ਲੰਚ ਟਾਈਮ ''ਚ ਮਨੀ ਐਕਸਚੇਂਜਰਾਂ ਦੀਆਂ ਦੁਕਾਨਾਂ ਨੂੰ ਬਣਾਉਂਦੇ ਸੀ ਨਿਸ਼ਾਨਾ

Wednesday, Feb 07, 2018 - 04:24 AM (IST)

ਲੰਚ ਟਾਈਮ ''ਚ ਮਨੀ ਐਕਸਚੇਂਜਰਾਂ ਦੀਆਂ ਦੁਕਾਨਾਂ ਨੂੰ ਬਣਾਉਂਦੇ ਸੀ ਨਿਸ਼ਾਨਾ

ਲੁਧਿਆਣਾ(ਪੰਕਜ)-ਫੋਕਲ ਪੁਆਇੰਟ ਇਲਾਕੇ 'ਚ ਸਥਿਤ ਮਨੀ ਐਕਸਚੇਂਜਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ ਦੋ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਨੇ 5 ਲੈਪਟਾਪ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।  ਦੋਸ਼ੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਧਰਮਪਾਲ ਅਤੇ ਥਾਣਾ ਫੋਕਲ ਪੁਆਇੰਟ ਇੰਚਾਰਜ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ੇਰਪੁਰ ਪੁਲਸ ਚੌਕੀ ਦੇ ਇੰਚਾਰਜ 'ਤੇ ਆਧਾਰਿਤ ਟੀਮ ਨੇ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਸੂਚਨਾ ਦੇ ਆਧਾਰ 'ਤੇ ਕਾਬੂ ਕਰ ਕੇ ਜਦ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਂ ਵਿਨੋਦ ਕੁਮਾਰ ਪੁੱਤਰ ਮਹਿੰਦਰ ਸਿੰਘ ਅਤੇ ਰਜਿੰਦਰ ਕੁਮਾਰ ਉਰਫ ਸੰਨੀ ਨਿਵਾਸੀ ਪ੍ਰੀਤ ਨਗਰ ਤਾਜਪੁਰ ਰੋਡ ਦੱਸਦੇ ਹੋਏ ਕਬੂਲਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਮਨੀ ਐਕਸਚੇਂਜਰ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਦੁਕਾਨਦਾਰ ਦੀ ਗੈਰ-ਹਾਜ਼ਰੀ 'ਚ ਤਾਲਾ ਖੋਲ੍ਹ ਕੇ ਅੰਦਰ ਰੱਖੀ ਨਕਦੀ, ਲੈਪਟਾਪ ਅਤੇ ਹੋਰ ਸਾਮਾਨ ਚੋਰੀ ਕਰਦੇ ਸੀ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ ਵੱਖ-ਵੱਖ ਦੁਕਾਨਾਂ ਤੋਂ ਚੋਰੀ ਕੀਤੇ 5 ਲੈਪਟਾਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਦੋਵੇਂ ਦੋਸ਼ੀ ਬਹੁਤ ਹੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦੋਸ਼ੀ ਇਲਾਕੇ 'ਚ ਘੁੰਮ ਕੇ ਉਨ੍ਹਾਂ ਦੁਕਾਨਾਂ ਦੀ ਤਲਾਸ਼ ਕਰਦੇ ਸਨ, ਜਿਨ੍ਹਾਂ ਦਾ ਮਾਲਕ ਲੰਚ ਟਾਈਮ ਦੁਕਾਨ ਦਾ ਅੱਧਾ ਸ਼ਟਰ ਸੁੱਟ ਕੇ ਖਾਣਾ-ਖਾਣ ਜਾਂਦਾ ਸੀ। ਇਸ ਤਰ੍ਹਾਂ ਦੀਆਂ ਦੁਕਾਨਾਂ ਦੀ ਰੇਕੀ ਉਪਰੰਤ ਬੋਰਡ 'ਤੇ ਲਿਖੇ ਮੋਬਾਇਲ ਨੰਬਰ 'ਤੇ ਕਾਲ ਕਰ ਕੇ ਇਹ ਪੁੱਛਦੇ ਸਨ ਕਿ ਲੰਚ ਕਰ ਕੇ ਕਿੰਨੀ ਦੇਰ 'ਚ ਵਾਪਸ ਆਉਣਾ ਹੈ, ਜਿਸ ਦੇ ਬਾਅਦ ਉਹ ਦੁਕਾਨ ਦਾ ਲਾਕ ਡੁਪਲੀਕੇਟ ਚਾਬੀ ਨਾਲ ਖੋਲ੍ਹ ਕੇ ਅੰਦਰ ਰੱਖਿਆ ਸਾਮਾਨ ਅਤੇ ਨਕਦੀ ਚੋਰੀ ਕਰਦੇ ਸੀ ਅਤੇ ਉਸ ਦੇ ਆਉਣ ਤੋਂ ਪਹਿਲਾਂ ਫਰਾਰ ਹੋ ਜਾਂਦੇ ਸੀ। 


Related News