ਅਮੀਰ ਬਣਨ ਲਈ ਕਰਨ ਲੱਗੇ ਚੋਰੀਆਂ, ਦਬੋਚੇ
Sunday, Mar 04, 2018 - 05:53 AM (IST)
ਲੁਧਿਆਣਾ(ਰਿਸ਼ੀ)-ਅਮੀਰ ਬਣਨ ਲਈ 3 ਦੋਸਤ ਮਿਲ ਕੇ ਰਾਤ ਸਮੇਂ ਘਰਾਂ ਅਤੇ ਦੁਕਾਨਾਂ ਵਿਚ ਚੋਰੀਆਂ ਕਰਨ ਲੱਗ ਪਏ, ਜਿਨ੍ਹਾਂ ਨੂੰ ਸੀ. ਆਈ. ਏ. 1 ਦੀ ਪੁਲਸ ਨੇ ਦਬੋਚ ਕੇ 8 ਮਹੀਨੇ ਵਿਚ ਕੀਤੀਆਂ ਚੋਰੀ ਦੀਆਂ ਵਾਰਦਾਤਾਂ ਹੱਲ ਹੋਣ ਦਾ ਦਾਅਵਾ ਕੀਤਾ ਹੈ। ਪੁਲਸ ਨੂੰ ਉਨ੍ਹਾਂ ਦੇ ਕੋਲੋਂ ਚੋਰੀ ਦੀਆਂ 4 ਐੱਲ. ਆਈ. ਡੀਜ਼, 40 ਮੋਬਾਇਲ ਫੋਨ, ਸ਼ਟਰ ਤੋੜਨ ਵਿਚ ਵਰਤੇ ਹਥਿਆਰ ਅਤੇ ਛੋਟਾ ਹਾਥੀ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਦੋਸਤਾਂ ਦੀ ਪਛਾਣ ਮੰਗਲ ਸਿੰਘ, ਹਰਪ੍ਰੀਤ ਸਿੰਘ ਨਿਵਾਸੀ ਪਿੰਡ ਜੱਸੀਆਂ, ਪਵਨ ਕੁਮਾਰ ਨਿਵਾਸੀ ਗਿੱਲ ਚੌਕ ਵਜੋਂ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਟ੍ਰਾਂਸਪੋਰਟ ਨਗਰ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਚੋਰੀ ਦਾ ਸਾਮਾਨ ਵੇਚਣ ਜਾ ਰਹੇ ਸਨ। ਉਨ੍ਹਾਂ ਖਿਲਾਫ ਥਾਣਾ ਡਵੀਜ਼ਨ ਨੰ. 6 ਵਿਚ ਕੇਸ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮ 20 ਤੋਂ 25 ਸਾਲ ਦੇ ਦਰਮਿਆਨ ਹਨ ਅਤੇ ਅਮੀਰ ਬਣਨ ਲਈ ਚੋਰੀ ਦੀਆਂ ਵਾਰਦਾਤਾਂ ਕਰਨ ਲੱਗ ਪਏ। ਪੁਲਸ ਮੁਤਾਬਕ ਉਕਤ ਦੋਸ਼ੀਆਂ ਨੇ ਲਾਡੋਵਾਲ, ਐੱਸ. ਬੀ. ਐੱਸ. ਨਗਰ, ਡਵੀਜ਼ਨ ਨੰ. 2, 4 ਅਤੇ 6 ਦੇ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ।
ਰੋਪੜ, ਖੰਨਾ ਤੇ ਫਿਲੌਰ ਵਿਚ ਵੀ ਕੀਤੀਆਂ ਚੋਰੀਆਂ
ਪੁਲਸ ਮੁਤਾਬਕ ਸ਼ਹਿਰ ਤੋਂ ਇਲਾਵਾ ਇਨ੍ਹਾਂ ਨੇ ਰੋਪੜ, ਖੰਨਾ ਤੇ ਫਿਲੌਰ ਵਿਚ ਵੀ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਤਿੰਨੋਂ ਦੋਸਤ ਪਹਿਲੀ ਵਾਰ ਪੁਲਸ ਦੇ ਹੱਥੇ ਚੜ੍ਹੇ ਹਨ। ਜਦੋਂਕਿ ਇਨ੍ਹਾਂ ਦੇ 2 ਮੈਂਬਰ ਜੇਲ ਵਿਚ ਬੰਦ ਹਨ।
