ਲੁਟੇਰਿਆਂ ਤੋਂ 20 ਮੋਬਾਇਲ, ਹਥਿਆਰ ਤੇ ਸੋਨੇ ਦੇ ਗਹਿਣੇ ਬਰਾਮਦ

02/08/2018 6:36:31 AM

ਜਲੰਧਰ(ਪ੍ਰੀਤ, ਵਰਿੰਦਰ)-ਲਾਂਬੜਾ ਦੇ ਬਾਦਸ਼ਾਹਪੁਰ ਨੇੜੇ ਲੁੱਟ ਦੀ ਵਾਰਦਾਤ ਕਰਦਿਆਂ ਹੱਥ ਚੜ੍ਹੇ ਲੁਟੇਰਿਆਂ ਤੋਂ ਪੁਲਸ ਨੇ ਲੁੱਟ ਦੇ 20 ਮੋਬਾਇਲ, ਹਥਿਆਰ, ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਲੁਟੇਰਾ ਗਿਰੋਹ ਦਾ ਪਰਦਾਫਾਰਸ਼ ਹੋਣ 'ਤੇ ਲਾਂਬੜਾ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਿਛਲੇ ਇਕ ਮਹੀਨੇ 'ਚ ਹੋਈਆਂ ਲੁੱਟ ਦੀਆਂ ਇਕ ਦਰਜਨ ਵਾਰਦਾਤਾਂ ਹੱਲ ਹੋਈਆਂ ਹਨ। ਗਿਰੋਹ ਦਾ ਇਕ ਮੈਂਬਰ ਫਰਾਰ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦਸੂਹੇ ਤੋਂ ਲਾਂਬੜਾ ਏਰੀਆ 'ਚ ਆਪਣੀ ਭੈਣ ਦੇ ਘਰ ਜਾ ਰਹੀ ਔਰਤ ਦੀ ਚੱਲਦੇ ਮੋਟਰਸਾਈਕਲ 'ਤੇ ਲੁਟੇਰਿਆਂ ਨੇ ਹਥਿਆਰ ਲਹਿਰਾ ਕੇ ਸੋਨੇ ਦੀ ਵਾਲੀ ਝਪਟ ਲਈ। ਇਸ ਦੌਰਾਨ ਹੋਈ ਵਾਰਦਾਤ 'ਚ ਮੋਟਰ ਸਾਈਕਲ ਸਵਾਰ ਔਰਤ ਅਤੇ ਉਸ ਦਾ ਪੁੱਤਰ ਡਿੱਗ ਗਿਆ ਪਰ ਪਿੱਛਾ ਕਰਕੇ ਲੋਕਾਂ ਦੇ ਸਹਿਯੋਗ ਨਾਲ ਦੋਵੇਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪਾ ਬਾਲੀ ਨੇ ਮੌਕੇ 'ਤੇ ਪਹੁੰਚ ਕੇ ਲੁਟੇਰਿਆਂ ਨੂੰ ਹਿਰਾਸਤ 'ਚ ਲਿਆ। ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਐੱਸ. ਐੱਚ. ਓ. ਪੁਸ਼ਪ ਬਾਲੀ ਵਲੋਂ ਗ੍ਰਿਫਤਾਰ ਲੁਟੇਰੇ ਵਿਸ਼ਾਲ ਬਾਵਾ ਉਰਫ ਵਿੱਕੀ ਪੁੱਤਰ ਪ੍ਰੇਮ ਕੁਮਾਰ ਵਾਸੀ ਗ੍ਰੀਨ ਕਾਲੋਨੀ, ਬਸਤੀ ਬਾਵਾ ਖੇਲ ਤੇ ਸੰਜੀਵ ਕੁਮਾਰ ਉਰਫ ਸੋਨੂੰ ਪੁੱਤਰ ਮਦਨ ਗੋਪਾਲ ਵਾਸੀ ਗੁਰੂ ਨਾਨਕ ਨਗਰ ਭੋਗਪੁਰ ਤੋਂ ਪੁੱਛਗਿੱਛ ਕੀਤੀ ਗਈ। ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਵਿਚ ਗਿਰੋਹ ਦੇ ਤੀਸਰੇ ਸਾਥੀ ਦੀ ਪਛਾਣ ਸੰਨੀ ਪੁੱਤਰ ਮੰਗਾ ਵਾਸੀ ਸ਼ਾਹਪੁਰ, ਮਹਿਤਪੁਰ ਵਜੋਂ ਹੋਈ ਹੈ। ਸੰਨੀ ਦੀ ਭਾਲ ਕੀਤੀ ਜਾ ਰਹੀ ਹੈ। ਵਿਸ਼ਾਲ ਤੇ ਸੰਜੀਵ ਤੋਂ ਪੁੱਛਗਿਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਲੁੱਟ ਦੇ 20 ਮੋਬਾਇਲ, 64 ਗ੍ਰਾਮ ਨਸ਼ੀਲਾ ਪਾਊਡਰ, ਇਕ ਪਲਸਰ ਮੋਟਰਸਾਈਕਲ , ਹਥਿਆਰ ਤੇ ਸੋਨੇ ਦੀਆਂ ਇਕ ਜੋੜਾ ਵਾਲੀਆਂ ਬਰਾਮਦ ਕੀਤੀਆਂ ਗਈਆਂ। ਚਲਦੇ ਮੋਟਰਸਾਈਕਲ 'ਤੇ ਹੀ ਲੁੱਟ ਦੀ ਵਾਰਦਾਤ ਕਰਦਾ ਹੈ ਵਿਸ਼ਾਲ : ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਗਿਰੋਹ ਦਾ ਸਰਗਣਾ ਵਿਸ਼ਾਲ ਬਾਵਾ ਖਿਲਾਫ 3 ਕੇਸ ਦਰਜ ਹਨ। ਵਿਸ਼ਾਲ ਇਨ੍ਹਾਂ ਸ਼ਾਤਿਰ ਹੈ ਕਿ ਉਹ ਇਕੱਲਾ ਹੀ ਮੋਟਰਸਾਈਕਲ ਚਲਾਉਂਦੇ ਹੋਏ ਦੋਵੇਂ ਹੱਥ ਛੱਡ ਕੇ ਔਰਤਾਂ ਦੇ ਗਹਿਣੇ ਤੇ ਪਰਸ ਝਪਟਦਾ ਹੈ। ਮੁਲਜ਼ਮ ਵਲੋਂ ਨਸ਼ੇ ਵਾਲਾ ਪਦਾਰਥ ਸੰਜੀਵ ਕੁਮਾਰ ਤੋਂ 2300 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲਿਆ ਗਿਆ ਸੀ ਤੇ ਅੱਗੇ ਆਪਣੇ ਏਰੀਆ 'ਚ 4000 ਤੋਂ 4500 ਰੁਪਏ ਦੇ ਹਿਸਾਬ ਨਾਲ ਵੇਚ ਦਿੰਦਾ ਸੀ। ਇਸ ਤਰ੍ਹਾਂ ਗਿਰੋਹ ਦਾ ਮੈਂਬਰ ਸੰਜੀਵ ਕੁਮਾਰ ਟੈਂਟ ਦਾ ਕਾਰੋਬਾਰ ਕਰਦਾ ਹੈ। ਸੰਜੀਵ ਖੁਦ ਨਸ਼ੇ ਦਾ ਆਦੀ ਹੈ। ਨਸ਼ੇ ਦੀ ਆਦਤ ਕਾਰਨ ਪਤਨੀ ਨਾਲ ਉਸਦਾ ਤਲਾਕ ਹੋ ਚੁੱਕਾ ਹੈ। 


Related News