ਜ਼ਮੀਨੀ ਪੱਧਰ 'ਤੇ ਸੇਵਾ ਕਰਦੀਆਂ ਪੰਜਾਬ ਦੀਆਂ 28000 ਆਸ਼ਾ ਵਰਕਰ, ਬਿਨਾਂ PPE-ਘੱਟ ਮਾਸਕ-ਤਨਖ਼ਾਹ 2000

Thursday, Apr 30, 2020 - 09:53 AM (IST)

ਜ਼ਮੀਨੀ ਪੱਧਰ 'ਤੇ ਸੇਵਾ ਕਰਦੀਆਂ ਪੰਜਾਬ ਦੀਆਂ 28000 ਆਸ਼ਾ ਵਰਕਰ, ਬਿਨਾਂ PPE-ਘੱਟ ਮਾਸਕ-ਤਨਖ਼ਾਹ 2000

ਹਰਪ੍ਰੀਤ ਸਿੰਘ ਕਾਹਲੋਂ

"ਬੱਚਿਆਂ ਦਾ ਟੀਕਾ ਕਰਨ ਹੋਵੇ। ਕੋਈ ਭੈਣ ਗਰਭਵਤੀ ਹੋਵੇ। ਵੱਸੋਂ ਦਾ ਕੋਈ ਵੀ ਰਿਕਾਰਡ ਰੱਖਣਾ ਹੋਵੇ ਤਾਂ ਇਸ ਸਿਲਸਿਲੇ ਦੀ ਪਹਿਲੀ ਲੜੀ ਆਸ਼ਾ ਵਰਕਰ ਹੈ। ਫਿਰੋਜ਼ਪੁਰ, ਮਲੇਰਕੋਟਲਾ, ਪਟਿਆਲਾ ਅਤੇ ਅਜਿਹੀਆਂ ਕਈ ਥਾਵਾਂ ’ਤੇ ਸਾਡੀਆਂ ਆਸ਼ਾ ਵਰਕਰਾਂ ਨਾਲ ਮਾੜਾ ਵਿਹਾਰ ਕੀਤਾ ਗਿਆ। ਇਨ੍ਹਾਂ ਸਭ ਘਟਨਾਵਾਂ ਦੇ ਬਾਵਜੂਦ ਹਾਲ ਇਹ ਹੈ ਕਿ 1 ਬਲਾਕ ਵਿਚ 100 ਪਿੰਡ ਆਉਂਦੇ ਹਨ ਅਤੇ 100 ਪਿੰਡਾਂ ਦੀਆਂ 100 ਆਸ਼ਾ ਵਰਕਰਾਂ ਹਨ। ਹਰ ਆਸ਼ਾ ਵਰਕਰ ਨੂੰ ਕੋਰੋਨਾ ਦੇ ਇਸ ਦੌਰ ਵਿਚ ਸਿਰਫ਼ 5 ਮਾਸਕ ਸਰਕਾਰ ਵਲੋਂ ਦਿੱਤੇ ਗਏ ਹਨ। ਅਸੀਂ 23 ਮਾਰਚ ਦੇ ਲਾਕਡਾਉਨ ਤੋਂ ਵੀ ਪਹਿਲਾਂ ਕੰਮ ਕਰ ਰਹੇ ਹਾਂ। 38 ਦਿਨਾਂ ਤੋਂ ਅਸੀਂ ਇੰਜ ਦੇ ਹੀ ਛਿੱਟਪੁੱਟ ਕੀਤੇ ਇੰਤਜ਼ਾਮਾਂ ਦੇ ਨਾਲ ਜ਼ਮੀਨ ’ਤੇ ਕਿਸੇ ਵੀ ਕਰਮਚਾਰੀ ਤੋਂ ਪਹਿਲਾਂ ਸਿੱਧੀ ਲੜਾਈ ਲੜ ਰਹੇ ਹਾਂ। ਸਾਡਾ ਇਮਾਨਦਾਰੀ ਨਾਲ ਇਕੱਠਾ ਕੀਤਾ ਡਾਟਾ ਹੀ ਕਿਸੇ ਵੀ ਸਰਕਾਰ ਦੀ ਮੁੱਢਲੀ ਯੋਜਨਾ ਦਾ ਹਿੱਸਾ ਬਣਦਾ ਹੈ। "
ਕਿਰਨਦੀਪ ਕੌਰ ਪੰਜੋਲਾ -ਪ੍ਰਧਾਨ ਆਸ਼ਾ ਵਰਕਰ ਆਸ਼ਾ ਫੈਸੀਲੀਟੇਟਰ ਯੂਨੀਅਨ ਪੰਜਾਬ

