ਕਾਰ ''ਚ ਲਿਜਾ ਰਿਹਾ ਸੀ ਚਾਈਨਾ ਡੋਰ, ਪੁਲਸ ਨੇ 75 ਗੱਟੂ ਤੇ 2 ਲੱਖ ਦੀ ਨਕਦੀ ਸਣੇ ਦਬੋਚਿਆ
Friday, Jan 27, 2023 - 12:39 AM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਦੇ ਚਲਦਿਆਂ ਵੀਰਵਾਰ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੀ ਪੁਲਸ ਨੇ ਇਕ ਵਿਅਕਤੀ ਨੂੰ 75 ਗੱਟੂ ਚਾਈਨਾ ਡੋਰ, 2 ਲੱਖ ਦੀ ਨਕਦੀ ਤੇ 1 ਕਾਰ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਵੀ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚਾਈਨਾ ਡੋਰ ਵੇਚਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : "ਭਾਰਤ ਸਦਾ ਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਰਿਣੀ ਰਹੇਗਾ"
ਥਾਣਾ ਮੁਖੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਆਤਮਾ ਸਿੰਘ ਪੁਲਸ ਪਾਰਟੀ ਨਾਲ ਗਸ਼ਤ 'ਤੇ ਸਨ ਅਤੇ ਸ਼ੱਕੀ ਪੁਰਸ਼ਾਂ ਦੀ ਭਾਲ 'ਚ ਵਿਸ਼ਵਕਰਮਾ ਚੌਕ ਦੇ ਕੋਲ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਡੋਰ ਅਤੇ ਪਤੰਗ ਵੇਚਣ ਦਾ ਧੰਦਾ ਕਰਦਾ ਹੈ ਅਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਆਪਣੀ ਸੈਂਟਰੋ ਕਾਰ ਨੰ. PB 37 B 5570 'ਚ ਲੋਡ ਕਰਕੇ ਚਾਈਨਾ ਡੋਰ ਬੈਨ ਹੋਣ ਕਰਕੇ ਉਸ ਦੇ ਰੈਪਰ ਬਦਲ ਕੇ ਫਿਰੋਜ਼ਪੁਰ ਵੱਲੋਂ ਆ ਰਿਹਾ ਹੈ, ਜੇਕਰ ਤੁਰੰਤ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ।
ਇਹ ਵੀ ਪੜ੍ਹੋ : ਯੂਕੇ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਡਨ ਭਾਰਤੀ ਅੰਬੈਸੀ ਦੇ ਬਾਹਰ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਨਾਕਾਬੰਦੀ ਕਰਕੇ ਉਕਤ ਵਿਅਕਤੀ ਲੱਕੀ ਪੁੱਤਰ ਰਮੇਸ਼ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਸਮੇਤ ਉਸ ਦੀ ਗੱਡੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਗੱਡੀ ਵਿੱਚੋਂ 75 ਗੱਟੂ ਚਾਈਨਾ ਡੋਰ ਅਤੇ 2 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ, ਜਿਸ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਥਾਣਾ ਗੁਰੂਹਰਸਹਾਏ 'ਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।