ਤੁਸੀਂ ਵੀ ਭਾਸ਼ਣ ਕਲਾ ਵਿਚ ਮਾਹਿਰ ਹੋ ਸਕਦੇ ਹੋ

Thursday, Apr 23, 2020 - 02:11 PM (IST)

ਤੁਸੀਂ ਵੀ ਭਾਸ਼ਣ ਕਲਾ ਵਿਚ ਮਾਹਿਰ ਹੋ ਸਕਦੇ ਹੋ

ਡਾ: ਹਰਜਿੰਦਰ ਵਾਲੀਆ

''ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਮੇਰੀ ਆਵਾਜ਼ ਕੰਬਣ ਲੱਗ ਪਈ। ਮੇਰੀਆਂ ਅੱਖਾਂ ਸਾਹਮਣੇ ਧੁੰਦਲਾਪਣ ਆ ਗਿਆ। ਹੱਥਾਂ ’ਚ ਪਸੀਨਾ ਆ ਗਿਆ। ਮੂੰਹ ਸੁੱਕਣ ਲੱਗ ਪਿਆ। ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਵਿਚਾਰ ਜਿਵੇਂ ਰੁਕ ਗਏ ਹੋਣ। ਜ਼ੁਬਾਨ ਹਲਕਾਉਣ ਲੱਗੀ। ਚਿਹਰੇ ਉਪਰ ਡਰ ਦੇ ਭਾਵ ਸਪਸ਼ਟ ਨਜ਼ਰ ਆਉਣ ਲੱਗ ਪਏ ਸਨ। ਮੈਂ ਬੜੀ ਮੁਸ਼ਕਲ ਨਾਲ ਮੰਚ ਤੋਂ ਥੱਲੇ ਉਤਰਿਆ। ਨਮੋਸ਼ੀ ਕਾਰਨ ਮੇਂ ਕਿਸੇ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਕੁਝ ਵੀ ਹੋਵੇ ਹੁਣ ਮੈਂ ਦੁਬਾਰਾ ਅਜਿਹੀ ਬੇਇਜ਼ਤੀ ਨਹੀਂ ਕਰਵਾਉਣੀ। ਮੈਨੂੰ ਮੰਚ ਤੇ ਭਾਸ਼ਣ ਦੇਣ ਦੀ ਕਲਾ ਸਿਖਾਓ, ਇਹ ਕਹਾਣੀ ਸੁਣਾਉਣ ਵਾਲਾ ਮੇਰਾ ਇਕ ਵਿਦਿਆਰਥੀ ਸੀ, ਜੋ ਪੈਸੇ ਅਤੇ ਬਾਪੂ ਦੇ ਸਿਆਸੀ ਅਸਰ ਰਸੂਖ ਨਾਲ ਨਵੀਂ ਬਣੀ ਲਾਇਨਜ਼ ਕਲੱਬ ਦਾ ਪ੍ਰਧਾਨ ਬਣ ਗਿਆ ਸੀ ਅਤੇ ਨਵਾਂ ਨਵਾਂ ਸਿਆਸਤ ਵਿਚ ਪੈਰ ਧਰਨ ਲੱਗਾ ਸੀ। ਇਕ ਦਿਨ ਉਸਦੇ ਵੱਡੇ ਨੇਤਾ ਨੇ ਆਉਣਾ ਸੀ ਅਤੇ ਉਸ ਨੂੰ ਭਾਸ਼ਣ ਦੇਣ ਲਈ ਮੰਚ ਤੇ ਚੜ੍ਹਾ ਦਿੱਤਾ, ਜੋ ਉਸ ਨਾਲ ਵਾਪਰੀ ਸੀ, ਉਹ ਮੈਨੂੰ ਸੁਣਾ ਰਿਹਾ ਸੀ। ਉਹ ਮੇਰੇ ਕੋਲ ਭਾਸ਼ਣ ਕਲਾ ਵਿਚ ਮਾਹਿਰ ਹੋਣ ਲਈ ਆਇਆ ਸੀ।

ਉਹ ਅਜਿਹਾ ਇਕੱਲਾ ਇਨਸਾਨ ਨਹੀਂ ਸੀ, ਜੋ ਸਟੇਜ ਉਤੇ ਪ੍ਰਭਾਵਸ਼ਾਲੀ ਵਕਤਾ ਬਣਨ ਦਾ ਸੁਪਨਾ ਵੇਖ ਰਿਹਾ ਸੀ, ਸਗੋਂ ਪਿਛਲੇ 15-20 ਸਾਲਾਂ ਵਿਚ ਉਸ ਵਰਗੇ ਸੈਂਕੜੇ ਲੋਕ ਆਏ ਸਨ, ਜੋ ਇਸ ਕਲਾ ਵਿਚ ਮਾਹਿਰ ਹੋਣਾ ਚਾਹੁੰਦੇ ਸਨ। ਇਕ ਵਿਅਕਤੀ ਤਾਂ ਅਜਿਹਾ ਵੀ ਨਿਕਲਿਆ ਕਿ ਜੋ ਨਾ ਸਿਰਫ ਭਾਸ਼ਣ ਕਲਾ ਵਿਚ ਮਾਹਿਰ ਬਣਿਆ ਸਗੋਂ ਉਸਨੇ ਤਾਂ ਪੰਜਾਬ ਸਰਕਾਰ ਵਿਚ ਮੰਤਰੀ ਬਣ ਕੇ ਪਾਰਟੀ ਦੇ ਬੁਲਾਰੇ ਦੇ ਤੌਰ ’ਤੇ ਭੂਮਿਕਾ ਨਿਭਾਈ। ਸਿਆਸੀ ਖੇਤਰ ਵਿਚ ਸਫਲਤਾ ਦੇ ਚਾਹਵਾਨਾਂ ਤੋਂ ਇਲਾਵਾ ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਲੀਡਰ ਵੀ ਅਜਿਹਾ ਕੋਰਸ ਕਰਨਾ ਚਾਹੁੰਦੇ ਹਨ। ਅਧਿਆਪਕ ਵਰਗ ਵਿਚੋਂ ਵੱਡੀ ਗਿਣਤੀ ਵਿਚ ਲੋਕ ਭਾਸ਼ਣ ਕਲਾ ਵਿਚ ਮਾਹਿਰ ਬਣਨ ਦੀ ਇੱਛਾ ਰੱਖਦੇ ਹਨ।

