤੋਂ ਡਿਊਟੀ 'ਤੇ ਵੀ ਨਹੀਂ ਜਾ ਰਿਹਾ ਸੀ। ਐਤਵਾਰ ਸਵੇਰੇ 8.30 ਵਜੇ ਗੁਆਂਢੀਆਂ ਨੇ ਉਸ ਨੂੰ ਆਖਰੀ ਵਾਰ ਕੁਆਰਟਰ ਦੇ ਬਾਹਰ ਦੇਖਿਆ ਸੀ। ਸੋਮਵਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਈ ਵਾਰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ।
ਬਾਅਦ ਸ਼ਾਮ ਕੁਆਰਟਰ 'ਚੋਂ ਬਦਬੂ ਆਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਅਨੁਸਾਰ ਗੋਲੀ ਛਾਤੀ ਵਿਚ ਲੱਗੀ ਹੈ। ਮੌਕੇ ਤੋਂ ਪੁਲਸ ਨੂੰ ਸਰਕਾਰੀਸਾਲਟ ਵੀ ਬਰਾਮਦ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਖੁਦ ਨੂੰ ਕਿਨ੍ਹਾਂ ਕਾਰਨਾਂ ਕਰ ਕੇ ਗੋਲੀ ਮਾਰੀ ਹੈ।
