ਵਿਧਾਨ ਸਭਾ ਸਪੀਕਰ ਦੀ ਨੌਜਵਾਨਾਂ ਨੂੰ ਬਜਟ ਸੈਸ਼ਨ ਵੇਖਣ ਦੀ ਅਪੀਲ
Sunday, May 29, 2022 - 05:11 PM (IST)
ਜੈਤੋ (ਸਤਵਿੰਦਰ) : ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਇਸ ਵਾਰ ਦਾ ਬਜਟ ਸੈਸ਼ਨ ਜ਼ਰੂਰ ਵੇਖਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਤਿਆਰ ਕੀਤੀਆਂ ਨੀਤੀਆਂ ਨੂੰ ਘੜਨ ਵੇਲੇ ਸੈਸ਼ਨ ’ਚ ਸ਼ਾਮਲ ਕਰਨ ਲਈ ਉਪਰਾਲੇ ਕੀਤੇ ਜਾਣ ਤਾਂ ਇਸ ਦੇ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ ਤੇ ਸਪੀਕਰ ਦੀ ਮਰਿਆਦਾ ਨੂੰ ਉਹ ਲੰਘਣਾ ਨਹੀਂ ਚਾਹੁੰਦੇ।
ਜ਼ਿਕਰਯੋਗ ਹੈ ਕਿ ਸੀਨੀ. ਆਗੂ ਸੱਤਪਾਲ ਡੋਡ ਦੇ ਗ੍ਰਹਿ ਵਿਖੇ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਇੱਥੇ ਸੱਤਪਾਲ ਡੋਡ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਸਥਾਨਕ ਸਿਵਲ ਹਸਪਤਾਲ, ਸੀਵਰੇਜ ਸਿਸਟਮ, ਨਾਜਾਇਜ਼ ਕਬਜ਼ੇ ਤੇ ਮੈਡੀਕਲ ਨਸ਼ਿਆਂ ਦੇ ਨਾਲ-ਨਾਲ ਟਰੈਫਿਕ ਸਮੱਸਿਆਵਾਂ ਬਾਰੇ ਸਪੀਕਰ ਨੂੰ ਜਾਣੂ ਕਰਵਾਇਆ। ਸਮੱਸਿਆਵਾਂ ਦੇ ਹੱਲ ਬਾਰੇ ਸਪੀਕਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧਿਆਨ ’ਚ ਲਿਆ ਕੇ ਜਲਦੀ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਪੀ. ਏ . ਮਨਪ੍ਰੀਤ ਸਿੰਘ, ਕਰਮ ਚੰਦ ਮਿੱਤਲ, ਜਗਦੀਸ਼ ਰਾਏ, ਅਸ਼ੋਕ ਕੁਮਾਰ ਗਰਗ, ਪ੍ਰਵੀਨ ਕੁਮਾਰ ਜਿੰਦਲ, ਵਿਸ਼ਾਲ ਡੋਡ, ਸੁਰੇਸ਼ ਕੁਮਾਰ ਕਾਂਸਲ, ਪੱਪੂ ਆੜ੍ਹਤੀਆ ਆਦਿ ਹਾਜ਼ਰ ਸਨ।