''ਅਸੀਂ ਕਲਾਸ ਵਿਚ ਤਾਂ ਬੱਚਿਆਂ ਨੂੰ ਆਪਣਾ ਵਿਸ਼ਾ ਚੰਗੀ ਤਰ੍ਹਾਂ ਪੜ੍ਹਾ ਲੈਂਦੇ ਹਾਂ ਪਰ ਜੇ ਕਿਸੇ ਖੁਸ਼ੀ ਗਮੀ ਦੇ ਭੋਗ ਤੇ ਬੋਲਣਾ ਪੈ ਜਾਵੇ ਤਾਂ ਦਿਮਾਗ ਜਵਾਬ ਦੇ ਜਾਂਦਾ ਹੈ।'' ਇਕ ਅਧਿਆਪਕ ਦਾ ਕਹਿਣਾ ਸੀ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸਾਹਿਤ ਵਿਸ਼ੇਸ਼ : ਪੰਜਾਬ ਦੇ ਦੁਆਬੇ ਖਿੱਤੇ ਦਾ ਲੋਕ ਨਾਇਕ ਕਰਮਾ ਡਾਕੂ 

ਪੜ੍ਹੋ ਇਹ ਵੀ ਖਬਰ - ਕੋਵਿਡ–19 : ਲੌਕਡਾਊਨ ਦੇ ਸਮੇਂ ਦੇਸ਼ ਭਰ ’ਚ ਜ਼ਰੂਰੀ ਵਸਤਾਂ ਦੀ ਬੇਰੋਕ ਸਪਲਾਈ  

''ਮੈਂ ਇਕ ਵੱਡੇ ਗੁਰੂ ਘਰ ਵਿਚ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਹਾਂ। ਹਰ ਰੋਜ਼ ਅਰਦਾਸ ਕਰਦਾ ਹਾਂ ਪਰ ਜੇ ਕਦੇ ਇਕ ਲਾਈਨ ਵੀ ਵੱਧ ਬੋਲਣੀ ਪੈ ਜਾਵੇ ਤਾਂ ਬਹੁਤ ਘਬਰਾਹਟ ਹੁੰਦੀ ਹੈ।'' ਇਕ ਗ੍ਰੰਥੀ ਸਿੰਘ ਦਾ ਕਹਿਣਾ ਸੀ। ਇਉਂ ਹਰ ਖੇਤਰ ਦੇ ਲੋਕਾਂ ਵਿਚ ਭਾਸ਼ਣ ਕਲਾ ਸਿੱਖਣ ਦੀ ਚਾਹਤ ਨਜ਼ਰੀ ਪੈ ਰਹੀ ਹੈ ਅਤੇ ਕਈਆਂ ਨੂੰ ਤਾਂ ਇਸਦੀ ਸਖਤ ਜ਼ਰੂਰਤ ਵੀ ਹੁੰਦੀ ਹੈ। ਭਾਸ਼ਣ ਕਲਾ ਵਿਚ ਮੁਹਾਰਤ ਕਰਨ ਦੇ ਸਾਰੇ ਚਾਹਵਾਨ ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਚੰਗਾ ਵਕਤਾ ਬਣਨਾ ਕਿਸੇ ਮਨੁੱਖ ਦੇ ਆਪਣੇ ਹੱਥ ਵਿਚ ਹੀ ਹੈ, ਇਹ ਕੋਈ ਰੱਬੀ ਦਾਤ ਨਹੀਂ। ਇਹ ਤਾਂ ਕਲਾ ਹੈ ਅਤੇ ਕਲਾ ਵਿਚ ਕੋਈ ਮਾਹਿਰ ਬਣ ਸਕਦਾ ਹੈ, ਜਿਸ ਵਿਚ ਆਤਮ ਵਿਸ਼ਵਾਸ਼ ਹੋਵੇ। ਜਿਸ ਵਿਚ ਇੱਛਾ ਸ਼ਕਤੀ ਹੋਵੇ। ਇੱਛਾ ਸ਼ਕਤੀ, ਦ੍ਰਿੜ੍ਹ ਸੰਕਲਪ ਅਤੇ ਸਖਤ ਮਿਹਨਤ ਨਾਲ ਕੋਈ ਆਪਣੀ ਇਸ ਅੰਦਰੂਨੀ ਯੋਗਤਾ ਦਾ ਵਿਕਾਸ ਕਰ ਸਕਦੇ ਹਾਂ। ਮੈਨੂੰ ਅਜੇ ਤੱਕ ਕੋਈ ਵੀ ਅਜਿਹਾ ਚੰਗਾ ਬੁਲਾਰਾ ਨਹੀਂ ਮਿਲਿਆ, ਜੋ ਆਪਣੇ ਪਹਿਲੇ ਭਾਸ਼ਣ ਸਮੇਂ ਥੋੜ੍ਹਾ ਬਹੁਤਾ ਨਾ ਘਬਰਾਇਆ ਹੋਵੇ, ਨਾ ਡਰਿਆ ਹੋਵੇ। ਨਾ ਭੁੱਲਿਆ ਹੋਵੇ। ਹਾਂ ਇਨ੍ਹਾਂ ਵਿਚੋਂ ਅਨੇਕਾਂ ਅਜਿਹੇ ਆਤਮ ਵਿਸ਼ਵਾਸੀ ਹਨ, ਜੋ ਆਪਣੇ ਦ੍ਰਿੜ੍ਹ ਇਰਾਦੇ ਨਾਲ ਪ੍ਰਭਾਵਸ਼ਾਲੀ ਵਕਤਾ ਬਣ ਗਏ।

