ਸੂਬਿਆਂ ਦੇ ਨਤੀਜਿਆਂ ਤੋਂ ਪਹਿਲਾਂ ਨਜ਼ਰਾਂ ਵਿਰੋਧੀ ਧਿਰ ਦੀ ਬੈਠਕ ''ਤੇ

12/07/2018 9:58:39 AM

ਜਲੰਧਰ (ਨਰੇਸ਼ ਕੁਮਾਰ)— ਕਾਂਗਰਸ ਅਤੇ ਭਾਜਪਾ ਨੂੰ ਬੇਸ਼ੱਕ ਹੀ 11 ਦਸੰਬਰ ਨੂੰ 5 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਦੇ ਆ ਰਹੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੋਵੇ ਪਰ ਸਿਆਸੀ ਵਿਸ਼ਲੇਸ਼ਕਾਂ ਅਤੇ ਦੇਸ਼ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਦੀ ਨਜ਼ਰ ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ 10 ਦਸੰਬਰ ਨੂੰ ਦਿੱਲੀ ਵਿਚ ਹੋਣ ਵਾਲੀ ਵਿਰੋਧੀ ਧਿਰ ਦੀ ਬੈਠਕ 'ਤੇ ਲੱਗੀ ਹੋਈ ਹੈ। ਇਹ ਬੈਠਕ ਰਾਜਗ ਦਾ ਹਿੱਸਾ ਰਹੇ ਚੰਦਰਬਾਬੂ ਨਾਇਡੂ ਦੀ ਪਹਿਲ 'ਤੇ ਸੱਦੀ ਗਈ ਹੈ। ਪਹਿਲਾਂ ਇਹ ਬੈਠਕ 22 ਨਵੰਬਰ ਨੂੰ ਹੋਣੀ ਸੀ ਪਰ 5 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਨਵੀਂ ਮਿਤੀ 10 ਦਸੰਬਰ ਨਿਰਧਾਰਿਤ ਕੀਤੀ ਗਈ। ਉਕਤ ਬੈਠਕ 'ਚ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸਮਾਗਮ ਦੌਰਾਨ ਭਾਜਪਾ ਵਿਰੁੱਧ ਅਪਣਾਈ ਜਾਣ ਵਾਲੀ ਰਣਨੀਤੀ ਦੇ ਨਾਲ-ਨਾਲ ਦੇਸ਼ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਿਰੁੱਧ ਬਣਨ ਵਾਲੇ ਸੰਭਾਵਿਤ ਗਠਜੋੜ 'ਤੇ ਵੀ ਚਰਚਾ ਹੋਵੇਗੀ। ਬੈਠਕ 'ਚ ਮਮਤਾ ਵੱਲੋਂ 19 ਜਨਵਰੀ ਨੂੰ ਕੋਲਕਾਤਾ ਵਿਖੇ ਵਿਰੋਧੀ ਪਾਰਟੀਆਂ ਦੀ ਹੋਣ ਵਾਲੀ ਰੈਲੀ ਬਾਰੇ ਵੀ ਚਰਚਾ ਹੋ ਸਕਦੀ ਹੈ।

ਕੌਣ-ਕੌਣ ਹੋਵੇਗਾ ਬੈਠਕ 'ਚ
ਦੱਸਿਆ ਜਾਂਦਾ ਹੈ ਕਿ ਕਾਂਗਰਸ ਵੱਲੋਂ ਉਕਤ ਬੈਠਕ 'ਚ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਸ਼ਾਮਲ ਹੋ ਸਕਦੇ ਹਨ। ਸੋਨੀਆ ਇਸ ਸਮੇਂ ਯੂ. ਪੀ. ਏ. ਦੀ ਕਨਵੀਨਰ ਹੈ। ਇਸ ਪੱਖੋਂ ਉਹ ਬੈਠਕ ਵਿਚ ਜਾ ਸਕਦੀ ਹੈ। ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਵੱਲੋਂ ਮਮਤਾ ਬੈਨਰਜੀ ਦੇ ਬੈਠਕ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਐੱਨ. ਸੀ. ਪੀ. ਦੇ ਸ਼ਰਦ ਪਵਾਰ, ਅੰਨਾ ਡੀ. ਐੱਮ. ਕੇ. ਦੇ ਮੁਖੀ ਸਟਾਲਿਨ ਅਤੇ ਜਨਤਾ ਦਲ (ਐੱਸ) ਦੇ ਆਗੂ ਐੱਚ. ਡੀ. ਦੇਵੇਗੌੜਾ ਨੇ ਬੈਠਕ ਵਿਚ ਸ਼ਾਮਲ ਹੋਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਉੱਤਰ ਪ੍ਰਦੇਸ਼ ਦੀਆਂ 2 ਪ੍ਰਮੁੱਖ ਪਾਰਟੀਆਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਬੈਠਕ 'ਚ ਹਿੱਸਾ ਲੈਣ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਸਪਾ ਆਪਣੇ ਕਿਸੇ ਪ੍ਰਤੀਨਿਧੀ ਨੂੰ ਬੈਠਕ ਵਿਚ ਭੇਜ ਸਕਦੀ ਹੈ। ਬਸਪਾ ਕੋਈ ਵੀ ਸਿਆਸੀ ਫੈਸਲਾ ਲੈਣ ਤੋਂ ਪਹਿਲਾਂ 5 ਵਿਧਾਨ ਸਭਾਵਾਂ ਦੇ 11 ਦਸੰਬਰ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਵੇਖਣਾ ਚਾਹੁੰਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ 'ਚ ਹਾਜ਼ਰੀ ਨੂੰ ਲੈ ਕੇ ਵੀਰਵਾਰ ਰਾਤ ਤੱਕ ਸਸਪੈਂਸ ਬਣਿਆ ਹੋਇਆ ਸੀ। ਮਮਤਾ ਬੈਨਰਜੀ ਅਤੇ ਚੰਦਰਬਾਬੂ ਨਾਇਡੂ ਚਾਹੁੰਦੇ ਹਨ ਕਿ ਕੇਜਰੀਵਾਲ ਗਠਜੋੜ ਵਿਚ ਸ਼ਾਮਲ ਹੋਣ ਪਰ ਕਾਂਗਰਸ ਅਜਿਹਾ ਨਹੀਂ ਚਾਹੁੰਦੀ।

