ਜ਼ਮਾਨਤ ''ਤੇ ਜੇਲ ਤੋਂ ਛੁੱਟਦੇ ਹੀ ਫਿਰ ਲੱਗੇ ਝਪਟਮਾਰੀ ਕਰਨ

03/17/2018 3:29:30 AM

ਲੁਧਿਆਣਾ(ਸਲੂਜਾ)-ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਪੁਲਸ ਡਵੀਜ਼ਨ ਨੰ. 5 ਅਧੀਨ ਪੈਂਦੀ ਕੋਟਰ ਮਾਰਕੀਟ ਪੁਲਸ ਨੇ ਦੋ ਅਜਿਹੇ ਮੋਬਾਇਲ ਝਪਟਮਾਰਾਂ ਨੂੰ ਦਬੋਚਣ ਦਾ ਦਾਅਵਾ ਕੀਤਾ ਹੈ, ਜੋ ਜ਼ਮਾਨਤ 'ਤੇ ਜੇਲ ਤੋਂ ਛੁੱਟਦੇ ਹੀ ਮੋਬਾਇਲ ਝਪਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ। ਪੁਲਸ ਡਵੀਜ਼ਨ ਨੰ. 5 ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਕੋਚਰ ਮਾਰਕੀਟ ਪੁਲਸ ਕੋਲੋਂ ਗਿਤੇਸ਼ ਨਾਰੰਗ ਨੇ ਰਿਪਰੋਟ ਦਰਜ ਕਰਵਾਈ ਸੀ ਕਿ ਜਦੋਂ ਉਹ ਸਾਈਕਲ 'ਤੇ ਸਵਾਰ ਹੋ ਕੇ ਟਿਊਸ਼ਨ ਪੜ੍ਹਾਉਣ ਲਈ ਜਾ ਰਿਹਾ ਸੀ ਤਾਂ ਅੰਨਪੂਰਨਾ ਚੌਕ 'ਚ ਦੋ ਨੌਜਵਾਨਾਂ ਨੇ ਉਸ ਨੂੰ ਤੇਜ਼ਧਾਰ ਚੀਜ਼ ਦਿਖਾ ਕੇ ਉਸ ਦੀ ਜੇਬ ਤੋਂ ਜ਼ਬਰਦਸਤੀ ਮੋਬਾਇਲ ਫੋਨ ਝਪਟ ਲਿਆ ਅਤੇ ਫਰਾਰ ਹੋ ਗਏ। ਚੌਕੀ ਇੰਚਾਰਜ ਕੁਲਵੰਤ ਚੰਦ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਹਰਸ਼ ਕੁਮਾਰ ਤੇ ਨਵਨੀਤ ਕੁਮਾਰ ਨਿਵਾਸੀ ਦੁੱਗਰੀ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋਂ ਸ਼ਿਕਾਇਤਕਰਤਾ ਤੋਂ ਝਪਟੇ ਮੋਬਾਇਲ ਫੋਨ ਸਮੇਤ 5 ਮੋਬਾਇਲ ਸੈੱਟ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਇਹ ਕਬੂਲਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਉਨ੍ਹਾਂ ਨੇ ਮਾਡਲ ਗ੍ਰਾਮ ਤੇ ਦੁੱਗਰੀ ਇਲਾਕੇ ਵਿਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਹ ਇਸ ਤੋਂ ਪਹਿਲਾਂ ਵੀ ਮੋਬਾਇਲ ਝਪਟਣ ਦੇ ਮਾਮਲੇ 'ਚ ਵੀ ਜੇਲ ਗਏ ਸਨ। ਚੌਕੀ ਇੰਚਾਰਜ ਕੁਲਵੰਤ ਚੰਦ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 


Related News