ਮੈਨੂੰ ਇਕ ਵਾਰ ਯੂਨੀਵਰਸਿਟੀ ਪੱਧਰ ਦੇ ਭਾਸ਼ਣ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਨਿਭਾਉਣ ਲਈ ਸੱਦਾ ਮਿਲਿਆ। ਮੁਕਾਬਲਾ ਚੰਡੀਗੜ੍ਹ ਦੇ ਇਕ ਕੁੜੀਆਂ ਦੇ ਕਾਲਜ ਵਿਚ ਆਯੋਜਿਤ ਕੀਤਾ ਗਿਆ ਸੀ। ਮੁਕਾਬਲੇ ਤੋਂ ਬਾਅਦ ਮੈਨੂੰ ਭਾਸ਼ਣ ਕਲਾ ਦੇ ਬਾਰੇ ਭਾਸ਼ਣ ਦੇਣ ਲਈ ਕਿਹਾ ਗਿਆ। ਮੈਂ ਕਿਹਾ ਕਿ ਭਾਸ਼ਣ ਕਲਾ ਵਿਚ ਮਾਹਿਰ ਹੋਣ ਦੇ ਚਾਹਵਾਨ ਹਮੇਸ਼ਾ ਤਿੰਨ 'ਸੀ' ਯਾਦ ਰੱਖਣ। ਪਹਿਲਾ ਸੀ ਕੈਨਟੈਂਟ ਮਤਲਬ ਸਮੱਗਰੀ, ਦੂਜਾ ਸੀ ਕਾਨਫੀਡੈਂਸ ਮਤਲਬ ਵਿਸ਼ਵਾਸ, ਤੀਜਾ ਸੀ ਕਾਮਨੀਕੇਸ਼ਨ ਮਤਲਬ ਸੰਚਾਰ। ਸਭ ਤੋਂ ਮਹੱਤਵਪੂਰਨ ਪਹਿਲਾ ਨੁਕਤਾ ਹੈ। ਵਕਤੇ ਕੋਲ ਬੋਲਣ ਲਈ ਸਮੱਗਰੀ ਜਾਂ ਵਿਸ਼ਾ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿੰਨੀ ਜ਼ਿਆਦਾ ਸਮੱਗਰੀ ਤੁਹਾਡੇ ਕੋਲ ਹੋਵੇਗੀ, ਉਨਾ ਜ਼ਿਆਦਾ ਆਤਮ ਵਿਸ਼ਵਾਸ ਹੋਵੇਗਾ। ਜਿੰਨੇ ਆਤਮ ਵਿਸ਼ਵਾਸ ਨਾਲ ਤੁਸੀਂ ਬੋਲੋਗੇ, ਉਨਾ ਹੀ ਅਸਰਦਾਰ ਅਤੇ ਪ੍ਰਭਾਵਸ਼ਾਲੀ ਭਾਸ਼ਣ ਤੁਹਾਡਾ ਹੋਵੇਗਾ। ਸੋ, ਭਾਸ਼ਣ ਦੀ ਸਮੱਗਰੀ ਦੀ ਤਿਆਰੀ ਤੋਂ ਪਹਿਲਾਂ ਇਹ ਪਤਾ ਲਗਾਉਣਾ ਜ਼ਰੂਰੀ ਹੁੰਦਾ ਹੈ ਕਿ ਭਾਸ਼ਣ ਕਿਸ ਤਰ੍ਹਾਂ ਦੇ ਪ੍ਰੋਗਰਾਮ ਵਿਚ ਦੇਣਾ ਹੈ ਅਤੇ ਉਸ ਪ੍ਰੋਗਰਾਮ ਦਾ ਉਦੇਸ਼ ਕੀ ਹੈ। ਕੀ ਸੰਗੀਤ ਸਮਾਰੋਹ ਹੈ। ਸਿਆਸੀ ਮੰਚ ਉਤੇ ਬੋਲਣਾ ਹੈ। ਦੇਸ਼ ਭਗਤੀ ਦਾ ਸਮਾਰੋਹ ਹੈ। ਬੱਚਿਆਂ ਜਾਂ ਔਰਤਾਂ ਦਾ ਪ੍ਰੋਗਰਾਮ ਹੈ। ਬਜ਼ੁਰਗਾਂ ਦੀ ਸੰਭਾਲ ਬਾਰੇ ਸੈਮੀਨਾਰ ਹੈ। ਗੱਲ ਕੀ ਤੁਹਾਡੀ ਤਿਆਰੀ ਸਮਾਗਮ ਦੇ ਅਨੁਸਾਰੀ ਹੋਵੇਗੀ। ਗੱਲ ਕੀ ਤੁਹਾਡੀ ਤਿਆਰ ਸਮਾਗਮ ਦੇ ਅਨੁਸਾਰੀ ਹੋਵੇਗੀ। ਹੁਣ ਪਹਿਲੇ ਨੁਕਤੇ ਦੀ ਤਿਆਰਬੀ ਲਈ ਤਿੰਨ ਸਟੇਜਾਂ ਸਮਝ ਲੈਣੀਆਂ ਚਾਹੀਦੀਆਂ ਹਨ। ਇਹ ਤਿੰਨ 'ਸੀ' ਤੋਂ ਬਾਅਦ ਤਿੰਨ 'ਡੀ' ਨੂੰ ਯਾਦ ਰੱਖਣ ਵਾਲੀ ਗੱਲ ਹੈ।

