ਪੁਲਸ ਨੇ ਹਰਿਆਣਾ ਸ਼ਰਾਬ ਸਣੇ 3 ਨੂੰ ਕੀਤਾ ਕਾਬੂ, 1 ਫਰਾਰ

Sunday, Jun 17, 2018 - 02:44 AM (IST)

ਪੁਲਸ ਨੇ ਹਰਿਆਣਾ ਸ਼ਰਾਬ ਸਣੇ 3 ਨੂੰ ਕੀਤਾ ਕਾਬੂ, 1 ਫਰਾਰ

ਤਲਵੰਡੀ ਸਾਬੋ(ਮੁਨੀਸ਼, ਗੋਰਾ ਲਾਲ)-ਪੰਜਾਬ ਪੁਲਸ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਗੋ ਚੌਕੀ ਤੇ ਗੋਨੀਆਣਾ ਪੁਲਸ ਨੇ 3 ਲੋਕਾਂ ਨੂੰ ਵੱਡੀ ਮਾਤਰਾ 'ਚ ਹਰਿਆਣਾ ਸ਼ਰਾਬ ਸਮੇਤ ਫੜਨ 'ਚ ਸਫਲਤਾ ਹਾਸਲ ਕੀਤੀ ਹੈ,ਜਦਕਿ ਇਕ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਸ ਦੀ ਚੌਕੀ ਸੀਗੋ ਦੇ ਇੰਚਾਰਜ ਮੇਜਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੀਗੋ ਬੱਸ ਸਟੈਂਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਕ ਕਾਰ ਹਰਿਆਣਾ ਵੱਲੋਂ ਆ ਰਹੀ ਸੀ ਤਾਂ ਪੁਲਸ ਨੇ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 300 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਵੱਖ-ਵੱਖ ਮਾਰਕੇ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਸ਼ਰਾਬ ਅਤੇ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਕਥਿਤ ਮੁਲਜ਼ਮਾਂ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਦਬੜੀਖਾਨਾ ਅਤੇ ਮਨਪ੍ਰੀਤ ਸਿੰਘ ਵਾਸੀ ਮੜਾਕ ਵਜੋਂ ਕੀਤੀ ਗਈ ਹੈ। ਚੌਕੀ ਸੀਗੋ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਇਹ ਲੋਕ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਵਿਚ ਵੇਚਦੇ ਸਨ। ਇਸੇ ਤਰ੍ਹਾਂ ਸਥਾਨਕ ਸ਼ਹਿਰ 'ਚੋਂ ਸ਼ਰਾਬ ਦੀ ਸਮੱਗਲਿੰਗ ਕਰਦੇ ਪਤੀ-ਪਤਨੀ 'ਚੋਂ ਪਤੀ ਨੂੰ ਸ਼ਰਾਬ ਸਮੇਤ ਮੌਕੇ 'ਤੇ ਹੀ ਪੁਲਸ ਨੇ ਕਾਬੂ ਕਰ ਲਿਆ, ਜਦੋਂ ਕਿ ਉਸ ਦੀ ਪਤਨੀ ਫਰਾਰ ਹੋ ਗਈ। ਪੁਲਸ ਅਨੁਸਾਰ ਗੋਨਿਆਣਾ ਮੰਡੀ 'ਚ ਇਕ ਮੀਆਂ-ਬੀਵੀ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨਾਲ ਜੁੜੇ ਹੋਏ ਸਨ। ਪਿਛਲੇ ਦਿਨੀਂ ਪੁਲਸ ਪਾਰਟੀ ਨੇ ਛਾਪਾ ਮਾਰ ਕੇ ਸੇਵਾ ਰਾਮ ਪੁੱਤਰ ਰਾਮਜੀ ਦਾਸ ਵਾਸੀ ਗੋਨਿਆਣਾ ਮੰਡੀ ਨੂੰ 66 ਬੋਤਲਾਂ ਠੇਕਾ ਸ਼ਰਾਬ ਦੇਸੀ ਮਾਰਕਾ ਹਰਿਆਣਾ ਸਮੇਤ ਕਾਬੂ ਕਰ ਲਿਆ, ਜਦੋਂ ਕਿ ਉਸ ਦੀ ਪਤਨੀ ਕਿਰਨਾ ਦੇਵੀ ਮੌਕੇ ਤੋਂ ਫਰਾਰ ਹੋ ਗਈ। ਪੁਲਸ ਨੇ ਉਕਤ ਦੋਵਾਂ ਖਿਲਾਫ਼ ਕੇਸ ਦਰਜ ਕਰ ਕੇ ਕਿਰਨਾ ਦੇਵੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News