10,000 ਰੁਪਏ ਰਿਸ਼ਵਤ ਲੈਂਦਾ ਏ. ਐੱਸ. ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ
Wednesday, Feb 21, 2024 - 06:38 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਥਾਣਾ ਲੌਂਗੋਵਾਲ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ. ਐੱਸ. ਆਈ.) ਚਤਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਸ ਮੁਲਾਜ਼ਮ ਨੂੰ ਬਿੰਦਰ ਸਿੰਘ ਵਾਸੀ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਏ. ਐੱਸ. ਆਈ. ਉਸ ਦੇ ਰਿਸ਼ਤੇਦਾਰ ਰਣਜੀਤ ਸਿੰਘ ਵਾਸੀ ਪਿੰਡ ਝਾੜੋਂ, ਸੁਨਾਮ, ਜ਼ਿਲ੍ਹਾ ਸੰਗਰੂਰ ਨੂੰ ਥਾਣਾ ਲੌਂਗੋਵਾਲ ਵਿਖੇ ਪੁਲਸ ਕੇਸ ’ਚ ਨਾਮਜ਼ਦ ਕੀਤੇ ਜਾਣ ਉਪਰੰਤ ਉਸ ਕੋਲ਼ੋਂ 10,000 ਰੁਪਏ ਦੀ ਰਿਸ਼ਵਤ ਦੀ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਉਕਤ ਛੋਟਾ ਥਾਣੇਦਾਰ ਰਣਜੀਤ ਸਿੰਘ ਦੇ ਘਰੋਂ ਇੱਕ ਗੱਡੀ (ਅਰਟਿਗਾ ਕਾਰ) ਵੀ ਚੁੱਕ ਕੇ ਲੈ ਗਿਆ ਹੈ ਜੋ ਉਸਦੀ ਪਤਨੀ ਦੇ ਨਾਂ ’ਤੇ ਰਜਿਸਟਰਡ ਹੈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਏ. ਐੱਸ. ਆਈ. ਰਣਜੀਤ ਸਿੰਘ ਨੂੰ ਰਿਸ਼ਵਤ ਦੇਣ ਲਈ ਧਮਕੀਆਂ ਦੇ ਰਿਹਾ ਹੈ ਨਹੀਂ ਤਾਂ ਉਹ ਇਸ ਮਾਮਲੇ ’ਚ ਉਸਦੀ ਪਤਨੀ ਨੂੰ ਵੀ ਨਾਮਜ਼ਦ ਕਰ ਦੇਵੇਗਾ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ, ਜਿਸ ’ਚ ਏ. ਐੱਸ. ਆਈ. ਚਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਬਿੰਦਰ ਸਿੰਘ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e