ਕੇਜਰੀਵਾਲ ਦੇ 13 ਮਈ ਤੋਂ ਪੰਜਾਬ ''ਚ ਡੇਰੇ, ਭਖੇਗੀ ''ਚੋਣ ਮੁਹਿੰਮ''
Wednesday, Apr 24, 2019 - 12:43 PM (IST)
![ਕੇਜਰੀਵਾਲ ਦੇ 13 ਮਈ ਤੋਂ ਪੰਜਾਬ ''ਚ ਡੇਰੇ, ਭਖੇਗੀ ''ਚੋਣ ਮੁਹਿੰਮ''](https://static.jagbani.com/multimedia/2019_4image_12_43_297559378kejriwal68.jpg)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 13 ਮਈ ਤੋਂ ਪੰਜਾਬ 'ਚ ਡੇਰੇ ਲਾ ਲੈਣਗੇ ਅਤੇ ਇੱਥੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਮੁਹਿੰਮ ਭਖਾਉਣਗੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਚੋਣਾਂ ਤੋਂ ਵਿਹਲੇ ਹੋ ਕੇ ਕੇਜਰੀਵਾਲ 13 ਮਈ ਨੂੰ ਪੰਜਾਬ ਆਉਣਗੇ ਅਤੇ ਇੱਥੇ 5 ਦਿਨ ਰਹਿਣਗੇ। ਅਸਲ 'ਚ ਇਸ ਵਾਰ 'ਆਪ' ਉਮੀਦਵਾਰਾਂ ਨੂੰ ਸਟਾਰ ਪ੍ਰਚਾਰਕਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਵਾਲੰਟੀਅਰਾਂ ਦੇ ਬਲਬੂਤੇ 'ਤੇ ਹੀ ਚੋਣ ਪ੍ਰਚਾਰ ਚਲਾਉਣਾ ਪੈ ਰਿਹਾ ਹੈ। ਫਿਲਹਾਲ ਪੰਜਾਬ 'ਚ ਚੋਣ ਪ੍ਰਚਾਰ ਕਮੇਟੀ ਨੇ ਹੀ ਚੋਣ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਉਮੀਦਵਾਰਾਂ ਦੇ ਕਾਗਜ਼ਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ 24 ਅਪ੍ਰੈਲ ਤੋਂ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਾਉਣ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਪੰਜਾਬ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਸਮੂਹ ਵਿਧਾਇਕ ਅਤੇ ਹੋਰ ਲੀਡਰਸ਼ਿਪ 12 ਮਈ ਤੱਕ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੇਗੀ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਆਪਣੇ ਹਲਕੇ ਦੇ ਪ੍ਰਚਾਰ ਦੇ ਨਾਲ ਬਾਕੀ ਸਾਰੇ ਹਲਕਿਆਂ 'ਚ ਵੀ ਸਮੇਂ-ਸਮੇਂ ਪ੍ਰਚਾਰ ਕਰਨ ਜਾਣਗੇ।