ਕਿਸ ਪਾਰਟੀ ਦੇ ਕਬਜ਼ੇ ’ਚ ਆਵੇਗੀ ਲੁਧਿਆਣਾ ਦੱਖਣੀ ਹਲਕੇ ਦੀ ਸੀਟ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Friday, Feb 18, 2022 - 05:01 PM (IST)

ਕਿਸ ਪਾਰਟੀ ਦੇ ਕਬਜ਼ੇ ’ਚ ਆਵੇਗੀ ਲੁਧਿਆਣਾ ਦੱਖਣੀ ਹਲਕੇ ਦੀ ਸੀਟ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

ਲੁਧਿਆਣਾ ਦੱਖਣੀ (ਵੈੱਬ ਡੈਸਕ) - ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚੋਂ ਲੁਧਿਆਣਾ ਦੱਖਣੀ 61 ਨੰਬਰ ਚੋਣ ਹਲਕਾ ਹੈ। ਇਸ ਹਲਕੇ 'ਚ ਹੋਈਆਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਜਿੱਤਦੇ ਆ ਰਹੇ ਹਨ ਜਿਨ੍ਹਾਂ ਨੇ 2012 ਵਿੱਚ ਆਜ਼ਾਦ ਅਤੇ 2017 ਵਿੱਚ ਲੋਕ ਇਨਸਾਫ਼ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸਨ।

2012
2012 ਦੀਆਂ ਚੋਣਾਂ 'ਚ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਾਕਮ ਸਿੰਘ ਗਿਆਸਪੁਰਾ ਨੂੰ 32,233 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਬੈਂਸ ਨੂੰ 49,594, ਜਦਕਿ ਹਾਕਮ ਸਿੰਘ ਨੂੰ ਸਿਰਫ਼ 17,361ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਤੀਸਰੇ ਨੰਬਰ 'ਤੇ ਰਹੀ ਜਿਸ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਨੂੰ 16737 ਵੋਟਾਂ ਮਿਲੀਆਂ ਸਨ।

2017
2016 ਵਿੱਚ ਬਣੀ ਲੋਕ ਇਨਸਾਫ਼ ਪਾਰਟੀ(ਪ੍ਰਧਾਨ ਸਿਮਰਜੀਤ ਸਿੰਘ ਬੈਂਸ) ਵੱਲੋਂ ਚੋਣ ਮੈਦਾਨ ਵਿੱਚ ਨਿੱਤਰੇ ਬਲਵਿੰਦਰ ਬੈਂਸ ਨੇ 2017 ਵਿੱਚ ਮੁੜ ਬਾਜ਼ੀ ਮਾਰੀ। 2017 'ਚ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੇ ਕਾਂਗਰਸ ਦੇ ਭੁਪਿੰਦਰ ਸਿੰਘ ਸਿੱਧੂ ਨੂੰ 30,917 ਵੋਟਾਂ ਦੇ ਫਰਕ ਨਾਲ ਹਰਾਇਆ। ਬੈਂਸ ਨੂੰ 53,955, ਜਦਕਿ ਸਿੱਧੂ ਨੂੰ 23,038 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਸਿੰਘ ਗਾਬੜੀਆ ਨੇ ਤੀਜੇ ਨੰਬਰ 'ਤੇ ਰਹਿੰਦਿਆਂ 20,554 ਵੋਟਾਂ ਹਾਸਲ ਕੀਤੀਆਂ। ਦੱਸਣਯੋਗ ਹੈ ਕਿ 2017 ਦੀਆਂ ਚੋਣਾਂ ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਲੜੀਆਂ ਸਨ ਜਿਸ ਕਾਰਨ ਇਸ ਸੀਟ 'ਤੇ 'ਆਪ' ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਸੀ।

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਇਨਸਾਫ ਪਾਰਟੀ ਵੱਲੋਂ ਬਲਵਿੰਦਰ ਸਿੰਘ ਬੈਂਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀਰਾ ਸਿੰਘ ਗਾਬੜੀਆ ਮੁੜ ਚੋਣ ਮੈਦਾਨ ਵਿੱਚ ਹਨ। ‘ਆਪ’ ਵੱਲੋਂ ਰਾਜਿੰਦਰਪਾਲ ਕੌਰ ਛੀਨਾ, ਕਾਂਗਰਸ ਵੱਲੋਂ ਈਸ਼ਵਰਜੋਤ ਸਿੰਘ ਚੀਮਾ, ਪੰਜਾਬ ਲੋਕ ਕਾਂਗਰਸ ਵੱਲੋਂ ਸਤਿੰਦਰਪਾਲ ਸਿੰਘ ਤਾਜਪੁਰੀ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਅਨਿਲ ਕੁਮਾਰ ਚੋਣ ਮੈਦਾਨ ’ਚ ਹਨ।

ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 178167 ਹੈ, ਜਿਨ੍ਹਾਂ 'ਚ 77189 ਪੁਰਸ਼, 100965 ਔਰਤਾਂ ਤੇ 13 ਥਰਡ ਜੈਂਡਰ ਹਨ।


author

rajwinder kaur

Content Editor

Related News