ਪਹਿਲੀ 'ਡੀ' ਡੈਟਾ ਕੋਲੈਕਸ਼ਨ ਜਿੰਨੀ ਤੱਥਾਂ ਨੂੰ ਇਕੱਤਰ ਕਰਨਾ, ਦੂਜੀ 'ਡੀ' ਡੈਟਾ ਸਿਲੈਕਸ਼ਨ ਜਿੰਨੀ ਤੱਥਾਂ ਦੀ ਚੋਣ ਕਰਨੀ, ਤੀਜੀ 'ਡੀ' ਡੈਟਾਂ ਅਰੇਂਜਮੈਂਟ ਮਤਲਬ ਤੱਥਾਂ ਨੂੰ ਵਿਉਂਤਣਾ।

ਤੱਥਾਂ ਨੂੰ ਇਕੱਤਰ ਕਰਨਾ ਅੱਜਕਲ੍ਹ ਬਹੁਤ ਆਸਾਨ ਹੋ ਗਿਆ ਹੈ। ਪੁਸਤਕਾਂ, ਸੰਦਰਭ ਪੁਸਤਕਾਂ, ਇੰਟਰਨੈਟ, ਅਖ਼ਬਾਰ ਅਤੇ ਮੈਗਜ਼ੀਨਾਂ ਤੋਂ ਇਲਾਵਾ ਰੋਜ਼ਾਨਾ ਜ਼ਿੰਦਗੀ ਵਿਚੋਂ ਸਮੱਗਰੀ ਆਸਾਨੀ ਨਾਲ ਮਿਲ ਜਾਂਦੀ ਹੈ। ਜਦੋਂ ਵੀ ਤੁਹਾਨੂੰ ਕੋਈ ਵਧੀਆ ਤੱਥ, ਮੁਹਾਵਰਾ, ਸ਼ੇਅਰ ਜਾਂ ਕਹਾਣੀ ਨਜ਼ਰ ਆਵੇ, ਉਸਨੂੰ ਆਪਣੀ ਡਾਇਰੀ ਵਿਚ ਨੋਟ ਕਰਨਾ ਨਾ ਭੁੱਲੋ। ਹਮੇਸ਼ਾ ਸਹੀ ਅੰਕੜੇ ਚੁਣਨੇ ਚਾਹੀਦੇ ਹਨ। ਵਿਸ਼ੇ ਨਾਲ ਸਬੰਧਤ ਗੱਲਾਂ ਹੀ ਤੁਹਾਡੀ ਚੋਣ ਬਣਨੀ ਚਾਹੀਦੀ ਹੈ। ਕੋਈ ਵੀ ਅਸ਼ਲੀਲ ਚੁਟਕਲਾ ਜਾਂ ਸ਼ੇਅਰ ਚੁਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸਲ ਵਿਚ ਸਮੱਗਰੀ ਦੀ ਇਕੱਤਰ ਕਰਨ ਅਤੇ ਚੋਣ ਕਰਨ ਦਾ ਸਿਲਸਿਲਾ ਤਾਂ ਲਗਾਤਾਰ ਚਲਦਾ ਹੀ ਰਹਿੰਦਾ ਹੈ। ਇਸੇ ਕਾਰਨ ਚੰਗੇ ਬੁਲਾਰੇ ਹਰ ਰੋਜ਼ ਕਾਫੀ ਵਕਤ ਅਖ਼ਬਾਰ ਅਤੇ ਹੋਰ ਸਮੱਗਰੀ ਦਾ ਅਧਿਐਨ ਕਰਨ ਤੇ ਲਗਾਉਂਦੇ ਹਨ। ਭਾਸ਼ਣ ਕਰਨ ਵੇਲੇ ਸਹੀ ਵਿਉਂਤਬੰਦੀ ਵੀ ਜ਼ਰੂਰੀ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਦਿਨਾਂ ਦੀ ਮੇਰੀ ਡਾਇਰੀ : ਅੰਬਰੀਸ਼ 

ਪੜ੍ਹੋ ਇਹ ਵੀ ਖਬਰ - CIPT ਖੇਤੀਬਾੜੀ ਖੋਜ ਸੰਸਥਾ ਵੰਡ ਰਹੀ ਹੈ ਕਿਸਾਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ 