ਪੰਜਾਬ ਵਿਚ 28000 ਆਸ਼ਾ ਵਰਕਰ ਹਨ ਅਤੇ 18000 ਆਸ਼ਾ ਫੈਸੀਲੀਟੇਟਰ ਹਨ। ਹਰ ਪਿੰਡ ਵਿਚ 1 ਆਸ਼ਾ ਵਰਕਰ ਹੈ ਅਤੇ ਹਰ 25 ਪਿੰਡਾਂ ਪਿੱਛੇ ਇਕ ਆਸ਼ਾ ਫੈਸਿਲੀਟੇਟਰ ਹੈ। ਕਿਰਨਦੀਪ ਕੌਰ ਪੰਜੋਲਾ ਮੁਤਾਬਕ ਆਸ਼ਾ ਵਰਕਰ ਪੰਜਾਬ ਸਰਕਾਰ ਦਾ ਅਜਿਹਾ ਹਿੱਸਾ ਹਨ, ਜਿਨ੍ਹਾਂ ਨੂੰ ਕਮਿਸ਼ਨ ਦੇ ਆਧਾਰ ’ਤੇ ਕੰਮ ਕਰਨਾ ਪੈਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਮਚਾਰੀ ਦਰਜਾ ਨਹੀਂ ਹੈ ਅਤੇ ਨਾ ਹੀ ਲੇਬਰ ਕੋਰਟ ਦੇ ਦਾਇਰੇ ਵਿਚ ਆਉਂਦੇ ਹਨ। ਆਸ਼ਾ ਵਰਕਰ ਨਾ ਹੀ ਕਿਸੇ ਤਰ੍ਹਾਂ ਦਾ ਬਾਂਡ ਤੈਅਸ਼ੁਦਾ ਖਾਕੇ ਵਿਚ ਆਉਂਦੇ ਹਨ। 

PunjabKesari

ਕੋਟਲਾ ਹੇਰਾਂ ਜ਼ਿਲਾ ਜਲੰਧਰ ਅਤੇ ਇਸ ਖੇਤਰ ਦੀਆਂ ਆਸ਼ਾ ਵਰਕਰਾਂ 

ਸਾਲ 2010 ਤੋਂ ਆਸ਼ਾ ਵਰਕਰ, 2500 ₹ ਮਹੀਨਾ ਆਮਦਨ 
ਕੁਲਵਿੰਦਰ ਕੌਰ ਪਿੰਡ ਕੋਟਲਾ ਹੇਰਾਂ ਤੋਂ ਦੱਸਦੇ ਹਨ ਕਿ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਉਹ ਕੋਰੋਨਾ ਦੇ ਇਸ ਦੌਰ ਵਿਚ ਲਗਾਤਾਰ ਡਿਊਟੀ ਕਰ ਰਹੇ ਹਨ। ਕੁਲਵਿੰਦਰ ਕੌਰ ਦੇ ਖੇਤਰ ਵਿਚ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਵਿਚਕਾਰ 14 ਪ੍ਰਵਾਸੀ ਪੰਜਾਬੀ ਪਿੰਡ ਆਏ ਸਨ। ਕੁਲਵਿੰਦਰ ਕੌਰ ਮੁਤਾਬਕ ਕੋਟਲਾਂ ਹੇਰਾਂ ਦੇ ਏ.ਐੱਨ.ਐੱਮ.ਅਮਨਦੀਪ ਕੌਰ ਅਧੀਨ ਪੰਜ ਆਸ਼ਾ ਵਰਕਰ ਆਉਂਦੇ ਹਨ। ਆਸ਼ਾ ਵਰਕਰ ਦਰਸ਼ੋ ਪਿੰਡ ਪੰਜੇਹਰਾ ਤੋਂ 544 ਦੀ ਆਬਾਦੀ, ਸਿਮਰਜੀਤ ਕੌਰ ਬਿੱਲੀ ਚਾਓ ਅਤੇ ਚਵਿੰਡਾ ਪਿੰਡ ਤੋਂ 841 ਦੀ ਆਬਾਦੀ, ਸੱਤਾ ਰਾਣੀ ਪਿੰਡ ਨਾਰੰਗਪੁਰ ਤੋਂ ਅਤੇ ਬਲਵਿੰਦਰ ਕੌਰ ਪਿੰਡ ਕੁਲਾਰ ਤੋਂ ਮਿਲਕੇ 2144 ਦੀ ਆਬਾਦੀ ਵਿੱਚ ਡਿਊਟੀ ਕਰ ਰਹੀਆਂ ਹਨ। 

