ਪੰਜਾਬ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਵਚਨਬੱਧ: ਅਰੁਣਾ ਚੌਧਰੀ

12/03/2019 5:13:18 PM

ਰੂਪਨਗਰ (ਵਿਜੇ ਸ਼ਰਮਾ)— ਸਮਾਜਿਕ ਸੁਰੱਖਿਆ ਅਤ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਵਚਨਬੱਧ ਹੈ। ਰਾਜ ਸਰਕਾਰ ਵੱਲੋਂ ਜਿੱਥੇ ਸਰਕਾਰੀ ਨੌਕਰੀਆਂ ਅਤੇ ਤਰੱਕੀ 'ਚ ਰਾਖਵਾਂਕਰਨ 3 ਫੀਸਦੀ ਤੋਂ ਵਧਾ ਕੇ 4 ਫੀਸਦੀ ਕੀਤਾ ਗਿਆ ਹੈ, ਉੱਥੇ ਹੀ 31 ਦਸੰਬਰ 2019 ਤੱਕ ਵਿਲੱਖਣ ਪਛਾਣ ਪੱਤਰ (ਯੂਨੀਕ ਡਿਸੈਬਲਿਟੀ ਆਈ. ਡੀ ਕਾਰਡ) ਦੇ ਕੰਮ ਨੂੰ ਮੁਕੰਮਲ ਕਰਕੇ ਦਿਵਿਆਂਗ ਵਿਅਕਤੀਆਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਲਈ ਹੋਰ ਭਲਾਈ ਦੀ ਸਕੀਮਾਂ ਰਾਹੀ ਸਹਾਇਤਾ ਕੀਤੀ ਜਾ ਸਕੇ।

PunjabKesari

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਡ੍ਰੀਮ ਡੈਸਟੀਨੇਸ਼ਨ ਪੈਲੇਸ ਰੂਪਨਗਰ ਵਿਖੇ ਆਯੋਜਿਤ ਕੌਮਾਂਤਰੀ ਦਿਵਿਆਂਗਜਨ ਦਿਵਸ 'ਤੇ ਹੋਏ ਰਾਜ ਪੱਧਰੀ ਸਮਾਗਮ 'ਚ ਆਯੋਜਿਤ ਸਮਾਗਮ ਨੂੰ ਸੰਬੋਧਤ ਕਰਦੇ ਹੋਏ ਇਹ ਗੱਲ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੈੱਡ ਕਰਾਸ ਸਪੈਸ਼ਲ ਸਕੂਲ ਫਰੀਦਕੋਟ, ਅੰਗਹੀਣਾਂ ਦੀ ਸਰਕਾਰੀ ਸੰਸਥਾਂ ਸ਼ਿਮਲਾਪੁਰੀ ਲੁਧਿਆਣਾ, ਪੰਜਾਬ ਬੱਧਿਰ ਵਿੱਦਿਆਲਾ ਸ਼ਾਮਪੁਰਾ ਰੂਪਨਗਰ, ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਵੱਲੋਂ ਲਗਾਈ ਗਈ ਪ੍ਰਦਸ਼ਨੀ ਦਾ ਦੌਰਾ ਵੀ ਕੀਤਾ ਅਤੇ ਦਿਵਿਆਂਗ ਬੱਚਿਆ ਵੱਲੋਂ ਹੱਥਾਂ ਨਾਲ ਬਣਾਈਆਂ ਸੁੰਦਰ ਵਸਤੂਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 50 ਫੀਸਦੀ ਦਿਵਿਆਂਗ ਵਿਅਕਤੀਆਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਵਿੱਤੀ ਸਹਾਇਤਾ ਸਕੀਮ ਅਧੀਨ ਸਾਲ 2019-20 ਲਈ 96.49 ਕਰੋੜ ਰੁਪਏ ਦੀ ਬਜਟ ਵਿਵਸਥਾ ਅਤੇ ਇਸ ਸਮੇਂ 186112 ਲਾਭਪਾਤਰੀ ਲਾਭ ਉਠਾ ਰਹੇ ਹਨ। 

ਸਰਕਾਰੀ ਬੱਸਾਂ 'ਚ ਨੇਤਰਹੀਣ ਵਿਅਕਤੀਆਂ ਨੂੰ ਫਰੀ ਸਫਰ ਅਤੇ ਦਿਵਿਆਂਗਜਨ ਵਿਅਕਤੀਆਂ ਨੂੰ ਅੱਧੇ ਕਿਰਾਏ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਰੀਰਕ ਤੌਰ 'ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਉਹ ਦੇਸ਼ ਦੀ ਤਰੱਕੀ ਅਤੇ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿਵਿਆਂਗਾਂ ਦੀ ਭਲਾਈ, ਸਮਾਜ 'ਚ ਬਰਾਬਰੀ ਦੇ ਮੌਕੇ ਦਿਵਾਉਣ ਅਤੇ ਪੂਰਨ ਸ਼ਮੂਲੀਅਤ ਯਕੀਨੀ ਬਨਾਉਣ ਅਤੇ ਮੁੜ ਵਸੇਬੇ ਲਈ ਰਾਇਟ ਆਫ ਦੀ ਪਰਸਨਜ਼ ਵਿਦ ਡਿਸੈਬਲਿਟੀ ਐਕਟ 2016, 19 ਅਪ੍ਰੈਲ 2016 ਤੋਂ ਲਾਗੂ ਹੋ ਚੁੱਕਾ ਹੈ। ਇਸ ਐਕਟ ਤਹਿਤ ਇਸ ਵਰਗ ਨੂੰ ਸਮਾਜ 'ਚ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਅਤੇ ਹੱਕਾਂ ਦੀ ਰਾਖੀ ਲਈ ਰਾਜ ਸਰਕਾਰ ਵੱਲੋਂ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 