ਬੈਠਕ ਤੋਂ ਪਹਿਲਾਂ ਵੱਡੇ ਸਵਾਲ

ਕੀ ਚੰਦਰਬਾਬੂ ਨਾਇਡੂ ਯੂ. ਪੀ. ਏ. ਤੋਂ ਵੱਖ ਮੋਰਚਾ ਬਣਾਉਣਗੇ?
ਕੀ ਯੂ. ਪੀ. ਏ. ਇਸ ਮੋਰਚੇ ਨਾਲ ਤਾਲਮੇਲ ਕਰੇਗੀ ਜਾਂ ਮੋਰਚੇ ਵਿਚ ਸ਼ਾਮਲ ਹੋਵੇਗੀ?
ਕੀ ਖੱਬੇਪੱਖੀ ਪਾਰਟੀਆਂ ਇਸ ਮੋਰਚੇ ਦਾ ਹਿੱਸਾ ਬਣਨਗੀਆਂ?
ਮੋਰਚਾ ਸੀਟਾਂ ਦੀ ਵੰਡ ਕਿਵੇਂ ਕਰੇਗਾ?
ਇਸ ਮੋਰਚੇ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਚਿਹਰਾ ਕੌਣ ਹੋਵੇਗਾ?

ਤੇਲੰਗਾਨਾ ਦੇ ਨਤੀਜਿਆਂ 'ਤੇ ਨਜ਼ਰਾਂ 
ਭਾਵੇਂ ਸਿਆਸੀ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ ਪਰ ਗਠਜੋੜ ਪੱਖੋਂ ਤੇਲੰਗਾਨਾ ਦਾ ਨਤੀਜਾ ਅਹਿਮ ਹੈ। ਬਿਹਾਰ ਤੋਂ ਬਾਅਦ ਤੇਲੰਗਾਨਾ 'ਚ ਦੂਜੀ ਵਾਰ ਗਠਜੋੜ ਬਣਿਆ ਹੈ। ਇਸ ਗਠਜੋੜ ਵਿਚ ਕਾਂਗਰਸ ਨੇ ਆਪਣੀ ਵਿਰੋਧੀ ਪਾਰਟੀ ਤੇਲਗੂ ਦੇਸ਼ਮ ਨਾਲ ਤਾਲਮੇਲ ਕੀਤਾ ਹੈ। ਤੇਲੰਗਾਨਾ ਜਨ ਸੇਨਾ ਅਤੇ ਕਮਿਊਨਿਸਟ ਪਾਰਟੀਆਂ ਵੀ ਇਸ ਵਿਚ ਸ਼ਾਮਲ ਹਨ। ਇਸ ਨੂੰ ਮਹਾਕੁਟਾਮੀ ਦਾ ਨਾਂ ਦਿੱਤਾ ਗਿਆ ਹੈ। ਜੇ ਇਹ ਗਠਜੋੜ ਪੀ. ਆਰ. ਐੱਸ. ਵਿਰੁੱਧ ਸਫਲ ਰਿਹਾ ਤਾਂ ਇਹ ਤਜਰਬਾ ਦੂਜੇ ਸੂਬਿਆਂ ਵਿਚ ਵੀ ਹੋਵੇਗਾ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਸੂਬਾ ਵਾਰ ਗਠਜੋੜ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।


shivani attri

Content Editor

Related News