ਸਾਲ 2016 ਤੋਂ ਆਸ਼ਾ ਵਰਕਰ, 2500 ₹ ਮਹੀਨਾ ਆਮਦਨ 
ਜਸਵਿੰਦਰ ਕੌਰ ਉਨ੍ਹਾਂ ਆਸ਼ਾ ਵਰਕਰਾਂ ਵਿੱਚੋਂ ਹੈ ਜਿੰਨੇ ਆਪਣੇ ਪਿੰਡ ਕੜਾ ਰਾਮ ਸਿੰਘ ਤੋਂ ਇਲਾਵਾ ਲੋਹੀਆਂ ਖਾਸ ਵਿਖੇ ਕੰਮ ਕੀਤਾ ਹੈ। ਜਸਵਿੰਦਰ ਕੌਰ ਮੁਤਾਬਕ ਕੋਰੋਨਾ ਦੇ ਇਸ ਸਮੇਂ ਵਿੱਚ ਉਨ੍ਹਾਂ ਨੇ ਇਹ ਕੰਮ ਸੇਵਾ ਸਮਝ ਕੇ ਕੀਤਾ ਹੈ।ਉਨ੍ਹਾਂ ਮੁਤਾਬਕ ਲੋਕ ਡਰੇ ਹੋਏ ਹੁੰਦੇ ਹਨ ਪਰ ਸਾਡਾ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਹਿੰਮਤ ਦੇਈਏ। ਜਸਵਿੰਦਰ ਕੌਰ ਉਨ੍ਹਾਂ ਆਸ਼ਾ ਵਰਕਰਾਂ ਵਿੱਚੋਂ ਹਨ ਜਿਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਦਰਜ ਕੀਤਾ। ਜਸਵਿੰਦਰ ਕੌਰ ਕਹਿੰਦੇ ਹਨ ਕਿ ਮਰਨਾ ਤਾਂ ਹੈ ਹੀ ਮੌਤ ਦਾ ਡਰ ਕਾਹਦਾ ਸੋ ਹਿੰਮਤ ਨਾਲ ਇਸ ਸਮੇਂ ਸੇਵਾ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਤੋਂ ਬਹੁਤ ਲੋਕਾਂ ਨੂੰ ਉਮੀਦਾਂ ਹਨ।