ਨੈਪੋਲੀਅਨ ਨੇ ਇਕ ਵਾਰ ਕਿਹ ਸੀ ਕਿ 'ਜੰਗ ਇਕ ਅਜਿਹੀ ਕਲਾ ਹੈ, ਜਿਸ ਵਿਚ ਵਿਉਂਤਬੰਦੀ ਤੋਂ ਬਿਨਾਂ ਜਿੱਤ ਹਾਸਲ ਨਹੀਂ ਹੋ ਸਕਦੀ।' ਇਹ ਗੱਲ ਭਾਸ਼ਣ ਉਤੇ ਪੂਰੀ ਉਤਰਦੀ ਹੈ। ਹਰ ਤਕਰੀਰ ਵਿਚ ਸਹੀ ਤਰਤੀਬ ਦਾ ਹੋਣਾ ਜ਼ਰੂਰੀ ਹੁੰਦਾ ਹੈ। ਬਿਨਾਂ ਤਰਤੀਬ ਬੁਲਾਰਾ ਭਟਕ ਸਕਦਾ ਹੈ ਅਤੇ ਸਰੋਤਿਆਂ ਨੂੰ ਕਈ ਵਾਰ ਪਤਾ ਹੀ ਨਹੀਂ ਚਲਦਾ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਪਲੈਟੋ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਭਾਸ਼ਣ ਇਕ ਜੀਵਤ ਪ੍ਰਾਣੀ ਦੀ ਤਰ੍ਹਾਂ ਹੁੰਦਾ ਹੈ, ਉਸ ਤਕਰੀਰ ਦਾ ਸਰੀਰ ਅਤੇ ਹੱਥ ਪੈਰ ਹੁੰਦੇ ਹਨ। ਇਕ ਆਰੰਭ, ਮੱਧ ਅਤੇ ਅੰਤ ਹੁੰਦਾ ਹੈ। ਇਹ ਸਾਰੇ ਇਕ ਦੂਜੇ ਨਾਲ ਜੁੜ ਕੇ ਉਸਨੂੰ ਸੰਪੂਰਨਤਾ ਦਿੰਦੇ ਹਨ। ਸੋ ਆਪਣੇ ਭਾਸ਼ਣ ਨੂੰ ਹਮੇਸ਼ਾ ਤਿੰਨ ਹਿੱਸਿਆਂ ਵਿਚ ਵੰਡ ਕੇ ਦੇਣਾ ਚਾਹੀਦਾ ਹੈ। ਆਰੰਭ, ਮੱਧ ਅਤੇ ਅੰਤ। ਜੇ 30 ਮਿੰਟ ਦਾ ਭਾਸ਼ਣ ਹੈ ਤਾਂ ਪਹਿਲੇ 4-5 ਮਿੰਟ ਵਿਚ ਸ਼ੁਰੂਆਤ ਕੀਤੀ ਜਾਵੇ। ਫਿਰ 20 ਮਿੰਟ ਵਿਚ ਭਾਸ਼ਣ ਦਾ ਵਿਚਕਾਰਲਾ ਹਿੱਸਾ ਰੱਖਿਆ ਜਾ ਸਕਦਾ ਹੈ ਅਤੇ ਅਖੀਰਲੇ ਪੰਜ ਮਿੰਟਾਂ ਵਿਚ ਭਾਸ਼ਣ ਸਮੇਟਿਆ ਜਾ ਸਕਦਾ ਹੈ। ਸ਼ੁਰੂਆਤ ਜਿੰਨੀ ਦਿਲਚਸਪ ਹੋਵੇਗੀ, ਉਨ੍ਹਾਂ ਹੀ ਸਰੋਤੇ ਤੁਹਾਡੇ ਬੋਲਾਂ ਨਾਲ ਕੀਲੇ ਜਾਣਗੇ। ਆਰੰਭ ਨੂੰ ਦਿਲਚਸਪ ਬਣਾਉਣ ਲਈ ਕੋਈ ਸਨਸਨੀਖੇਜ਼ ਤੱਥ, ਸ਼ੇਅਰ, ਕਵਿਤਾ, ਕਹਾਣੀ, ਪ੍ਰਸੰਸਾ, ਸਵਾਗਤ ਜਾਂ ਕੋਈ ਹਾਸੇ ਵਾਲੀ ਗੱਲ ਕੀਤੀ ਜਾ ਸਕਦੀ ਹੈ।

ਹਰਿਆਣਾ ਜਰਨਲਿਸਟ ਯੂਨੀਅਨ ਦੇ ਸਲਾਨਾ ਸਮਾਰੋਹ ਵਿਚ ਮੈਂ ਮੁੱਖ ਵਕਤਾ ਦੇ ਤੌਰ ਤੇ ਸ਼ਾਮਲ ਹੋਇਆ। ਮੇਰੇ ਤੋਂ ਬਾਅਦ ਬੋਲਣ ਵਾਲੇ ਹਰਿਆਣਾ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਮੰਤਰੀ ਰਾਓ ਵਰਿੰਦਰ ਸਿੰਘ ਸਨ। ਉਨ੍ਹਾਂ ਆਪਣਾ ਭਾਸ਼ਣ ਇਉਂ ਸ਼ੁਰੂ ਕੀਤਾ।

''ਆਪ ਕੋ ਪਤਾ ਹੈ ਡਾ. ਵਾਲੀਆ ਸਾਹਿਬ ਮੇਰੇ ਸਾਢੂ ਹੈਂ।''

ਮੇਰੇ ਸਮੇਤ ਸਾਰੇ ਸਰੋਤੇ ਹੈਰਾਨ ਸਨ। ਮੈਂ ਵੀ ਹੈਰਾਨ ਸੀ ਮੈਂ ਤਾਂ ਪਹਿਲੀ ਵਾਰ ਮਿਲ ਰਿਹਾ ਸੀ। ਉਹ ਅੱਗੇ ਕਹਿਣ ਲੱਗੇ ''ਆਪ ਹੈਰਾਨ ਕਿਉਂ ਹੋ ਰਹੇ ਹੋ। ਮੈਨੇ ਆਪਕੋ ਬਤਾਇਆ ਹੈ ਕਿ ਡਾ. ਵਾਲੀਆ ਮੇਰੇ ਸਾਢੂ ਹੈਂ। ਕੈਸੇ, ਅਬ ਮੈਂ ਆਪ ਕੋ ਬਤਾਤਾ ਹੂੰ। ਯੇ ਜਬ ਵੀ ਬੋਲਤੇ ਹੈਂ ਦਿਲ ਸੇ ਬੋਤਲੇ ਹੈਂ ਔਰ ਮੈਂ ਵੀ ਜਬ ਬੋਲਤਾ ਹੂੰ ਦਿਲ ਸੇ ਬੋਲਤਾ ਹੂੰ। ਹੂਏ ਨਾ ਹਮ ਸਾਢੂ।'' ਇਸ ਤਰ੍ਹਾਂ ਦਾ ਆਰੰਭ ਸਰੋਤਿਆਂ ਨੂੰ ਜਿੱਥੇ ਹਸਾਉਂਦਾ ਹੈ, ਉਥੇ ਉਨ੍ਹਾਂ ਨੂੰ ਆਪਣੇ ਨਾਲ ਤੋਰਨ ਵਿਚ ਕਾਮਯਾਬ ਹੋ ਜਾਂਦਾ ਹੈ। ਤਕਰੀਰ ਦਾ ਮੱਧ ਬਹੁਤ ਅਹਿਮ ਹਿੱਸਾ ਹੁੰਦਾ ਹੈ, ਜਿੱਥੇ ਵਕਤਾ ਆਪਣੀ ਤਰਕ ਅਤੇ ਦਲੀਲ ਨਾਲ ਸਰੋਤਿਆਂ ਨੂੰ ਆਪਣੀ ਗੱਲ ਸਮਝਾਉਣ ਵਿਚ ਕਾਮਯਾਬ ਹੁੰਦਾ ਹੈ। ਤਕਰੀਰ ਦਾ ਅੰਤ ਤੀਰ ਦੀ ਨੋਕ ਵਾਂਗ ਹੋਣਾ ਚਾਹੀਦਾ ਹੈ। ਜੋ ਸਰੋਤਿਆਂ ਦੇ ਦਿਲ ਨੂੰ ਚੀਰਨ ਦੀ ਸਮਰੱਥਾ ਰੱਖਦਾ ਹੋਵੇ। ਅੰਤ ਵਿਚ ਕੋਈ ਸੁਝਾਅ ਦਿੱਤਾ ਜਾ ਸਕਦਾ ਹੈ। ਕੋਈ ਸ਼ੇਅਰ ਸੁਣਾਇਆ ਜਾ ਸਕਦਾ ਹੈ। ਕੋਈ ਸਵਾਲ ਖੜ੍ਹਾ ਕੀਤਾ ਜਾ ਸਕਦਾ ਹੈ। ਧੰਨਵਾਦ ਦੇ ਬੋਲ ਬੋਲੇ ਜਾ ਸਕਦੇ ਹਨ। ਤੱਥਾਂ ਦਾ ਨਿਚੋੜ ਦਿੱਤਾ ਜਾ ਸਕਦਾ ਹੈ।