PunjabKesari

18 ਸਾਲ ਤੋਂ ਛੋਟੇ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਪੜ੍ਹਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੋਹਾਲੀ ਵਿਖੇ ਕੇਂਦਰ ਸਰਕਾਰ ਨਾਲ ਮਿਲ ਕੇ ਸਪੋਟਸ ਸੈਂਟਰ ਬਣਾਇਆ ਜਾ ਰਿਹਾ ਹੈ ਤਾਂ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਮਿਲ ਸਕਣ। ਇਸ ਦੌਰਾਨ ਕੈਬੀਨਟ ਮੰਤਰੀ ਅਰੁਣਾ ਚੌਧਰੀ ਨੇ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਉਪਲੱਬਧੀਆਂ ਹਾਸਿਲ ਕਰਨ ਵਾਲੇ 12 ਦਿਵਿਆਂਗ ਵਿਅਕਤੀਆਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ। ਇਨ੍ਹਾਂ 'ਚ ਮੁਹੰਮਦ ਰਿਜ਼ਵਾਨ ਮਲੇਰਕੋਟਲਾ, ਸੁਰਿੰਦਰ ਕੁਮਾਰ ਜਲਾਲਾਬਾਦ, ਮਨਮੀਤ ਕੌਰ ਘੁੰਮਣ ਪਟਿਆਲਾ, ਮਲਕੀਤ ਕੌਰ ਮਾਨਸਾ, ਰਮਨਦੀਪ ਕੌਰ ਰੂਪਨਗਰ, ਗੁਰਸੇਵਕ ਸਿੰਘ ਮੋਗਾ, ਅਜੈ ਸਿੰਘ ਜਲੰਧਰ, ਡਾ. ਵਿਸ਼ਾਲ ਗੋਇਲ ਪਟਿਆਲਾ, ਰਾਜੀਵ ਕੁਮਾਰ ਲੁਧਿਆਣਾ, ਆਸ਼ਾਦੀਪ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਪਲਕ ਕੋਹਲੀ ਜਲੰਧਰ, ਮਨਦੀਪ ਸਿੰਘ ਫਾਜ਼ਿਲਕਾ ਸ਼ਾਮਲ ਹਨ। 

ਉਨ੍ਹਾਂ ਨੇ ਕਿਹਾ ਕਿ ਇਸ ਦਿਵਸ 'ਤੇ ਕੇਂਦਰ ਸਰਕਾਰ ਵੱਲੋਂ ਸਾਲ 2019 ਦੌਰਾਨ ਪੰਜਾਬ ਰਾਜ ਦੇ 03 ਨਾਗਰਿਕਾਂ ਨੂੰ ਨੈਸ਼ਨਲ ਐਵਾਰਡ ਲਈ ਸਨਮਾਨਤ ਕੀਤਾ ਜਾ ਰਿਹਾ ਹੈ, ਜਿਸ 'ਚ ਮੰਗਲ ਸਿੰਘ (ਕਪੂਰਥਲਾ), ਯਸ਼ਵੀਰ ਗੋਇਲ (ਬਠਿੰਡਾ) ਅਤੇ ਮੋਨਿਕਾ ਹਾਂਡਾ (ਜਲੰਧਰ) ਸ਼ਾਮਿਲ ਹਨ। ਇਸ ਦੌਰਾਨ ਨੇਤਰਹੀਣ ਦੀ ਸਰਕਾਰੀ ਸੰਸਥਾ ਜਮਾਲਪੁਰ ਲੁਧਿਆਣਾ ਵੱਲੋਂ ਸ਼ਬਦ ਗਾਇਨ ਵੀ ਪੇਸ਼ ਕੀਤਾ ਗਿਆ, ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਹਾਜੀ ਪੀ ਸ਼੍ਰੀਵਾਸਤਵਾ, ਐਡੀਸ਼ਨਲ ਸੈਕਟਰੀ ਕਮ ਐਡੀਸ਼ਨਲ ਡਾਇਰੈਕਟਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪ ਸ਼ਿਖਾ, ਸਿਵਲ ਸਰਜਨ ਐੱਚ. ਐੱਨ. ਸ਼ਰਮਾ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅ੍ਰਮਿਤ ਬਾਲਾ ਸਮੇਤ ਵੱਖ-ਵੱਖ ਜ਼ਿਲਿਆਂ ਤੋਂ ਆਏ ਦਿਵਿਆਂਗ ਬੱਚੇ ਬੱਚੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।


shivani attri

Content Editor

Related News