PunjabKesari

ਮੁਹਾਲੀ ਦੇ ਹਾਟ ਸਪੋਟ ਬਣੇ ਪਿੰਡ ਜਵਾਹਰਪੁਰ ਤੋਂ ਆਸ਼ਾ ਵਰਕਰ ਹਰਜਿੰਦਰ ਕੌਰ 

2008 ਤੋਂ ਆਸ਼ਾ ਵਰਕਰ 2500 ₹ ਮਹੀਨਾ ਆਮਦਨ 
1345 ਦੀ ਆਬਾਦੀ ਵਾਲੇ ਪਿੰਡ ਜਵਾਹਰਪੁਰ ਤੋਂ ਆਸ਼ਾ ਵਰਕਰ ਹਰਜਿੰਦਰ ਕੌਰ ਦੱਸਦੇ ਹਨ ਕਿ ਇਸ ਸਮੇਂ ਇਸ ਪਿੰਡ ਵਿਚ 40 ਕੋਰੋਨਾ ਪਾਜ਼ੇਟਿਵ ਕੇਸ ਹਨ। ਪਿੰਡ ਵਿਚ ਕੋਰੋਨਾ ਦੇ ਸਮੇਂ ਵਿਚ ਸਭ ਦੀ ਸ਼ਨਾਖਤ ਕਰਨਾ, ਪ੍ਰਚਾਰ ਕਰਨਾ ਅਤੇ ਇਸ ਤੋਂ ਇਲਾਵਾ ਬੱਚਿਆਂ ਦਾ ਟੀਕਾਕਰਨ, ਗਰਭਵਤੀ ਬੀਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੱਕ ਸਾਡਾ ਕੰਮ ਸਿਰਫ ਡਿਊਟੀ ਤੱਕ ਮਹਿਦੂਦ ਨਹੀਂ ਰਹਿੰਦਾ। ਇਹ ਸਹੇਲੀਆਂ ਵਾਲਾ ਕੰਮ ਹੋ ਜਾਂਦਾ ਹੈ। ਇਸ ਦੌਰਾਨ ਸਾਡੀ ਰੋਜ਼ਾਨਾ ਜ਼ਿੰਦਗੀ ਸਵੇਰੇ ਘਰ ਤੋਂ ਕੰਮ ਅਤੇ ਸ਼ਾਮੀ ਕੰਮ ਤੋਂ ਘਰ ਵਾਪਸ ਆਉਂਦਿਆਂ ਕਈ ਤਰ੍ਹਾਂ ਦੀ ਅਹਿਤਿਆਤ ਵਰਤਦਿਆਂ ਲੰਘਦੀ ਹੈ। ਕਿਉਂਕਿ ਇਸ ਸਮੇਂ ਅਸੀਂ ਦੋ ਪੱਧਰਾਂ ਤੇ ਕੰਮ ਕਰ ਰਹੀਆਂ ਹਾਂ। ਸਾਡਾ ਲੋਕਾਂ ਨਾਲ ਸਿੱਧਾ ਸਹਿਚਾਰ ਹੈ ਅਤੇ ਨਾਲੋਂ-ਨਾਲ ਅਸੀਂ ਆਪ ਅਤੇ ਆਪਣੇ ਘਰ ਵਾਲਿਆਂ ਨੂੰ ਵੀ ਮਹਿਫੂਜ ਰੱਖਣਾ ਹੈ। ਇਸ ਦੌਰਾਨ ਸੁਰੱਖਿਆ ਦੇ ਲਿਹਾਜ਼ ਤੋਂ ਸਰਕਾਰਾਂ ਦੇ ਪ੍ਰਬੰਧ ਬਹੁਤ ਸੀਮਤ ਹਨ। 

PunjabKesari

ਜ਼ਮੀਨ ’ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਦੀ ਕੋਈ ਹੌਸਲਾ ਅਫ਼ਜ਼ਾਈ ਨਹੀਂ 
ਜਗਬਾਣੀ ਨਾਲ ਗੱਲਾਂ ਕਰਦਿਆਂ ਇਹ ਆਸ਼ਾ ਵਰਕਰਾਂ ਦਾ ਸਾਂਝਾ ਤਜਰਬਾ ਜਦੋਂ ਅਸੀਂ ਆਸ਼ਾ ਵਰਕਰ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲੀ ਸਾਂਝਾ ਕੀਤਾ ਤਾਂ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਬਣੀਆਂ।  ਕਿਰਨਦੀਪ ਕੌਰ ਪੰਜੋਲਾ ਮੁਤਾਬਕ ਸਿਹਤ ਖੇਤਰ ਵਿਚ ਜ਼ਮੀਨੀ ਪੱਧਰ ’ਤੇ ਪਹਿਲਾਂ ਕੰਮ ਸਾਡਾ ਆਸ਼ਾ ਵਰਕਰਾਂ ਦਾ ਹੈ। ਕੋਰੋਨਾ ਦੇ ਇਸ ਦੌਰ ਵਿਚ ਅਸੀਂ ਆਪਣੇ ਅਧੀਨ ਆਉਣ ਵਾਲੀ ਵਸੋਂ ਵਿਚ ਹੋਲਾ ਮਹੱਲਾ, ਪਰਵਾਸੀ ਭਾਰਤੀ, ਤਬਲੀਗੀ, ਹਜ਼ੂਰ ਸਾਹਿਬ ਅਤੇ ਕੰਬਾਇਨਾਂ ਲੈ ਕੇ ਬਾਹਰ ਗਏ ਬੰਦਿਆਂ ਦੇ ਵਾਪਸ ਪਰਤਣ ਤੱਕ ਦੀ ਜਾਣਕਾਰੀ ਨੂੰ ਇਕੱਠਿਆਂ ਕੀਤਾ ਹੈ। 