ਆਤਮ ਵਿਸ਼ਵਾਸ ਵਕਤੇ ਦੀ ਸੰਚਾਰ ਕਲਾ ਨੂੰ ਨਿਖਾਰਦਾ ਹੈ। ਜਿਸ ਬੁਲਾਰੇ ਕੋਲ ਸਮੱਗਰੀ ਦਾ ਭੰਡਾਰ ਹੋਵੇਗਾ, ਉਸ ਵਿਚ ਆਤਮ ਵਿਸ਼ਵਾਸ ਖੁਦ ਬ ਖੁਦ ਆ ਜਾਵੇਗਾ। ਸਹੀ ਅੰਕੜੇ, ਸਹੀ ਸਮੱਗਰੀ ਅਤੇ ਸਹੀ ਵਿਉਂਤਬੰਦੀ ਤੋਂ ਬਾਅਦ ਤੀਸਰਾ 'ਸੀ' ਸੰਚਾਰ ਕਲਾ ਦਾ ਹੈ। ਤਕਰੀਰ ਦੇਣ ਸਮੇਂ ਆਵਾਜ਼ ਦੇ ਉਤਰਾਅ ਚੜ੍ਹਾਅ ਦਾ ਆਪਣਾ ਵੱਖਰਾ ਪ੍ਰਭਾਵ ਹੁੰਦਾ ਹੈ। ਕਿਸ ਨੁਕਤੇ ਨੂੰ ਉੱਚੀ ਆਵਾਜ਼ ਵਿਚ ਜ਼ੋਰ ਦੇ ਕੇ ਬੋਲਣਾ ਹੈ ਅਤੇ ਕਿਸੇ ਵੇਲੇ ਆਵਾਜ਼ ਧੀਮੀ ਕਰਨੀ ਹੈ। ਚੰਗਾ ਬੁਲਾਰਾ ਬਾਖੂਬੀ ਜਾਣਦਾ ਹੁੰਦਾ ਹੈ। ਭਾਸ਼ਣ ਦੌਰਾਨ ਵਕਫਾ ਜਾਂ ਚੁੱਪ ਰਹਿਣਾ ਵੀ ਪ੍ਰਭਾਵਸ਼ਾਲੀ ਹੁੰਦਾ ਹੈ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਇਸ ਕਲਾ ਦਾ ਉਪਯੋਗ ਕਰਨ ਵਿਚ ਮਾਹਿਰ ਸਨ। ਚੰਗੀ ਸੰਚਾਰਸ਼ੀਲਤਾ ਲਈ ਭਾਸ਼ਣ ਦਾ ਨਾਟਕੀਕਰਨ ਵੀ ਕਰਨਾ ਤਕਰੀਰ ਨੂੰ ਦਿਲਚਸਪ ਬਣਾਉਂਦਾ ਹੈ। ਤਕਰੀਰ ਕਰਨ ਤੋਂ ਪਹਿਲਾਂ ਸਰੋਤਿਆਂ ਤੇ ਨਿਗ੍ਹਾ ਮਾਰ ਲੈਣੀ ਚਾਹੀਦੀ ਹੈ।

ਸਰੋਤਿਆਂ ਦੀ ਦਿਲਚਸਪੀ ਦੀ ਗੱਲ ਜ਼ਿਆਦਾ ਪ੍ਰਭਾਵ ਰੱਖਦੀ ਹੈ। ਸਰੋਤਿਆਂ ਦੀ ਪ੍ਰਸੰਸਾ ਵੀ ਭਾਸ਼ਣ ਦੇ ਪ੍ਰਭਾਵ ਨੂੰ ਵਧਾਉਂਦੀ ਹੈ। ਸਾਹਮਣੇ ਬੈਠੇ ਸਰੋਤਿਆਂ ਦੀ ਸਿੱਧੇ ਤੌਰ ਤੇ ਨਿੰਦਾ ਅਤੇ ਆਲੋਚਨਾ ਕਰਨ ਨਾਲ ਸਰੋਤੇ ਨਰਾਜ਼ ਹੋ ਜਾਂਦੇ ਹਨ।

