2 ਕਿਲੋ ਅਫੀਮ ਤੇ 80 ਗ੍ਰਾਮ ਹੈਰੋਇਨ ਸਣੇ 4 ਗ੍ਰਿਫਤਾਰ

04/26/2018 1:10:17 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਜਸਪਾਲ)—ਨਾਰਕੋਟਿਕ ਸੈੱਲ ਫਿਰੋਜ਼ਪੁਰ ਅਤੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਅਫੀਮ ਤੇ ਹੈਰੋਇਨ ਬਰਾਮਦ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਰੇਂਜ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਏ. ਐੱਸ. ਆਈ. ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਝੋਕ ਹਰੀ ਹਰ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਪੁਲਸ ਨੇ ਇਕ ਗੱਡੀ ਨੂੰ ਰੋਕ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ 2 ਕਿਲੋ ਅਫੀਮ ਬਰਾਮਦ ਹੋਈ। ਫੜੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਬੂਟਾ ਸਿੰਘ ਦੱਸਿਆ ਹੈ, ਜਿਸ ਖਿਲਾਫ ਥਾਣਾ ਕੁਲਗੜ੍ਹੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਗੱਡੀ ਵੀ ਕਬਜ਼ੇ ਵਿਚ ਲੈ ਲਈ ਗਈ ਹੈ। ਦੂਸਰੇ ਪਾਸੇ ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਕਸ਼ਮੀਰ ਸਿੰਘ ਅਤੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਅਤੇ ਚੈਕਿੰਗ ਦੌਰਾਨ ਬਸਤੀ ਸੁੰਨਵਾ ਵਾਲੀ ਦੇ ਇਲਾਕੇ ਵਿਚ ਪੁਲਸ ਨੇ ਸਾਗਰ ਅਤੇ ਮਿੰਟੂ ਨਾਮੀ ਵਿਅਕਤੀਆਂ ਤੋਂ 15-15 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪਿੰਡ ਹਾਮਦਵਾਲਾ ਹਿਠਾੜ ਦੇ ਇਲਾਕੇ ਵਿਚ ਪੁਲਸ ਨੇ ਕਰਨੈਲ ਸਿੰਘ ਨੂੰ 50 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ ਹੈ। ਨਾਮਜ਼ਦ ਵਿਅਕਤੀਆਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ।


Related News