4 ਸ਼ੱਕੀ ਨੌਜਵਾਨ ਹਥਿਆਰਾਂ ਸਮੇਤ ਕਾਬੂ
Wednesday, Jun 27, 2018 - 01:27 AM (IST)
ਰੂਪਨਗਰ, (ਵਿਜੇ)- ਸੀ. ਆਈ. ਏ. ਸਟਾਫ ਰੂਪਨਗਰ ਨੇ 4 ਨੌਜਵਾਨਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਏ. ਐੱਸ. ਪੀ. ਦੇ ਨਿਰਦੇਸ਼ਾਂ ਅਨੁਸਾਰ ਪਿੰਡ ਕਟਲੀ ਦੀ ਪੁਲੀ ’ਤੇ ਰਾਤ ਸਮੇਂ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਬਲੈਰੋ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਕਾਰ ਸਵਾਰ ਸ਼ੱਕੀ ਨੌਜਵਾਨਾਂ ਕੋਲ ਕਮਾਨੀਦਾਰ ਚਾਕੂ, ਇਕ ਤਲਵਾਰ ਤੇ ਲੋਹੇ ਦੀ ਰਾਡ ਬਰਾਮਦ ਹੋਈ। ਉਕਤ ਗੱਡੀ ਦੇ ਨੰਬਰ ਨੂੰ ਟਰੇਸ ਕਰਵਾਇਆ ਤਾਂ ਵਾਹਨ ਦੀ ਆਰ. ਸੀ. ਰਾਮ ਨਾਥ ਭਗਤ ਨਿਵਾਸੀ ਮਾਣਕਪੁਰ ਦੇ ਨਾਂ ਸੀ। ਉਕਤ ਨੌਜਵਾਨਾਂ ਦੀ ਪਛਾਣ ਪਰਮਵੀਰ ਸਿੰਘ ਉਰਫ ਪੰਮਾ ਪੁੱਤਰ ਭਜਨ ਸਿੰਘ ਨਿਵਾਸੀ ਪਿੰਡ ਢਾਹੇ ਸ੍ਰੀ ਅਨੰਦਪੁਰ ਸਾਹਿਬ, ਭਜਨ ਸਿੰਘ ਉਰਫ ਭੱਜੀ ਪੁੱਤਰ ਲਕਸ਼ਮੀ ਚੰਦ ਨਿਵਾਸੀ ਦਡ਼ੌਲੀ, ਮਨਿੰਦਰ ਸਿੰਘ ਉਰਫ ਮਨੀ ਪੁੱਤਰ ਹਰਜੀਤ ਸਿੰਘ ਨਿਵਾਸੀ ਢਾਹਾਂ (ਨੂਰਪੁਰਬੇਦੀ), ਧੀਰਜ ਕੁਮਾਰ ਪੁੱਤਰ ਬਿਸ਼ਨ ਦਾਸ ਨਿਵਾਸੀ ਪਿੰਡ ਭਨੂਪਲੀ (ਨੰਗਲ) ਵਜੋਂ ਹੋਈ।
ਪੁਲਸ ਮੁਤਾਬਿਕ ਉਕਤ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਨੇ ਦੋਸ਼ੀਆਂ ’ਤੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਸ ਪਾਰਟੀ ’ਚ ਏ.ਐੱਸ.ਆਈ. ਹਰਬਖਸ਼ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਹਿੰਮਤ ਸਿੰਘ ਸਪੈਸ਼ਲ ਕ੍ਰਾਈਮ ਬ੍ਰਾਂਚ ਮੁਲਾਜ਼ਮ ਮੁੱਖ ਰੂਪ ’ਚ ਮੌਜੂਦ ਸਨ।
