1 ਲੱਖ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫਤਾਰ
Tuesday, Aug 07, 2018 - 02:04 AM (IST)

ਪਟਿਆਲਾ(ਬਲਜਿੰਦਰ, ਹਰਵਿੰਦਰ)-ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਦੇਰ ਸ਼ਾਮ ਪੰਚਾਇਤ ਸਕੱਤਰ ਰਾਜਪੁਰਾ ਅਮਰੀਕ ਸਿੰਘ ਨੂੰ 1 ਲੱਖ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਵਿਜੀਲੈਂਸ ਬੀ. ਡੀ. ਪੀ. ਓ. ਰਾਜਪੁਰਾ ਸ਼ਵਿੰਦਰ ਸਿੰਘ ਅਤੇ ਅਮਰੀਕ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਵਿਚ ਦੋਵਾਂ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ। ਬੀ. ਡੀ. ਪੀ. ਓ. ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਮੁਤਾਬਕ ਇਸ ਸਬੰਧੀ ਅਮੋਲਕ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲਾਡ ਵਣਜਾਰਾ ਜ਼ਿਲਾ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਰੇਤੇ ਦੀਆਂ ਸਰਕਾਰੀ ਖੱਡਾਂ ਲੈਣ ਲਈ ਪੈਸੇ ਜਮ੍ਹਾ ਕਰਵਾਏ ਸਨ। ਉਨ੍ਹਾਂ ਦੀ ਵਾਪਸੀ ਦਾ 8 ਲੱਖ 80 ਹਜ਼ਾਰ ਰੁਪਏ ਦਾ ਚੈੈੱਕ ਲੈਣ ਦੇ ਬਦਲੇ ਬੀ. ਡੀ. ਪੀ. ਓ. ਸ਼ਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਅਮਰੀਕ ਸਿੰਘ ਨੇ 1 ਲੱਖ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸੇ ਰਾਸ਼ੀ ਸਮੇਤ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਪੰਚਾਇਤ ਸਕੱਤਰ ਅਮਰੀਕ ਸਿੰਘ ਨੂੰ 1 ਲੱਖ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਸਰਕਾਰੀ ਅਤੇ ਪ੍ਰਾਈਵੇਟ ਗਵਾਹਾਂ ਦੀ ਹਾਜ਼ਰੀ ਵਿਚ ਗ੍ਰਿਫਤਾਰ ਕਰ ਲਿਆ। ਪੰਚਾਇਤ ਸਕੱਤਰ ਦੀ ਗ੍ਰਿਫਤਾਰੀ ਵਿਚ ਏ. ਐੈੱਸ. ਆਈ. ਪਵਿੱਤਰ ਸਿੰਘ, ਹੌਲਦਾਰ ਕੁੰਦਨ ਸਿੰਘ, ਹੌਲਦਾਰ ਸ਼ਾਮ ਸੁੰਦਰ, ਕਾਂਸਟੇਬਲ ਹਰਮੀਤ ਸਿੰਘ, ਕਾਰਜ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਵੀ ਅਹਿਮ ਭੂੁਮਿਕਾ ਨਿਭਾਈ।