ਪਾਰਟੀ ਨੂੰ ਮਜ਼ਬੂਤ ਕਰਨਾ ਵਰਕਰਾਂ ਦਾ ਕਰਤੱਵ ਤੇ ਟੀਚਾ ਹੋਣਾ ਚਾਹੀਦੈ : ਅਸ਼ਵਨੀ ਸ਼ਰਮਾ
Wednesday, Jan 29, 2020 - 06:56 PM (IST)

ਅੰਮ੍ਰਿਤਸਰ,(ਸੁਮਿਤ/ਕਮਲ) : ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਗੁਰੂ ਨਗਰੀ ਅੰਮ੍ਰਿਤਸਰ ਨਤਮਸਤਕ ਹੋਣ ਪੁੱਜੇ, ਜਿਥੇ ਜ਼ਿਲਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ 'ਚ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰਦੇਸ਼ ਭਾਜਪਾ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਐੱਮ. ਪੀ. ਸ਼ਵੇਤ ਮਲਿਕ, ਪ੍ਰਵੀਨ ਬਾਂਸਲ, ਜੀਵਨ ਗੁਪਤਾ, ਰਾਕੇਸ਼ ਗਿੱਲ, ਸਾਬਕਾ ਮੰਤਰੀ ਅਨਿਲ ਜੋਸ਼ੀ, ਰਾਜੇਸ਼ ਹਨੀ, ਕੇਵਲ ਕੁਮਾਰ, ਰਾਜਿੰਦਰ ਮੋਹਨ ਸਿੰਘ ਛੀਨਾ ਤੇ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਮੌਜੂਦ ਸਨ।
ਸ਼ਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਪੁੱਜੇ, ਜਿਥੇ ਜਰਨੈਲ ਸਿੰਘ ਢੋਟ ਨੇ ਆਪਣੇ ਸਾਥੀ ਵਰਕਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ਼ਰਮਾ ਨੇ ਗੁਰੂ ਘਰ ਦੇ ਲੰਗਰ ਹਾਲ 'ਚ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਅਤੇ ਫਿਰ ਲੰਗਰ ਛਕਣ ਤੋਂ ਬਾਅਦ ਗੁਰੂ ਦਾ ਆਸ਼ੀਰਵਾਦ ਲਿਆ। ਸੂਚਨਾ ਕੇਂਦਰ 'ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਅਸ਼ਵਨੀ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਉਹ ਜਲਿਆਂਵਾਲਾ ਬਾਗ ਵੀ ਨਤਮਸਤਕ ਹੋਏ। ਖੰਨਾ ਸਮਾਰਕ ਪੁੱਜਣ 'ਤੇ ਡਾ. ਰਾਮ ਚਾਵਲਾ ਅਤੇ ਦਫ਼ਤਰ ਵੱਲੋਂ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਰੇ ਨੇਤਾ ਅਤੇ ਵਰਕਰ ਪਾਰਟੀ ਦੇ ਹਿੱਤ 'ਚ ਇਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਵਰਕਰਾਂ ਦਾ ਕਰਤੱਵ ਅਤੇ ਟੀਚਾ ਹੋਣਾ ਚਾਹੀਦਾ ਹੈ। ਸ਼ਰਮਾ ਨੇ ਸੀ. ਏ. ਏ. ਨੂੰ ਪੰਜਾਬ 'ਚ ਲਾਗੂ ਕਰਵਾਉਣ ਲਈ 88662-88662 'ਤੇ ਵੱਧ ਤੋਂ ਵੱਧ ਮਿਸ ਕਾਲ ਕਰਵਾਉਣ ਦਾ ਫਿਰ ਤੋਂ ਮੌਜੂਦ ਵਰਕਰਾਂ ਨੂੰ ਐਲਾਨ ਕੀਤਾ ਤਾਂ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਕਈ ਹਿੱਸਿਆਂ 'ਚ ਸਤਾਏ ਗਏ ਘੱਟਗਿਣਤੀ ਹਿੰਦੂਆਂ, ਸਿੱਖਾਂ, ਜੈਨੀਆਂ, ਪਾਰਸੀਆਂ, ਬੋਧੀਆਂ ਅਤੇ ਈਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਹਾਸਲ ਹੋ ਸਕੇ। ਸੁਰੇਸ਼ ਮਹਾਜਨ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਦੋਸ਼ਾਲਾ ਅਤੇ ਤਲਵਾਰ ਦੇ ਕੇ ਸਨਮਾਨਿਤ ਕੀਤਾ।