ਇਸ ਦੌਰਾਨ ਦੂਜੇ ਮਹਿਕਮਿਆਂ ਵਾਂਗ ਨਾ ਤਾਂ ਸਾਡੀ ਹੌਸਲਾ ਅਫਜਾਈ ਕੀਤੀ ਗਈ ਅਤੇ ਨਾ ਹੀ ਸਾਨੂੰ ਸਿਹਤ ਸੁਰੱਖਿਆ ਲਈ ਪੁਖ਼ਤਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਨ੍ਹਾਂ ਦਿਨਾਂ ਵਿਚ ਆਸ਼ਾ ਵਰਕਰਜ਼ ਨੇ ਜੋ ਕੰਮ ਕੀਤਾ, ਉਸਦੇ ਲਈ ਦਸਤਾਨੇ, ਸੈਨੀਟਾਈਜ਼ਰ ਅਤੇ ਮਾਸਕ ਸਰਕਾਰ ਵਲੋਂ ਬਹੁਤ ਸੀਮਤ ਮਾਤਰਾ ਵਿਚ ਮੁਹੱਈਆ ਹੋਇਆ ਹੈ। ਦਸਤਾਨੇ, ਸੈਨੀਟਾਈਜ਼ਰ ਅਤੇ ਮਾਸਕ ਦੀ ਵੰਡ ਨੂੰ ਲੈ ਕੇ ਇੰਝ ਲੱਗਦਾ ਹੈ ਜਿਵੇਂ ਧਾਂਦਲੀ ਵੀ ਹੋਈ ਹੋਵੇ। ਇਸ ਦੀ ਸੰਭਾਵਨਾ ਇਸ ਕਰਕੇ ਵਧੇਰੇ ਲੱਗਦੀ ਹੈ ਕਿ ਆਸ਼ਾ ਵਰਕਰ ਤੱਕ ਇਨ੍ਹਾਂ ਦੀ ਵੰਡ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਲਿਖਤੀ ਚਿੱਠੀ ਸਾਨੂੰ ਪ੍ਰਾਪਤ ਨਹੀਂ ਹੋਈ। ਇਨ੍ਹਾਂ ਸਿਹਤ ਖੇਤਰ ਦੇ ਸਮਾਨਾਂ ਲਈ ਸਾਨੂੰ ਆਪਣੇ ਪੈਰਾ ਮੈਡੀਕਲ ਸਾਥੀਆਂ ਅਤੇ ਨਿੱਜੀ ਵਿੱਤੀ ਸਾਧਨਾਂ ’ਤੇ ਨਿਰਭਰ ਰਹਿਣਾ ਪਿਆ ਹੈ।

ਕੋਰੋਨਾ ਦੇ ਇਸ ਸਮੇਂ ਵਿਚ ਬਹੁਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਪੀ.ਪੀ.ਈ. ਕਿੱਟਾਂ ਦਾ ਇੰਤਜ਼ਾਮ ਤੱਕ ਆਸ਼ਾ ਵਰਕਰ ਲਈ ਨਹੀਂ ਕੀਤਾ ਗਿਆ, ਜਦੋਂ ਕਿ ਸਾਡੀਆਂ ਆਸਾ ਵਰਕਰ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ।

ਆਸ਼ਾ ਵਰਕਰਜ਼ ਦੀ ਰੋਜ਼ਾਨਾ ਜ਼ਿੰਦਗੀ 

ਆਸ਼ਾ ਵਰਕਰਜ਼ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਹੈ ਕਿ ਇਸ ਦੌਰਾਨ ਉਹ ਡਰ ਸਹਿਮ ਵਿਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਇਹ ਡਰ ਸਹਿਮ ਇਸ ਕਰਕੇ ਹੈ, ਕਿਉਂਕਿ ਸਾਡੇ ਲਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਆਸ਼ਾ ਵਰਕਰਜ਼ ਮੁਤਾਬਕ ਉਹ ਆਪਣੀ ਸੁਰੱਖਿਆ ਲਈ ਰੋਜ਼ਾਨਾ ਘਰ ਬਾਕੀ ਮੈਂਬਰਾਂ ਨੂੰ ਮਿਲਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਂਦੀਆਂ ਹਨ ਅਤੇ ਆਪਣਾ ਸਾਰਾ ਬਾਹਰੀ ਸਮਾਨ ਸੈਨੇਟਾਈਜ਼ ਕਰਦੀਆਂ ਹਨ। ਅਸੀਂ ਰੋਜ਼ਾਨਾ ਦੁੱਗਣੇ ਜੋਸ਼ ਅਤੇ ਉਮੀਦ ਨਾਲ ਡਿਊਟੀ ਕਰਦੀਆਂ ਹਾਂ ਅਤੇ ਰੋਜ਼ਾਨਾ ਆਪਣੇ ਪਰਿਵਾਰਕ ਮੈਂਬਰਾਂ ਲਈ ਡਰਦੀਆਂ ਵੀ ਹਾਂ। ਕਿਰਨਦੀਪ ਕੌਰ ਪੰਜੋਲੀ ਮੁਤਾਬਕ ਸੂਬਾ ਸਰਕਾਰ ਦੀ ਸਾਡੇ ਲਈ ਸਿਹਤ ਸੁਰੱਖਿਆ ਨੂੰ ਲੈ ਕੇ ਖਿਲਵਾੜ ਤਾਂ ਇਕ ਪਾਸੇ ਹੈ ਹੀ ਪਰ ਸਾਡਾ ਕਿਸੇ ਤਰ੍ਹਾਂ ਦਾ ਵੀ ਮਾਣ ਤਾਣ ਨਹੀਂ ਕੀਤਾ ਗਿਆ, ਜਿਸ ਕਰਕੇ ਆਸ਼ਾ ਵਰਕਰਜ਼ ਵਿਚ ਨਿਰਾਸ਼ਾ ਵੀ ਹੈ। 

