ਆਪਣੀ ਥਾਂ ਕਿਸੇ ਹੋਰ ਨੂੰ ਬਿਠਾ ਦਿੱਤਾ ਪ੍ਰੀਖਿਆ ''ਚ, ਦੋਵੇਂ ਵਿਦਿਆਰਥੀ ਕਾਬੂ
Tuesday, Mar 06, 2018 - 01:28 AM (IST)
ਫਿਰੋਜ਼ਪੁਰ(ਮਲਹੋਤਰਾ, ਆਵਲਾ)—ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਇਕ ਵਿਦਿਆਰਥੀ ਵੱਲੋਂ ਆਪਣੀ ਥਾਂ ਕਿਸੇ ਹੋਰ ਵਿਦਿਆਰਥੀ ਨੂੰ ਬਿਠਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸੈਂਟਰ ਸੁਪਰੀਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਖਿਲਾਫ ਪਰਚਾ ਦਰਜ ਕਰ ਕੇ ਮੌਕੇ 'ਤੇ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਏ. ਐੱਸ. ਆਈ. ਸੁਖਚੈਨ ਸਿੰਘ ਅਨੁਸਾਰ ਸਰਕਾਰੀ ਹਾਈ ਸਕੂਲ ਗੁੱਦੜ ਪੰਜਗਰਾਈਂ ਸੈਂਟਰ ਦੇ ਸੁਪਰੀਡੈਂਟ ਅਜੀਤ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸ਼ਨੀਵਾਰ ਨੂੰ 12ਵੀਂ ਦੀ ਜਨਰਲ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਸੀ। ਇਸ ਦੌਰਾਨ ਕੁਲਦੀਪ ਸਿੰਘ ਨੇ ਆਪਣੀ ਥਾਂ 'ਤੇ ਸੰਦੀਪ ਸਿੰਘ ਨੂੰ ਪ੍ਰੀਖਿਆ ਕੇਂਦਰ ਵਿਚ ਭੇਜ ਦਿੱਤਾ। ਚੈਕਿੰਗ ਵਿਚ ਸੰਦੀਪ ਸਿੰਘ ਦੇ ਫੜੇ ਜਾਣ 'ਤੇ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਵਾਇਆ। ਏ. ਐੱਸ. ਆਈ. ਨੇ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ।