ਫਰੀਦਕੋਟ ਲਾਗੇ ਚੰਦਬਾਜ਼ਾ ਪਿੰਡ ਵਿਚ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਵਲੋਂ 40 ਪਿੰਡਾਂ ਤੋਂ ਆਏ ਲੋਕਾਂ ਦੇ ਇਕੱਠ ਵਿਚ ਜਿੱਥੇ ਮੈਡੀਕਲ ਕੈਂਪ ਚੱਲ ਰਿਹਾ ਸੀ, ਉਥੇ ਇਥ ਸੈਮੀਨਾਰ ਵੀ ਹੋ ਰਿਹਾ ਸੀ। ਜਿਸ ਦੀ ਪ੍ਰਧਾਨਗੀ ਲਈ ਮੈਨੂੰ ਬੁਲਾਇਆ ਗਿਆ ਸੀ। ਬੁਲਾਰਿਆਂ ਵਿਚ ਭਗਤ ਪੂਰਨ ਸਿੰਘ ਪਿੰਗਲਵਾੜੇ ਤੋਂ ਡਾ. ਇੰਦਰਜੀਤ ਕੌਰ, ਇੰਗਲੈਂਡ ਰੋਕੋ ਕੈਂਸਰ ਦੇ ਕੁਲਵੰਤ ਧਾਲੀਵਾਲ ਅਤੇ ਦੁਬਈ ਤੋਂ ਸਮਾਜ ਸੇਵਕ ਸ. ਐੱਸ. ਪੀ. ਸਿੰਘ ਉਬਰਾਏ ਸ਼ਾਮਲ ਸਨ। ਕੁਲਵੰਤ ਧਾਲੀਵਾਲ ਨੇ ਬੋਲਣਾ ਸ਼ੁਰੂ ਕੀਤਾ।

''ਸਿੱਖ ਕੌਮ ਗਰਕ ਗਈ ਹੈ। ਮੈਂ ਤੁਹਾਨੂੰ ਜ਼ੀਰੋ ਨੰਬਰ ਦਿੰਦਾ ਹਾਂ। ਹੁਣ ਤੁਸੀਂ ਕਿਸੇ ਕੰਮ ਦੇ ਨਹੀਂ ਰਹੇ। ਕੰਮ ਕਰਨ ਦੀ ਬਜਾਏ ਵਿਦੇਸ਼ਾਂ ਨੂੰ ਦੌੜ ਰਹੇ ਹੋ। ਪੰਜਾਬ ਵਿਚ ਹਰ ਪੱਧਰ ਤੇ ਗਿਰਾਵਟ ਆ ਰਹੀ ਹੈ।'' ਉਸਦੀਆਂ ਗੱਲਾਂ ਸੁਣ ਕੇ ਸਰੋਤੇ ਮਨ ਹੀ ਮਨ ਵਿਚ ਨਰਾਜ਼ ਹੋ ਰਹੇ ਸਨ। ਇਸ ਤਰ੍ਹਾਂ ਦੇ ਭਾਸ਼ਣ ਕਰਨ ਤੋਂ ਬਚਣ ਦੀ ਲੋੜ ਹੁੰਦੀ ਹੈ। ਜੇ ਅਜਿਹਾ ਕਹਿਣਾ ਵੀ ਹੋਵੇ ਤਾਂ ਸਕਾਰਾਤਮਕ ਤਰੀਕੇ ਨਾਲ ਕਹਿਣਾ ਚਾਹੀਦਾ ਹੈ। ਜਿਵੇਂ 'ਸਾਨੂੰ ਪੰਜਾਬ ਅਤੇ ਸਿੱਖੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਪਲੀਤ ਹੋ ਰਹੇ ਵਾਤਾਵਰਣ ਵੱਲ ਧਿਆਨ ਦੇਣਾ ਜ਼ਰੂਰੀ ਹੈ।''

ਚੰਗਾ ਵਕਤਾ ਕਦੇ ਵੀ ਪੜ੍ਹ ਕੇ ਤਕਰੀਰ ਨਹੀਂ ਕਰਦਾ। ਹੋ ਸਕੇ ਤਾਂ ਹਮੇਸ਼ਾ ਬਿਨਾਂ ਪੜ੍ਹੇ ਭਾਸ਼ਣ ਦਿਓ। ਕਈ ਵਾਰ ਕਈ ਵਕਤੇ ਨੋਟਿਸ ਬਣਾ ਕੇ ਲੈ ਜਾਂਦੇ ਹਨ। ਇਹ ਵਿਧੀ ਵੀ ਪ੍ਰਭਾਵ ਨੂੰ ਘਟਾਉਂਦੀ ਹੈ। ਬਿਨਾਂ ਪੜ੍ਹੇ ਸਰੋਤਿਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲਣ ਦਾ ਪ੍ਰਭਾਵ ਹੀ ਵੱਖਰਾ ਹੁੰਦਾ ਹੈ। ਸਰੋਤਿਆਂ ਦੀ ਸਰੀਰਕ ਭਾਸ਼ਾ ਨੂੰ ਪੜ੍ਹ ਕੇ ਬੋਲਣ ਵਾਲੇ ਹਮੇਸ਼ਾ ਸਫਲ ਬੁਲਾਰੇ ਹੁੰਦੇ ਹਨ। ਭਾਸ਼ਣ ਨੂੰ ਇਕ ਚਾਟ ਵਾਂਗ ਸਮਝੋ ਜਿਵੇਂ ਇਕ ਸਵਾਦੀ ਚਾਟ ਵਿਚ ਲੂਣ, ਮਿਰਚ, ਮਸਾਲਾ ਅਤੇ ਚਟਣੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਕ ਚੰਗੇ ਭਾਸ਼ਣ ਵਿਚ ਹਾਸਾ, ਭਾਵੁਕਤਾ, ਸੁਝਾਓ, ਸਲਾਹ, ਚਿਤਾਵਨੀ, ਪ੍ਰਸੰਸਾ ਅਤੇ ਵਡਿਆਈ, ਸ਼ੇਅਰ, ਸਲੋਕ, ਟੋਟਕੇ, ਚੁਟਕਲੇ ਅਤੇ ਅਖਾਣ ਸ਼ਾਮਲ ਹੁੰਦੇ ਹਨ। ਸਫਲ ਬੁਲਾਰਾ ਬਣਨ ਲਈ ਚੰਗੀ ਸ਼ਖਸੀਅਤ ਅਤੇ ਵਿਸ਼ਵਾਸਯੋਗਤਾ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ। ਪੰਜਾਬ ਦੇ ਕਈ ਸਿਆਸੀ ਲੀਡਰ ਛਾਲਾਂ ਮਾਰ ਕੇ ਕਦੇ ਇਕ ਪਾਰਟੀ ਅਤੇ ਕਦੇ ਦੂਜੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ। ਅਜਿਹੇ ਲੀਡਰ ਬੁਲਾਰੇ ਤਾਂ ਵਧੀਆ ਹਨ ਪਰ ਲੋਕ ਉਹਨਾਂ ਦਾ ਪ੍ਰਭਾਵ ਨਹੀਂ ਕਬੂਲਦੇ। ਨੁਕਤਾ ਸਪਸ਼ਟ ਹੈ ਕਿ ਪ੍ਰਭਾਵਸ਼ਾਲੀ ਬੁਲਾਰਾ ਉਹੀ ਹੈ, ਜਿਸਦੀ ਸ਼ਖਸੀਅਤ ਸਾਫ ਸੁਥਰੀ ਹੋਵੇ। ਜੋ ਸੱਚ ਬੋਲੇ ਅਤੇ ਸੱਚ ਨੂੰ ਜਿਊਣ ਦੀ ਕੋਸ਼ਿਸ ਕਰੇ।

