ਬੈਂਕ ''ਚੋਂ ਸੋਨਾ ਤੇ ਬੰਦੂਕ ਚੋਰੀ ਕਰਨ ਦੇ ਦੋਸ਼ ''ਚ 1 ਗ੍ਰਿਫ਼ਤਾਰ

Sunday, Mar 04, 2018 - 05:45 AM (IST)

ਬੈਂਕ ''ਚੋਂ ਸੋਨਾ ਤੇ ਬੰਦੂਕ ਚੋਰੀ ਕਰਨ ਦੇ ਦੋਸ਼ ''ਚ 1 ਗ੍ਰਿਫ਼ਤਾਰ

ਖੰਨਾ(ਸੁਨੀਲ, ਬਿਪਨ)-ਪਿੰਡ ਰਸੂਲੜਾ ਸਥਿਤ ਆਂਧਰਾ ਬੈਂਕ 'ਚ 22 ਫਰਵਰੀ ਦੀ ਰਾਤ ਨੂੰ ਕੰਧ 'ਚ ਪਾੜ ਲਗਾ ਕੇ ਬੈਂਕ ਦੇ ਇਕ ਲਾਕਰ 'ਚੋਂ ਲਗਭਗ 12 ਤੋਲੇ ਸੋਨੇ ਦੇ ਨਾਲ-ਨਾਲ ਗਾਰਡ ਦੀ ਬੰਦੂਕ ਚੋਰੀ ਕਰਨ ਦੇ ਸੰਬੰਧ 'ਚ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਕੇਸ ਨੂੰ ਸੁਲਝਾਉਣ ਲਈ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਦੂਰ-ਅੰਦੇਸ਼ੀ ਸੋਚ ਫਿਰ ਤੋਂ ਕੰਮ ਆਈ ਤੇ ਇਹ ਅਸੰਭਵ ਕਾਰਜ ਕੁਝ ਹੀ ਦਿਨਾਂ 'ਚ ਸੰਭਵ ਹੋ ਗਿਆ ਤੇ ਪੁਲਸ ਦੇ ਹੱਥੇ ਇਕ ਕਥਿਤ ਦੋਸ਼ੀ ਲੱਗਿਆ, ਜਦਕਿ ਦੂਜਾ ਕਥਿਤ ਦੋਸ਼ੀ ਹਾਲੇ ਵੀ ਫ਼ਰਾਰ ਹੈ। ਇਸ ਸਬੰਧੀ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਇਕ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀਆਂ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਰਤਨਪਾਲੋਂ ਥਾਣਾ ਅਮਲੋਹ ਜ਼ਿਲਾ ਫਤਿਹਗੜ੍ਹ ਸਾਹਿਬ ਨੂੰ ਜਦੋਂ 3 ਮਾਰਚ ਨੂੰ ਸਮਾਂ ਕਰੀਬ 1 ਵਜੇ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ, ਸਦਰ ਐੱਸ. ਐੱਚ. ਓ. ਵਿਨੋਦ ਕੁਮਾਰ, ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਨਾਕਾਬੰਦੀ ਦੌਰਾਨ ਟੀ-ਪੁਆਇੰਟ ਰਤਨਪਾਲੋਂ ਕੋਲ ਰੋਕਿਆ ਤਾਂ ਮੋਟਰਸਾਈਕਲ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ, ਜਿਵੇਂ ਹੀ ਉਸ ਨੇ ਪੁਲਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਸਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਸਨੇ ਹੀ ਉਪਰੋਕਤ ਬੈਂਕ 'ਚ ਆਪਣੇ ਭਰਾ ਹਰਵਿੰਦਰ ਸਿੰਘ ਦੇ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਕੀ ਕਹਿਣਾ ਹੈ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਦਾ?
ਇਸ ਸਬੰਧੀ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਸ ਵਾਰਦਾਤ 'ਚ ਉਸਦਾ ਭਰਾ ਹਰਵਿੰਦਰ ਸਿੰਘ ਵੀ ਸ਼ਾਮਲ ਸੀ, ਜੋ ਹਾਲੇ ਪੁਲਸ ਦੀ ਗ੍ਰਿਫ਼ਤ 'ਚ ਨਹੀਂ ਆਇਆ। ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਚੋਰੀ ਕੀਤਾ ਗਿਆ ਸੋਨਾ ਤੇ ਬੰਦੂਕ ਘਰ 'ਚ ਪਏ ਰੇਤ ਦੇ ਢੇਰ ਹੇਠਾਂ ਲੁੱਕਾ ਕੇ ਰੱਖਿਆ ਗਿਆ ਹੈ। ਪੁਲਸ ਨੇ ਉਸਦੀ ਨਿਸ਼ਾਨਦੇਹੀ 'ਤੇ ਉਪਰੋਕਤ ਸਾਮਾਨ ਤੋਂ ਇਲਾਵਾ ਚੋਰੀ ਦੀ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਲੋਹੇ ਦਾ ਸੱਬਲ ਤੇ ਹਥੌੜਾ ਵੀ ਬਰਾਮਦ ਕਰ ਲਿਆ ਹੈ। ਡੀ. ਐੱਸ. ਪੀ. ਨੇ ਦਾਅਵਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਸਦੇ ਭਰਾ ਹਰਵਿੰਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Related News