ਸਰਕਾਰੀ ਮਨਜ਼ੂਰਸ਼ੁਦਾ ਸਮਾਜ ਸੇਵਿਕਾ ਮਨਜ਼ੂਰਸ਼ੁਦਾ ਨਹੀ ਹੈ। ਇਸ ਫਰਕ ਨੂੰ ਸਮਝਣਾ ਜ਼ਰੂਰੀ ਹੈ। ਕੋਰੋਨਾ ਦੇ ਇਸ ਦੌਰ ਵਿਚ ਸਾਨੂੰ 1000 ਰੁਪਿਆ ਪੱਕਾ ਅਤੇ 250 ਤੋਂ ਵਧਾ ਕੇ 350 ਰੁਪਏ ਇਨਸੈਂਟਿਵ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਹਰਿਆਣਾ ਪੈਟਰਨ ’ਤੇ ਆਸ਼ਾ ਵਰਕਰਜ਼ ਦੇ ਵਿੱਤੀ ਪੈਮਾਨੇ ਤੈਅ ਕਰੇ।

ਹਰਿਆਣਾ ਵਿਚ ਪਿਛਲੇ 3 ਸਾਲਾਂ ਤੋਂ 4000 ਹਜ਼ਾਰ ਰੁਪਿਆ ਪੱਕਾ ਬਾਕੀ ਵਾਧੂ ਇਨਸੈਂਟਿਵ ਦਿੱਤਾ ਜਾਂਦਾ ਹੈ ਜਦੋਂਕਿ ਸੂਬਾ ਸਰਕਾਰ ਨੇ ਸੰਕਟ ਦੀ ਇਸ ਵੱਡੀ ਘੜੀ ਵਿਚ ਸਖਤ ਮਿਹਨਤ ਕਰਨ ਵਾਲੀਆਂ ਆਸ਼ਾ ਵਰਕਰਜ਼ ਨੂੰ ਅਪ੍ਰੈਲ ਤੋਂ ਜਨ ਤੱਕ ਦਾ 3000 ਰੁਪਿਆ ਹੀ ਵਾਧੂ ਤੈਅ ਕੀਤਾ ਹੈ। ਅਸੀਂ ਤਾਂ ਸਰਕਾਰ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਾਡੀ ਵੀ ਬਾਕਾਇਦਾ ਹਾਜ਼ਰੀ ਲੱਗੇ ਅਤੇ ਅਸੀਂ ਵੀ ਤੈਅਸ਼ੁਦਾ ਘੰਟੇ ਕੰਮ ਕਰੀਏ। ਅਸੀਂ ਇਸ ਲਈ ਤਿਆਰ ਹਾਂ ਪਰ ਸਰਕਾਰ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਡਾ ਡੋਰ ਟੂ ਡੋਰ ਕੀਤਾ ਕੰਮ ਵੀ ਉਨ੍ਹਾਂ ਮਾਣ ਸਨਮਾਨ ਦਾ ਹੱਕਦਾਰ ਹੈ, ਜਿੰਨਾ ਕਿਸੇ ਹੋਰ ਮਹਿਕਮੇ ਦਾ ਕੀਤਾ ਹੋਇਆ ਕੰਮ ਹੈ।


author

rajwinder kaur

Content Editor

Related News