ਅੱਜ ਦੇ ਯੁੱਗ ਵਿਚ ਹਰ ਖੇਤਰ ਵਿਚ ਸਫਲਤਾ ਲਈ ਇਕ ਚੰਗਾ ਵਕਤਾ ਹੋਣਾ ਜ਼ਰੂਰੀ ਹੁੰਦਾ ਹੈ। ਜੋ ਸੰਤ ਵਧੀਆ ਕਥਾ ਕਰਦਾ ਹੈ, ਉਸਦੀ ਮਾਨਤਾ ਜ਼ਿਆਦਾ ਹੁੰਦੀ ਹੈ। ਜੋ ਨੇਤਾ ਵਧੀਆ ਬੋਲਦਾ ਹੈ, ਉਸਦੀ ਮੰਗ ਜ਼ਿਆਦਾ ਹੁੰਦੀ ਹੈ। ਮਾਰਕੀਟਿੰਗ ਵਿਚ ਵੀ ਚੰਗੇ ਬੁਲਾਰਿਆਂ ਦੀ ਮੰਗ ਹੈ। ਵਧੀਆ ਅਧਿਆਪਕ ਵਿਦਿਆਰਥੀਆਂ ਵਿਚ ਹਰਮਨ ਪਿਆਰਾ ਹੁੰਦਾ ਹੈ।

ਸੋ ਸਫਲਤਾ ਲਈ ਭਾਸ਼ਣ ਕਲਾ ਵਿਚ ਮਾਹਿਰ ਹੋਣਾ ਜ਼ਰੂਰੀ ਬਣ ਗਿਆ ਹੈ। ਜੇ ਤੁਸੀਂ ਅਜੇ ਭਾਸ਼ਣ ਕਲਾ ਵਿਚ ਮਾਹਿਰ ਨਹੀਂ ਬਣੇ ਤਾਂ ਅੱਜ ਤੋਂ ਹੀ ਤਿਆਰੀ ਆਰੰਭ ਦੇਵੋ। ਸ਼ੀਸ਼ੇ ਨੂੰ ਆਪਣਾ ਸਾਥੀ ਬਣਾਓ, ਸਰੋਤਾ ਬਣਾਓ, ਪੜ੍ਹਨਾ ਲਿਖਣਾ ਅਤੇ ਜਾਣਕਾਰੀ ਇਕੱਤਰ ਕਰਨਾ ਸ਼ੁਰੂ ਕਰੋ। ਭਾਸ਼ਾ ਵਿਚ ਅਮੀਰ ਹੋਣ ਲਈ ਉਪਰਾਲਾ ਕਰਨਾ ਸ਼ੁਰੁ ਕਰੋ। ਇਰਾਦਾ ਦ੍ਰਿੜ੍ਹ ਬਣਾਓ, ਆਤਮ ਵਿਸ਼ਵਾਸ ਨਾਲ ਮੰਚ ਤੇ ਚੜ੍ਹੋ। ਸਰੋਤਿਆਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਬੋਲਣਾ ਸ਼ੁਰੂ ਕਰ ਦੇਵੋ। ਉਹ ਦਿਨ ਦੂਰ ਨਹੀਂ ਜਦੋਂ ਤੁਹਾਡਾ ਨਾਮ ਚੰਗੇ ਬੁਲਾਰਿਆਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ। ਭਾਸ਼ਣ ਕਰਨਾ ਸਾਈਕਲ ਚਲਾਉਣ ਵਾਂਗ ਹੈ ਜਾਂ ਤੈਰਨ ਵਾਂਗ। ਬੱਸ ਇਕ ਵਾਰ ਸਿੱਖ ਲਵੋ ਫਿਰ ਅਭਿਆਸ ਕਰੋ ਅਤੇ ਅਭਿਆਸ ਤੁਹਾਨੂੰ ਮਾਹਿਰ ਬਣਾ ਦੇਵੇਗਾ। ਇਹ ਮੇਰੀ ਇੱਛਾ ਵੀ ਹੈ ਅਤੇ ਅਰਦਾਸ ਵੀ।


author

rajwinder kaur

Content Editor

Related News